ਜ਼ੀਰਾ, (ਗੁਰਮੇਲ)– ਫਿਰੋਜ਼ਪੁਰ ਜੰਗਲਾਤ ਵਿਭਾਗ ਦੀ ਆਪਣੇ ਹੀ ਇਕ ਸੇਵਾਮੁਕਤ ਮੁਲਾਜ਼ਮ ਪ੍ਰਤੀ ਸਿਤਮ ਜ਼ਰੀਫੀ ਉਸ ਵੇਲੇ ਸਾਹਮਣੇ ਆਈ, ਜਦ ਜੰਗਲਾਤ ਵਿਭਾਗ ਵਿਚ 36 ਸਾਲ ਸੇਵਾਵਾਂ ਕਰ ਕੇ ਸੇਵਾਮੁਕਤ ਹੋਏ ਜ਼ੀਰਾ ਦੇ ਕਰਮਚਾਰੀ ਸੀਤਾ ਸਿੰਘ ਨੂੰ ਰਿਟਾਇਰਮੈਂਟ ਉਪਰੰਤ ਵਿਭਾਗ ਵੱਲੋਂ ਇਕ ਵਿਭਾਗੀ ਪਡ਼ਤਾਲ ਦਾ ਬਹਾਨਾ ਬਣਾ ਕੇ ਬਣਦੇ ਪੈਨਸ਼ਨਰੀ ਲਾਭ ਨਹੀਂ ਦਿੱਤੇ ਗਏ, ਜਿਸ ਸਬੰਧੀ ਇਨਸਾਫ ਲੈਣ ਲਈ ਸੀਤਾ ਸਿੰਘ ਵੱਲੋਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਖਡ਼ਕਾਇਆ ਗਿਆ ਤਾਂ ਸਾਲ 2011 ’ਚ ਸਿਵਲ ਜੱਜ ਸੀਨੀਅਰ ਡਵੀਜ਼ਨ ਫਿਰੋਜ਼ਪੁਰ ਦੇ ਤੱਤਕਾਲੀਨ ਜੱਜ ਕਰਨੈਲ ਸਿੰਘ ਵੱਲੋਂ ਉਕਤ ਕਰਮਚਾਰੀ ਦੇ ਹੱਕ ’ਚ ਫੈਸਲਾ ਕਰਦਿਆਂ ਮਹਿਕਮੇ ਨੂੰ ਬਣਦੇ ਆਰਥਕ ਲਾਭ ਦਿੱਤੇ ਜਾਣ ਦੇ ਹੁਕਮ ਜਾਰੀ ਕੀਤੇ ਸਨ ਪਰ ਵਿਭਾਗ ਵੱਲੋਂ ਹੁਕਮਾਂ ਨੂੰ ਟਿੱਚ ਜਾਣਦਿਆਂ ਇਹ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਗਈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਪੀਡ਼ਤ ਸੀਤਾ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਮੁਡ਼ 9 ਅਗਸਤ 2012 ਨੂੰ ਅਪੀਲ ਕੀਤੀ ਗਈ ਸੀ। ਉਸ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਸਿਵਲ ਜੱਜ ਸੀਨੀਅਰ ਡਵੀਜ਼ਨ ਮੈਡਮ ਸ਼ਿਖਾ ਗੋਇਲ ਨੇ ਫੈਸਲਾ ਸੁਣਾਉਂਦਿਆਂ 3-8-2018 ਨੂੰ ਵਣ ਵਿਭਾਗ ਦੀ ਪ੍ਰਾਪਰਟੀ ਜਿਸ ’ਚ ਇਕ ਜੀਪ, ਇਕ ਕੈਂਟਰ ਦੀ ਨੀਲਾਮੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ 16 ਅਗਸਤ ਨੂੰ ਮੁਨੀਆਦੀ ਨੀਲਾਮੀ ਤੇ 23 ਅਗਸਤ ਨੂੰ ਖੁੱਲ੍ਹੀ ਨੀਲਾਮੀ ਕਰਨ ਦੇ ਹੁਕਮ ਜਾਰੀ ਕਰਨ ਤੋਂ ਇਲਾਵਾ ਵਿਭਾਗ ਦੇ ਇਕ ਹੈੱਡ ਅਕਾਊਂਟ ਨੂੰ ਵੀ ਸੀਲ ਕਰਵਾ ਦਿੱਤਾ ਗਿਆ ਹੈ ਤਾਂ ਜੋ ਸੀਤਾ ਸਿੰਘ ਨੂੰ ਉਸ ਦੇ ਬਣਦੇ ਆਰਥਕ ਲਾਭ ਮਿਲ ਸਕਣ। ਸੀਤਾ ਸਿੰਘ ਨੇ ਅਦਾਲਤ ਦੇ ਇਨਸਾਫ ’ਤੇ ਭਰੋਸਾ ਕਰਦਿਆਂ ਦੱਸਿਆ ਕਿ ਜਿਸ ਵਿਭਾਗ ’ਚ ਉਸ ਨੇ ਜ਼ਿੰਦਗੀ ਦੇ 36 ਸਾਲ ਸੇਵਾ ਕੀਤੀ, ਉਸ ਵਿਭਾਗ ਤੋਂ ਲਾਭ ਲੈਣ ਲਈ ਉਸ ਨੂੰ 17 ਸਾਲ ਦੀ ਕਾਨੂੰਨੀ ਲਡ਼ਾਈ ਦਾ ਸਹਾਰਾ ਲੈਣਾ ਪਿਆ ਤੇ ਕਾਨੂੰਨ ਨੇ ਉਸ ਨੂੰ ਇਨਸਾਫ ਦਿੱਤਾ ਹੈ।
ਨਾਜਾਇਜ਼ ਸ਼ਰਾਬ ਸਣੇ 3 ਅਡ਼ਿੱਕੇ, 1 ਫਰਾਰ
NEXT STORY