ਪਟਿਆਲਾ (ਬਲਜਿੰਦਰ) - ਇਸ ਵਾਰ ਮੌਸਮ ਤਰ੍ਹਾਂ-ਤਰ੍ਹਾਂ ਦੀਆਂ ਕਰਵਟਾਂ ਲੈ ਰਿਹਾ ਹੈ। ਇੱਕ ਹਫਤੇ ਤੋਂ ਜ਼ਿਆਦਾ ਸਮੋਗ ਦੇ ਕਹਿਰ ਤੋਂ ਬਾਅਦ ਹੁਣ ਫੋਗ (ਧੁੰਦ) ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਰਾਤ ਸਮੇਂ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਪਿਛਲੇ 2 ਦਿਨਾਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਰਾਤ 10 ਵਜੇ ਤੱਕ ਤਾਂ ਮੌਸਮ ਠੀਕ ਰਹਿੰਦਾ ਹੈ। ਇਸ ਤੋਂ ਬਾਅਦ ਅਚਾਨਕ ਫੋਗ ਇਕਦਮ ਵਧਦੀ ਹੈ। ਦੇਖਦੇ ਹੀ ਦੇਖਦੇ ਚਾਰੇ ਪਾਸੇ ਧੁੰਦ ਦੀ ਚਾਦਰ ਫੈਲ ਜਾਂਦੀ ਹੈ। ਦਿਖਾਈ ਦੇਣਾ ਇਕਦਮ ਬੰਦ ਹੋ ਜਾਂਦਾ ਹੈ। ਇਸ ਵਿਚ ਖਾਸ ਤੌਰ ਆਵਾਜਾਈ ਜਾਮ ਹੋ ਜਾਂਦੀ ਹੈ। ਧੁੰਦ ਦੇ ਕਹਿਰ ਨੂੰ ਦੇਖਦੇ ਜ਼ਿਲਾ ਪ੍ਰਸ਼ਾਸਨ ਨੇ ਵੀ ਸਕੂਲਾਂ ਦਾ ਟਾਈਮ 9 ਵਜੇ ਤੋਂ ਵਧਾ ਕੇ 10 ਤੱਕ ਕਰ ਦਿੱਤਾ ਹੈ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਵਿਦਿਆਰਥੀਆਂ ਨੇ ਸਵੇਰੇ ਸਭ ਤੋਂ ਪਹਿਲਾਂ ਸਕੂਲ ਜਾਣਾ ਹੁੰਦਾ ਹੈ। ਧੁੰਦ ਦਾ ਸ਼ਿਕਾਰ ਵੀ ਜ਼ਿਆਦਾਤਰ ਸਕੂਲ ਬੱਸਾਂ ਜਾਂ ਸਕੂਲੀ ਵਾਹਨ ਹੀ ਹੋ ਰਹੇ ਹਨ।
ਠੰਡ ਨੇ ਵੀ ਆਪਣੇ ਜੌਹਰ ਦਿਖਾਉਣੇ ਕੀਤੇ ਸ਼ੁਰੂ : ਇਧਰ ਧੁੰਦ ਆਪਣਾ ਕਹਿਰ ਬਰਸਾ ਰਹੀ ਹੈ। ਦੂਜੇ ਪਾਸੇ ਠੰਡ ਨੇ ਵੀ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਤਾਪਮਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ 11 ਤੋਂ 12 ਡਿਗਰੀ ਵਿਚਕਾਰ ਰਿਕਾਰਡ ਕੀਤਾ ਜਾ ਰਿਹਾ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਜਿੱਥੇ ਪਹਿਲਾਂ 29-30 ਡਿਗਰੀ ਦੇ ਵਿਚਕਾਰ ਚੱਲ ਰਿਹਾ ਸੀ, ਉਹ ਹੁਣ 26 ਤੋਂ 27 ਡਿਗਰੀ ਤੱਕ ਪਹੁੰਚ ਗਿਆ ਹੈ। ਧੁੰਦ ਕਾਰਨ ਪਿਛਲੇ ਕਈ ਦਿਨਾਂ ਤੋਂ ਖੁੱਲ੍ਹ ਕੇ ਧੁੱਪ ਨਹੀਂ ਦਿਖਾਈ ਦਿੱਤੀ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਵੀ ਲਗਾਤਾਰ ਡਿੱਗ ਰਿਹਾ ਹੈ।
ਰੇਲ ਆਵਾਜਾਈ ਹੋਈ ਲੇਟ : ਧੁੰਦ ਦੇ ਕਹਿਰ ਕਾਰਨ ਰੇਲ ਆਵਾਜਾਈ ਵਿਚ ਲਗਾਤਾਰ ਰੁਕਾਵਟ ਪੈਦਾ ਹੋ ਰਹੀ ਹੈ। ਟਰੇਨਾਂ ਲਗਾਤਾਰ ਲੇਟ ਹਨ। ਰੇਲ ਵਿਭਾਗ ਦੀ ਸਾਈਟ ਅਨੁਸਾਰ ਅੰਬਾਲਾ-ਧੂਰੀ 2 ਘੰਟੇ 13 ਮਿੰਟ ਦੇਰੀ ਨਾਲ, ਹਰਿਦੁਆਰ-ਸ਼੍ਰੀਗੰਗਾਨਗਰ 4 ਘੰਟੇ 13 ਮਿੰਟ ਲੇਟ, ਇੰਟਰਸਿਟੀ 3 ਘੰਟੇ 47 ਮਿੰਟ, ਸ਼੍ਰੀਗੰਗਾਨਗਰ-ਅੰਬਾਲਾ ਕੈਂਟ 5 ਘੰਟੇ 12 ਮਿੰਟ ਦੇਰੀ ਨਾਲ ਰਿਕਾਰਡ ਕੀਤੀ ਗਈ। ਬੱਸਾਂ ਵੀ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰੇ 11 ਵਜੇ ਤੱਕ ਧੁੰਦ ਨਹੀਂ ਹਟਦੀ, ਜਿਸ ਕਾਰਨ ਸਵੇਰ ਦੀਆਂ ਬੱਸਾਂ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ।
2 ਦਿਨਾਂ ਬਾਅਦ ਮੀਂਹ ਪੈਣ ਦੇ ਆਸਾਰ:
ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ 2 ਦਿਨ ਬਾਅਦ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ। ਇਸ ਤੋਂ ਪਹਿਲਾਂ ਸੰਘਣੀ ਧੁੰਦ ਅਤੇ ਅਸਮਾਨ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਕ ਹਫਤੇ ਤੋਂ ਬਾਅਦ ਜਾ ਕੇ ਮੌਸਮ ਦੇ ਸਾਫ ਹੋਣ ਦੇ ਆਸਾਰ ਦਿਖਾਈ ਦੇ ਰਹੇ ਹਨ।
ਹਾਦਸਿਆਂ 'ਚ ਹੋਇਆ ਵਾਧਾ : ਅਚਾਨਕ ਵਧੀ ਧੁੰਦ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਹਾਦਸਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਰਿਹਾ ਹੈ। ਖਾਸ ਤੌਰ 'ਤੇ ਸਕੂਲੀ ਬੱਚਿਆਂ ਨਾਲ ਸਬੰਧਤ ਹਾਦਸਿਆਂ ਵਿਚ ਪੂਰੇ ਪੰਜਾਬ ਵਿਚ ਪਿਛਲੇ ਦਿਨੀਂ ਵੱਡਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਛੋਟੀਆਂ-ਮੋਟੀਆਂ ਟੱਕਰਾਂ ਹਰ ਮੋੜ ਅਤੇ ਸੜਕ 'ਤੇ ਰੋਜ਼ਾਨਾ ਦੇਖਣ ਵਿਚ ਆ ਰਹੀਆਂ ਹਨ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਲਗਾਤਾਰ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ।
ਵਾਇਰਲ, ਖਾਂਸੀ ਤੇ ਜ਼ੁਕਾਮ ਦੇ ਮਰੀਜ਼ ਵਧੇ : ਅਚਾਨਕ ਮੌਸਮ ਵੱਲੋਂ ਕਰਵਟ ਲੈਣ ਤੋਂ ਬਾਅਦ ਬੀਮਾਰੀਆਂ ਵਿਚ ਵਾਧਾ ਹੋਇਆ ਹੈ। ਪਿਛਲੇ 3-4 ਦਿਨਾਂ ਤੋਂ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਿਚ ਕਾਫੀ ਕਮੀ ਦੇਖਣ ਨੂੰ ਮਿਲੀ ਹੈ। ਕਈ ਤਰ੍ਹਾਂ ਦੇ ਵਾਇਰਲ, ਖਾਂਸੀ ਤੇ ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਰੂਰਲ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਸਲਮ ਪ੍ਰਵੇਜ਼ ਨੇ ਦੱਸਿਆ ਕਿ ਅਚਾਨਕ ਮੌਸਮ ਦੇ ਕਰਵਟ ਲੈਣ ਨਾਲ ਕਈ ਵਾਰ ਲਾਪ੍ਰਵਾਹੀ ਹੋ ਜਾਂਦੀ ਹੈ। ਉਸ ਕਾਰਨ ਸਰਦੀਆਂ ਵਿਚ ਹੋਣ ਵਾਲੀਆਂ ਬੀਮਾਰੀਆਂ ਇਕਦਮ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਖਾਸ ਤੌਰ 'ਤੇ ਸਾਵਧਾਨੀ ਰੱਖਣ ਦੀ ਲੋੜ ਹੈ।
ਲਾਪਤਾ ਵਿਅਕਤੀ ਦੀ ਭਾਖੜਾ ਨਹਿਰ 'ਚੋਂ ਮਿਲੀ ਲਾਸ਼
NEXT STORY