ਬਠਿੰਡਾ, (ਪਰਮਿੰਦਰ)- ਮਹਾਨਗਰ 'ਚ ਵਧ ਰਹੀ ਆਵਾਜਾਈ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਤੋਂ ਬਚਾਉਣ ਲਈ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਫੁੱਟ ਓਵਰਬ੍ਰਿਜ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਇਸ ਤਹਿਤ ਮਹਾਨਗਰ ਦੇ 2 ਭੀੜ ਵਾਲੇ ਚੌਕਾਂ 'ਤੇ ਫੁੱਟ ਓਵਰਬ੍ਰਿਜ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਇਸ ਨਾਲ ਜਿਥੇ ਸ਼ਹਿਰ ਦੀ ਸੁੰਦਰਤਾ ਵਧੇਗੀ, ਉਥੇ ਹੀ ਪੁਲ ਦੇ ਬਣਨ ਨਾਲ ਲੋਕ ਆਵਾਜਾਈ ਦੀ ਉਲਝਣ ਤੋਂ ਵੀ ਬਚਣਗੇ। ਉਕਤ ਯੋਜਨਾ ਬਣਾ ਕੇ ਸਰਕਾਰ ਨੂੰ ਮੰਜ਼ੂਰੀ ਲਈ ਭੇਜੀ ਗਈ ਹੈ ਤੇ ਇਸ ਲਈ ਫੰਡ ਦੀ ਵੀ ਮੰਗ ਕੀਤੀ ਗਈ ਹੈ। ਫੰਡ ਆਉਣ 'ਤੇ ਉਕਤ ਪੁਲਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਮਹਾਨਗਰ ਦੇ ਲੋਕਾਂ ਨੂੰ ਵਿਸ਼ੇਸ਼ ਕਰਕੇ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਰਾਹਤ ਮਿਲਣ ਦੇ ਆਸਾਰ ਹਨ। ਨਗਰ ਨਿਗਮ ਵੱਲੋਂ ਉਕਤ ਪੁਲਾਂ ਦੇ ਮਤੇ ਨੂੰ ਹਾਲ ਵਿਚ ਸੰਪੰਨ ਹੋਈ ਮੀਟਿੰਗ ਦੌਰਾਨ ਪਾਸ ਕੀਤਾ ਗਿਆ ਸੀ।
1 ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ਓਵਰਬ੍ਰਿਜ
ਨਗਰ ਨਿਗਮ ਵੱਲੋਂ ਭਾਰੀ ਟ੍ਰੈਫਿਕ ਦਰਮਿਆਨ ਪੈਦਲ ਚੱਲਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਕਤ ਯੋਜਨਾ ਤਹਿਤ ਬੱਸ ਸਟੈਂਡ ਚੌਕ ਅਤੇ ਹਨੂਮਾਨ ਚੌਕ ਨੇੜੇ ਫੁੱਟ ਓਵਰਬ੍ਰਿਜਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਨਾਲ ਲੋਕਾਂ ਨੂੰ ਸੜਕ ਪਾਰ ਕਰਨ ਵਿਚ ਆਸਾਨੀ ਹੋਵੇਗੀ। ਜ਼ਿਕਰਯੋਗ ਹੈ ਕਿ ਮੁੱਖ ਸੜਕ 'ਤੇ ਭਾਰੀ ਆਵਾਜਾਈ ਹੋਣ ਕਾਰਨ ਲੋਕ ਕਾਫੀ ਸਮੇਂ ਤੱਕ ਸੜਕ ਪਾਰ ਨਹੀਂ ਕਰ ਪਾÀੁਂਦੇ ਤੇ ਸੜਕ ਪਾਰ ਕਰਦੇ ਸਮੇਂ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਕਾਰਨ ਰੇਲਵੇ ਦੀ ਤਰਜ਼ 'ਤੇ ਫੁੱਟ ਓਵਰਬ੍ਰਿਜ ਬਣਾਉਣ ਦੀ ਇਹ ਯੋਜਨਾ ਬਣਾਈ ਗਈ ਹੈ।
ਉਕਤ ਯੋਜਨਾ ਤਹਿਤ ਇਕ ਪੁਲ 'ਤੇ 49.35 ਲੱਖ ਰੁਪਏ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਕਾਰਨ ਦੋਵੇਂ ਪੁਲਾਂ 'ਤੇ ਕਰੀਬ 1 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਹੁਣ ਦੇਖਣਾ ਇਹ ਹੈ ਕਿ ਉਕਤ ਯੋਜਨਾ ਲੋਕਾਂ ਨੂੰ ਸੁਵਿਧਾ ਦੇਣ ਵਿਚ ਕਿੰਨੀ ਕਾਰਗਾਰ ਸਾਬਿਤ ਹੁੰਦੀ ਹੈ।
ਰਿੰਗ ਰੋਡ ਨਾਲ ਜੋੜੀ ਜਾਵੇਗੀ ਗੋਨਿਆਣਾ ਰੋਡ
ਮਹਾਨਗਰ ਤੋਂ ਆਵਾਜਾਈ ਨੂੰ ਘੱਟ ਕਰਨ ਲਈ ਨਗਰ ਨਿਗਮ ਵੱਲੋਂ ਗੋਨਿਆਣਾ ਰੋਡ ਨੂੰ ਵੀ ਰਿੰਗ ਰੋਡ ਨਾਲ ਜੋੜਿਆ ਜਾਵੇਗਾ, ਜਿਸ ਨਾਲ ਸ਼ਹਿਰ ਵਿਚ ਕੁਝ ਆਵਾਜਾਈ ਘੱਟ ਹੋ ਜਾਵੇਗੀ। ਗੋਨਿਆਣਾ ਰੋਡ ਨੂੰ ਨਹਿਰ ਨਾਲ ਜਾਣ ਵਾਲੀ ਸੜਕ ਰਾਹੀਂ ਰਿੰਗ ਰੋਡ ਨਾਲ ਜੋੜਿਆ ਜਾਵੇਗਾ। ਨਹਿਰ ਦੇ ਨਾਲ-ਨਾਲ ਗੁਰੂਕੁਲ ਰੋਡ ਤੱਕ ਸੜਕ ਬਣੀ ਹੋਈ ਹੈ। ਉਸ ਤੋਂ ਅੱਗੇ ਰਿੰਗ ਰੋਡ ਤੱਕ ਸੜਕ ਦੀ ਉਸਾਰੀ ਕੀਤੀ ਜਾਵੇਗੀ, ਜਿਸ ਲਈ ਨਿਗਮ ਵੱਲੋਂ 298 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਹੈ। ਇਸ ਸੰਬੰਧ 'ਚ ਨਹਿਰੀ ਵਿਭਾਗ ਤੋਂ ਐੱਨ. ਓ. ਸੀ. ਵੀ ਲਈ ਜਾ ਚੁਕੀ ਹੈ। ਫੰਡ ਮਿਲਦੇ ਹੀ ਉਕਤ ਸੜਕ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ।
ਜਾਰਜੀਆ ਭੇਜਣ ਦੇ ਨਾਂ 'ਤੇ 3.50 ਲੱਖ ਦੀ ਠੱਗੀ
NEXT STORY