ਬਠਿੰਡਾ(ਬਲਵਿੰਦਰ)-ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਅੱਜ ਇਥੇ ਕਿਹਾ ਕਿ ਜੰਗਲਾਤ ਵਿਭਾਗ ਦੀ ਨਾਜਾਇਜ਼ ਕਬਜ਼ੇ ਵਾਲੀ 10 ਹਜ਼ਾਰ ਏਕੜ ਜ਼ਮੀਨ ਜੂਨ ਮਹੀਨੇ ਤੱਕ ਖਾਲੀ ਕਰਵਾ ਲਈ ਜਾਵੇਗੀ। ਉਹ ਇਥੇ ਡੀਅਰ ਸਫਾਰੀ ਬਠਿੰਡਾ ਦਾ ਦੌਰਾ ਕਰਨ ਲਈ ਪਹੁੰਚੇ ਸਨ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਧਰਮਸੌਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਕੁੱਲ 31 ਹਜ਼ਾਰ ਏਕੜ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਹੋਏ ਪਏ ਹਨ, ਜਿਸ 'ਚੋਂ 21 ਹਜ਼ਾਰ ਏਕੜ ਜ਼ਮੀਨ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ। ਅਦਾਲਤੀ ਕੇਸਾਂ ਦਾ ਨਿਪਟਾਰਾ ਤਾਂ ਅਦਾਲਤਾਂ ਹੀ ਕਰਨਗੀਆਂ ਪਰ ਬਾਕੀ ਬਚਦੀ 10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ 'ਚੋਂ ਸਖਤੀ ਨਾਲ ਛੁਡਵਾਈ ਜਾ ਰਹੀ ਹੈ। ਅਕਾਲੀ-ਭਾਜਪਾ ਸਰਕਾਰ ਸਮੇਂ ਇਹ ਨਾਜਾਇਜ਼ ਕਬਜ਼ੇ ਸਰਕਾਰੀ ਸ਼ਹਿ 'ਤੇ ਹੋਏ ਪਰ ਹੁਣ ਇਨ੍ਹਾਂ ਨੂੰ ਛੁਡਵਾਉਣ ਦੀ ਮੁਹਿੰਮ ਵਿੱਢੀ ਗਈ ਹੈ। ਜੂਨ ਮਹੀਨੇ ਤੱਕ 10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਲਈ ਜਾਵੇਗੀ, ਜਿਥੇ ਕੋਈ ਫਸਲ ਨਹੀਂ, ਸਗੋਂ ਦਰੱਖਤ ਲਾਏ ਜਾਣਗੇ। ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਸਿਆਸੀ ਆਗੂਆਂ ਦੇ ਹੀ ਕਬਜ਼ੇ ਹਨ, ਜਿਨ੍ਹਾਂ 'ਚ ਕਾਂਗਰਸੀ ਵੀ ਹੋਣਗੇ। ਪਰ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਉਣ 'ਚ ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਵੇਗਾ, ਫਿਰ ਭਾਵੇਂ ਉਹ ਜਿੰਨਾ ਮਰਜ਼ੀ ਵੱਡਾ ਆਗੂ ਹੋਵੇ, ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 2 ਕਰੋੜ ਬੂਟੇ ਲਾਏ ਗਏ ਸਨ, ਪਰ ਇਸ ਸਾਲ ਇਹ ਟੀਚਾ ਚਾਰ ਗੁਣਾ ਵਧਾ ਕੇ 8 ਕਰੋੜ ਕੀਤਾ ਗਿਆ ਹੈ, ਜਿਸ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸੇ ਮੁਹਿੰਮ ਤਹਿਤ ਕਿਸਾਨਾਂ ਨੂੰ 2 ਲੱਖ ਚੰਦਨ ਦੇ ਬੂਟੇ ਵੀ ਵੰਡੇ ਜਾਣਗੇ ਤਾਂ ਕਿ ਕਿਸਾਨਾਂ ਨੂੰ ਸਹਾਇਕ ਧੰਦਾ ਦੇਣ ਦੀ ਇਕ ਨਵੀਂ ਸ਼ੁਰੂਆਤ ਕੀਤੀ ਜਾ ਸਕੇ। ਧਰਮਸੌਤ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਭੋਲੇ ਹਨ, ਜਿਵੇਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਜੇਲ ਅੰਦਰ ਬੈਠੇ ਨੂੰ ਹੀ 5 ਲੱਖ ਵੋਟਾਂ ਪਾ ਦਿੱਤੀਆਂ ਸਨ, ਉਵੇਂ ਹੀ ਪਿਛਲੀ ਵਿਧਾਨ ਸਭਾ 'ਚ ਆਮ ਆਦਮੀ ਪਾਰਟੀ ਨੂੰ ਵੀ ਵੱਡੀ ਗਿਣਤੀ 'ਚ ਵੋਟਾਂ ਪਾ ਦਿੱਤੀਆਂ। ਜਿਵੇਂ ਪਹਿਲਾਂ ਲੋਕ ਮਾਨ ਨੂੰ ਵੋਟਾਂ ਪਾ ਕੇ ਪਛਤਾਏ ਸਨ, ਹੁਣ 'ਆਪ' ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਉਨ੍ਹਾਂ ਚੁਟਕੀ ਲੈਂਦਿਆਂ ਕਿਹਾ ਕਿ ਸੁਖਪਾਲ ਖਹਿਰਾ ਆਪਣੇ ਆਕਾ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰ ਕੇ ਕਸੂਤਾ ਫਸ ਗਿਆ ਹੈ। ਹੁਣ ਉਹ 'ਆਪ' ਛੱਡ ਕੇ ਸੁਖਬੀਰ ਬਾਦਲ ਦੀ ਬੁੱਕਲ 'ਚ ਬੈਠਣ ਜਾ ਰਿਹਾ ਹੈ।
ਇਕੋ ਰਾਤ 4 ਘਰਾਂ 'ਚ ਚੋਰੀਆਂ, 1 ਦੇ ਤੋੜੇ ਤਾਲੇ
NEXT STORY