ਮੋਗਾ (ਸੰਦੀਪ) - ਸਿਹਤ ਵਿਭਾਗ ਵੱਲੋਂ ਇਸ ਹਫਤੇ ਦੌਰਾਨ ਸ਼ਹਿਰ ਦੀਆਂ ਡੇਂਗੂ ਪ੍ਰਭਾਵਿਤ ਇਲਾਕਿਆਂ ਅਤੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ 'ਚ ਫੌਗਿੰਗ ਅਤੇ ਸਪਰੇਅ ਕਰਵਾਈ ਗਈ, ਜਿਸ 'ਚ ਪ੍ਰੀਤ ਨਗਰ, ਸਾਧਾਂ ਵਾਲੀ ਬਸਤੀ, ਬਸਤੀ ਮੋਹਨ ਸਿੰਘ, ਬੱਗੇਆਣਾ ਬਸਤੀ, ਮੱਟਾਂ ਵਾਲਾ ਵਿਹੜਾ, ਜ਼ੀਰਾ ਰੋਡ, ਸੂਰਜ ਨਗਰ, ਕਲੇਰ ਕੰਪਲੈਕਸ, ਨਹਿਰ ਵਾਲੀਆਂ ਬਸਤੀਆਂ, ਡੀ. ਸੀ. ਕੰਪਲੈਕਸ 'ਚ ਟਾਈਪਿਸਟਾਂ ਦੀਆਂ ਦੁਕਾਨਾਂ, ਐੱਫ. ਸੀ. ਆਈ. ਰੋਡ, ਬਹੋਨਾ ਰੋਡ, ਬੇਰੀਆਂ ਵਾਲਾ ਮੁਹੱਲਾ, ਰੇਗਰ ਬਸਤੀ, ਮਹਾਵੀਰ ਨਗਰ, ਲਾਲ ਸਿੰਘ ਰੋਡ, ਜਵਾਹਰ ਨਗਰ, ਬੁੱਕਣਵਾਲਾ ਰੋਡ, ਪਿੰਡ ਧੱਲੇਕੇ, ਸੰਤ ਨਗਰ, ਅੰਮ੍ਰਿਤਸਰ ਰੋਡ, ਸਿਵਲ ਹਸਪਤਾਲ ਮੋਗਾ, ਕੱਚਾ ਅਤੇ ਪੱਕਾ ਦੁਸਾਂਝ ਰੋਡ ਅਤੇ ਸ਼ਹੀਦ ਭਗਤ ਸਿੰਘ ਨਗਰ ਆਦਿ ਸ਼ਾਮਿਲ ਹਨ।
ਅੱਜ ਮੱਟਾਂ ਵਾਲਾ ਵਿਹੜਾ ਅਤੇ ਸਾਧਾਂ ਵਾਲੀ ਬਸਤੀ 'ਚ ਫੌਗਿੰਗ ਅਤੇ ਸਪਰੇਅ ਕਰਵਾਉਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ 'ਚ ਡੇਂਗੂ ਦੇ ਕਾਫੀ ਮਰੀਜ਼ ਪਾਏ ਗਏ ਹਨ, ਇਸ ਲਈ ਇਨ੍ਹਾਂ ਇਲਾਕਿਆਂ 'ਚ ਯੁੱਧ ਪੱਧਰ 'ਤੇ ਬਚਾਓ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਡੇਂਗੂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਮੌਸਮ 'ਚ ਠੰਡਕ ਵਧਣ ਨਾਲ ਡੇਂਗੂ ਦਾ ਕਹਿਰ ਘਟ ਗਿਆ ਹੈ ਪਰ ਫਿਰ ਵੀ ਇਸ ਪ੍ਰਤੀ ਅਵੇਸਲੇ ਹੋਣ ਦੀ ਜ਼ਰੂਰਤ ਨਹੀਂ ਹੈ ਤੇ ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਪਾਣੀ ਨੂੰ ਖੜ੍ਹਨ ਤੋਂ ਰੋਕਣਾ ਅਤਿ ਜ਼ਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕੂਲਰਾਂ ਦੀਆਂ ਪੈਡਾਂ ਨੂੰ ਉਤਾਰ ਕੇ ਨਸ਼ਟ ਕਰ ਦਿੱਤਾ ਜਾਵੇ ਅਤੇ ਅਗਲੇ ਸਾਲ ਕੂਲਰਾਂ ਦੀ ਵਰਤੋਂ ਤੋਂ ਪਹਿਲਾਂ ਨਵੀਆਂ ਪੈਡਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਜੋ ਮੱਛਰ ਦੁਆਰਾ ਦਿੱਤੇ ਹੋਏ ਅੰਡਿਆਂ ਨੂੰ ਨਸ਼ਟ ਕੀਤਾ ਜਾ ਸਕੇ।
ਇਸ ਟੀਮ 'ਚ ਸੈਨੇਟਰੀ ਇੰਸਪੈਕਟਰ ਰਣਜੀਤ ਸਿੰਘ ਸਿੱਧੂ, ਗਗਨਦੀਪ ਸਿੰਘ ਸਿਵਲ ਹਸਪਤਾਲ ਮੋਗਾ, ਇੰਸੈਕਟ ਕੁਲੈਕਟਰ ਵਪਿੰਦਰ ਸਿੰਘ ਅਤੇ ਬ੍ਰੀਡ ਚੈੱਕਰਜ਼ ਦੀ 6 ਮੈਂਬਰੀ ਟੀਮ ਵੀ ਸ਼ਾਮਲ ਸੀ।
ਧੋਖਾਦੇਹੀ ਦੇ ਮਾਮਲੇ 'ਚ ਪਤੀ-ਪਤਨੀ ਖਿਲਾਫ ਕੇਸ ਦਰਜ
NEXT STORY