ਪਾਤੜਾਂ (ਸੁਖਦੀਪ ਸਿੰਘ ਮਾਨ) : ਭਾਵੇਂ ਹੜ੍ਹ ਪੀੜਤ ਇਲਾਕਿਆਂ ਵਿਚ ਇਕ ਦੋ ਕਿਸ਼ਤੀਆਂ ਦੇਣ ਵਾਲੇ ਸ਼ੋਸਲ ਮੀਡੀਆ 'ਤੇ ਛਾਏ ਹੋਏ ਹਨ ਪਰ ਕਪੂਰਥਲੇ ਦਾ ਇਹ ਸ਼ਖਸ ਪ੍ਰਿਤਪਾਲ ਸਿੰਘ ਹੰਸਪਾਲ ਅਲੋਪ ਕਿਉਂ ਹੈ, ਜਿਸਨੇ ਹੜ੍ਹ ਪੀੜਤਾਂ ਨੂੰ 150 ਦੇ ਕਰੀਬ ਕਿਸ਼ਤੀਆਂ ਚੁੱਪ ਕੀਤੇ ਭੇਜ ਦਿੱਤੀਆਂ। ਇੰਨੇ ਵੱਡੇ ਦਾਨਵੀਰ ਦੀ ਕਿਸੇ ਪਾਸੇ ਕੋਈ ਚਰਚਾ/ਖ਼ਬਰ ਨਹੀਂ ਆਈ। ਜਿਸਨੇ ਆਪਣੇ ਸਾਰੇ ਕੰਮਕਾਜ਼ ਰੋਕ ਕੇ ਪੰਜਾਬ ਸਿਉਂ ਦੀ ਮੱਦਦ ਕੀਤੀ ਫ਼ਿਰ ਅਲੋਪ ਕਿਉਂ। ਤਿੰਨ ਭਰਾ ਨੇ ਪ੍ਰਿਤਪਾਲ ਸਿੰਘ ਹੰਸਪਾਲ, ਦਵਿੰਦਰਪਾਲ ਸਿੰਘ ਹੰਸਪਾਲ ਅਤੇ ਸੁਖਵਿੰਦਰਪਾਲ ਸਿੰਘ ਮਿਲ ਕੇ ਹੰਸਪਾਲ ਟ੍ਰੇਡਰਜ਼ ਨਾਂ ਦੀ ਫਰਮ ਚਲਾਉਂਦੇ ਹਨ ਜੋ ਰੇਲ ਫੈਕਟਰੀ ਨੂੰ ਪੁਰਜੇ ਸਪਲਾਈ ਕਰਦੀ ਹੈ। ਪ੍ਰਿਤਪਾਲ ਸਿੰਘ ਹੰਸਪਾਲ ਹੋਰਾਂ ਨੇ ਮਿਲ ਕੇ ਕਿਸ਼ਤੀਆਂ ਬਣਾਉਣ ਦੀ ਸ਼ੁਰੂਆਤ 2023 ਦੇ ਹੜ੍ਹਾਂ ਤੋਂ ਕੀਤੀ ਸੀ, ਜਦੋਂ ਇਕ ਆਜ਼ਾਦ ਵਿਧਾਇਕ ਵੱਲੋਂ ਉਨ੍ਹਾਂ ਨੂੰ ਮਦਦ ਕਰਨ ਲਈ ਅਪੀਲ ਕੀਤੀ ਗਈ ਸੀ।
ਹੁਣ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ, ਹੜ੍ਹ-ਪੀੜ੍ਹਤਾਂ ਨੂੰ ਬਚਾਉਣ ਲਈ ਪੰਜਾਬ ਵਿਚ ਕਿਸ਼ਤੀਆਂ ਦੀ ਘਾਟ ਹੈ ਤਾਂ ਉਨ੍ਹਾਂ ਨੇ ਆਪਣੇ ਸਾਰੇ ਕੰਮ ਰੋਕ ਕੇ ਆਪਣੀ ਪੂਰੀ ਫੈਕਟਰੀ ਨੂੰ ਕਿਸ਼ਤੀਆਂ ਬਣਾਉਣ 'ਤੇ ਲਾ ਦਿੱਤਾ ਅਤੇ ਬਿਨਾਂ ਪ੍ਰਚਾਰ ਕੀਤਿਆਂ 150 ਦੇ ਕਰੀਬ ਕਿਸ਼ਤੀਆਂ ਬਣਾ ਕੇ ਵੰਡ ਦਿੱਤੀਆਂ। ਇਹ ਕਿਸ਼ਤੀਆਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਫਸੇ ਲੋਕਾਂ ਦੀ ਰਾਹਤ ਲਈ ਸਥਾਨਕ ਵਿਅਕਤੀਆਂ ਦੀ ਤਸਦੀਕ ਤੋਂ ਬਾਅਦ ਭੇਜੀਆਂ ਗਈਆਂ ਪਰ ਉਹ ਖ਼ੁਦ ਅੱਗੇ ਨਹੀਂ ਆਏ। ਪ੍ਰਿਤਪਾਲ ਸਿੰਘ ਹੰਸਪਾਲ ਇਕ ਇੰਟਰਵਿਊ 'ਚ ਦੱਸਦੇ ਹਨ ਕਿ ਉਹ ਖੁਦ ਨੂੰ ਸਾਹਮਣੇ ਲਿਆਉਣਾ ਹੀ ਨਹੀਂ ਚਾਹੁੰਦੇ, ਉਹ ਹਰ ਗੱਲ ਦਾ ਸਿਹਰਾ ਵਾਹਿਗੁਰੂ ਨੂੰ ਦੇ ਦਿੰਦੇ ਹਨ। ਇਥੇ ਕਹਿਣਾ ਬਣਦਾ ਹੈ ਕਿ ਜਦੋਂ ਤੱਕ ਹੰਸਪਾਲ ਭਰਾਵਾਂ ਵਰਗੇ ਪੰਜਾਬ ਦੇ ਜਾਏ ਬੈਠੇ ਹਨ ਤਾਂ ਪੰਜਾਬ ਸਿਉਂ ਹੋਰ ਕਿਸੇ ਵੱਲ ਝਾਕੇ ਕਿਉ? ਦੱਸਣਯੋਗ ਹੈ ਕਿ ਹਰ ਇਕ ਕਿਸ਼ਤੀ ਕਰੀਬ 10 ਲੋਕਾਂ ਅਤੇ ਇਕ ਪਸ਼ੂ ਨੂੰ ਲਿਜਾਣ ਦੀ ਸਮਰੱਥਾ ਰੱਖਦੀ ਹੈ ਅਤੇ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਇਹ ਬੇੜੀ 20 ਟਨ ਭਾਰ ਉਠਾ ਸਕਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਿਤਪਾਲ ਸਿੰਘ ਹੰਸਪਾਲ ਨੇ ਕਿਸ਼ਤੀਆਂ ਦੀ ਡਿਜ਼ਾਈਨ ਅਤੇ ਤਕਨਾਲੋਜੀ ਪਬਲਿਕ ਕਰ ਦਿੱਤੀ ਤਾਂ ਜੋ ਹੋਰ ਕੰਪਨੀਆਂ ਖਾਸ ਕਰਕੇ ਖੇਤੀਬਾੜੀ ਉਪਕਰਣ ਅਤੇ ਕੰਬਾਈਨ ਹਾਰਵੈਸਟਰ ਵਾਲੇ ਵੀ ਲੋੜ ਪੈਣ 'ਤੇ ਤੁਰੰਤ ਕਿਸ਼ਤੀਆਂ ਬਣਾ ਸਕਣ।
ਕਪੂਰਥਲਾ 'ਚ ਜਲੰਧਰ ਦੇ ਨੌਜਵਾਨ ਦਾ ਕਤਲ! ਖ਼ੂਨ ਨਾਲ ਲਥਪਥ ਮਿਲੀ ਲਾਸ਼
NEXT STORY