ਹੁਸ਼ਿਆਰਪੁਰ, (ਘੁੰਮਣ)- ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਹੁਸ਼ਿਆਰਪੁਰ ਦੇ ਕਰੀਬ 8 ਸੰਵੇਦਨਸ਼ੀਲ ਹਡ਼੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਡਰੇਨੇਜ ਵਿਭਾਗ ਨੂੰ ਸਖ਼ਤ ਹਦਾਇਤ ਕੀਤੀ ਕਿ ਸੰਭਾਵੀ ਹਡ਼੍ਹਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿਚ ਪੁਖਤਾ ਪ੍ਰਬੰਧ ਯਕੀਨੀ ਬਣਾਏ ਜਾਣ, ਤਾਂ ਜੋ ਸਬੰਧਤ ਪਿੰਡਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਇਨ੍ਹਾਂ ਦਾ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹਡ਼੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ, ਜਦਕਿ ਜ਼ਿਲਾ ਅਤੇ ਸਬ-ਡਵੀਜ਼ਨ ਪੱਧਰ ’ਤੇ ਕੰਟਰੋਲ ਰੂਮ ਵੀ ਸਥਾਪਤ ਕਰ ਲਏ ਗਏ ਹਨ।
ਸੰਵੇਦਨਸ਼ੀਲ ਹਡ਼੍ਹ ਪ੍ਰਭਾਵਿਤ ਪਿੰਡ ਬਿਛੋਹੀ ਵਿਖੇ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਨੇ ਪਿੰਡ ਵਾਸੀਆਂ ਨੂੰ ਪੁਲ ਬਣਾਉਣ ਦਾ ਭਰੋਸਾ ਦਿੱਤਾ, ਤਾਂ ਜੋ ਬਿਛੋਹੀ ਪਿੰਡ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਇਸ ’ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਾਰਜਕਾਰੀ ਇੰਜੀਨੀਅਰ ਭਵਨ ਤੇ ਨਿਰਮਾਣ ਮੰਡਲ ਹੁਸ਼ਿਆਰਪੁਰ ਨੂੰ ਐਸਟੀਮੇਟ ਬਣਾਉਣ ਦੀ ਹਦਾਇਤ ਕੀਤੀ, ਤਾਂ ਜੋ ਪੁਲ ਬਣਾ ਕੇ ਪਿੰਡ ਵਾਸੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ। ਇਸ ਤੋਂ ਇਲਾਵਾ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਇਸ ਸਮੱਸਿਆ ਦੇ ਫੌਰੀ ਹੱਲ ਲਈ ਪਿੰਡ ਬਿਛੋਹੀ ਵਿਖੇ ਪਿੰਡ ਤਾਜੇਵਾਲ ਨੂੰ ਜਾਣ ਵਾਲੇ ਕਾਜਵੇ ਦੀਆਂ ਸਲੈਬਾਂ ਨੂੰ ਜਲਦੀ ਠੀਕ ਕਰ ਕੇ ਰਸਤਾ ਮੁਡ਼ ਚਾਲੂ ਕਰਨ ਦੀ ਹਦਾਇਤ ਵੀ ਕੀਤੀ।
ਉਕਤ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਪਿੰਡ ਨਸਰਾਂ ਬੱਧਨਾਂ ਸਾਹਮਣੇ ਸਥਿਤ ਬੰਨ੍ਹ ਦੇ ਨਾਲ-ਨਾਲ ਬਰਸਾਤੀ ਪਾਣੀ ਨਾਲ ਖਿੱਲਰੇ ਪੱਥਰਾਂ ਨੂੰ ਮੁਡ਼ ਠੀਕ ਕਰਨ ਅਤੇ ਰਾਜਨੀ ਦੇਵੀ ਚੋਅ ਦੇ ਸੱਜੇ ਪਾਸੇ ਬੰਨ੍ਹ ਨੂੰ ਬਣਾਉਣ ਲਈ ਅਨੁਮਾਨ ਤਿਆਰ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਸ਼੍ਰੀਮਤੀ ਈਸ਼ਾ ਕਾਲੀਆ ਨੇ ਇਸ ਤੋਂ ਬਾਅਦ ਪਿੰਡ ਬੱਸੀ ਅਲਾਦੀਨ, ਕਿਲਾ ਸ਼ੇਰ ਖਾਨ ਅਤੇ ਪਿੰਡ ਬੱਸੀ ਜਮਾਲ ਖਾਂ, ਬੱਸੀ ਸ਼ਾਹ ਮੁਹੰਮਦ ਦਾ ਦੌਰਾ ਕੀਤਾ ਅਤੇ ਡਰੇਨੇਜ ਵਿਭਾਗ ਨੂੰ ਹਦਾਇਤ ਕੀਤੀ ਕਿ ਇਥੇ ਮਜ਼ਬੂਤ ਬੰਨ੍ਹ ਲਾਉਣ ਦੇ ਪ੍ਰਬੰਧ ਕੀਤੇ ਜਾਣ, ਤਾਂ ਜੋ ਕਿਸਾਨ ਵਾਹੀਯੋਗ ਜ਼ਮੀਨ ਵਿਚ ਚੋਅ ਦੇ ਪਾਣੀ ਨਾਲ ਆਉਣ ਵਾਲੀ ਰੇਤਾ ਦੇ ਨੁਕਸਾਨ ਤੋਂ ਬਚ ਸਕਣ।
ਇਸ ਉਪਰੰਤ ਉਨ੍ਹਾਂ ਪਿੰਡ ਬੱਸੀ ਕਲਾਂ ਵਿਖੇ ਚੋਅ ਵਿਚ ਬਣੇ ਕਾਜ਼ਵੇ ਦੀ ਹਾਲਤ ਦੇਖੀ ਅਤੇ ਹਦਾਇਤ ਕੀਤੀ ਕਿ ਇਸ ਦੇ ਹੇਠਲੇ ਪਾਸਿਓਂ ਪੱਥਰਾਂ ਦੇ ਕਰੇਟਾਂ ਵਿਚੋਂ ਨਿਰਮਾਣ ਸਮੱਗਰੀ, ਪੱਥਰ ਆਦਿ ਜਲਦੀ ਦਰੁਸਤ ਕੀਤੇ ਜਾਣ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਸੰਵੇਦਨਸ਼ੀਲ ਹਡ਼੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਧੋਬੀ ਘਾਟ ਕਾਜ਼ਵੇ ਤੋਂ ਸ਼ੁਰੂ ਕੀਤਾ ਅਤੇ ਇਸ ਮੌਕੇ ਉਨ੍ਹਾਂ ਸਬੰਧਤ ਵਿਭਾਗ ਨੂੰ ਨਸਰਾਲਾ ਚੋਅ ਦੇ ਬੰਨ੍ਹਾਂ ਨੂੰ ਹਡ਼੍ਹਾਂ ਦੀ ਮਾਰ ਤੋਂ ਬਚਾਉਣ ਲਈ ਉਚਿਤ ਪ੍ਰਬੰਧ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਪਿੰਡ ਮਾਂਝੀ ਨੇਡ਼ੇ ਨਸਰਾਲਾ ਚੋਅ ’ਤੇ ਬਣੇ ਕਾਜ਼ਵੇ ਸਬੰਧੀ ਹਦਾਇਤ ਕੀਤੀ ਕਿ ਇਥੇ ਵੀ ਮਜ਼ਬੂਤ ਬੰਨ੍ਹ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਕਿਸਾਨਾਂ ਦੀ ਵਾਹੀਯੋਗ ਜ਼ਮੀਨ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ। ਇਸ ਮੌਕੇ ਆਈ. ਏ. ਐੱਸ. (ਅੰਡਰ ਟਰੇਨਿੰਗ) ਗੌਤਮ ਜੈਨ, ਐੱਸ. ਡੀ. ਐੱਮ. ਹੁਸ਼ਿਆਰਪੁਰ ਆਰ.ਪੀ. ਸਿੰਘ, ਐਕਸੀਅਨ ਡਰੇਨੇਜ ਸੁਖਵਿੰਦਰ ਸਿੰਘ ਕਲਸੀ, ਜ਼ਿਲਾ ਮਾਲ ਅਫ਼ਸਰ ਰਾਜੀਵ ਪਾਲ, ਉਪ ਮੰਡਲ ਅਫ਼ਸਰ ਮਹਾਂ ਸਿੰਘ, ਸਹਾਇਕ ਇੰਜੀਨੀਅਰ ਪੰਕਜ ਬਾਲੀ ਅਤੇ ਹਰੀ ਸ਼ਰਨ ਗੌਤਮ ਤੋਂ ਇਲਾਵਾ ਸ਼ਾਮ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸਰਪੰਚ ’ਤੇ ਲੱਖਾਂ ਦੀ ਰਕਮ ਖੁਰਦ-ਬੁਰਦ ਕਰਨ ਦੇ ਦੋਸ਼ ’ਚ ਕੇਸ ਦਰਜ
NEXT STORY