ਲੁਧਿਆਣਾ (ਨਰਿੰਦਰ) : ਇੱਥੋਂ ਦੇ ਇਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੇ ਪ੍ਰਸ਼ਾਸਨ 'ਤੇ ਉਸ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਜੀ. ਐੱਨ. ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਮਨਜੀਤ ਸਿੰਘ ਕੋਮਲ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਉਸ ਨੇ ਸਲੇਮ ਟਾਬਰੀ ਇਲਾਕੇ 'ਚ ਜਗ੍ਹਾ ਖਰੀਦੀ ਸੀ, ਜਿੱਥੇ ਉਹ ਇਸ ਵੇਲੇ ਰਹਿ ਰਿਹਾ ਹੈ ਅਤੇ ਜਦੋਂ ਉਸ ਜਗ੍ਹਾ ਦੀ ਕੀਮਤ ਵੱਧ ਗਈ ਤਾਂ ਭੂ-ਮਾਫ਼ੀਆ ਵੱਲੋਂ ਇਸ ਥਾਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਮਨਜੀਤ ਸਿੰਘ ਨੇ ਉਨ੍ਹਾਂ ਦੀ ਸ਼ਿਕਾਇਤ ਕੀਤੀ ਤਾਂ ਉਹ ਪਿੱਛੇ ਹਟ ਗਏ ਪਰ ਸਾਲ 2014 'ਚ ਰੈਵੇਨਿਊ ਵਿਭਾਗ ਦੇ ਇਕ ਪਟਵਾਰੀ ਨੇ ਆ ਕੇ ਉਸ ਦੀ ਜ਼ਮੀਨ ਦਾ ਰਿਕਾਰਡ ਹੀ ਬਦਲ ਦਿੱਤਾ ਅਤੇ ਬਿਨਾਂ ਕਿਸੇ ਕਾਗਜ਼ ਤੋਂ ਸਿਰਫ਼ ਫਰਦ ਦੇ ਹਿਸਾਬ ਨਾਲ ਉਸ ਦੀ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ। ਇਸ ਦੀ ਸ਼ਿਕਾਇਤ ਸਾਬਕਾ ਪ੍ਰਿੰਸੀਪਲ ਨੇ ਲੁਧਿਆਣਾ ਦੇ ਲਗਭਗ ਹਰ ਅਫਸਰ ਨੂੰ ਦਿੱਤੀ ਪਰ ਕਿਸੇ ਨੇ ਵੀ ਉਸ ਨੂੰ ਇਨਸਾਫ ਨਹੀਂ ਦੁਆਇਆ, ਸਗੋਂ ਪਟਵਾਰੀ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਇਸ ਤੋਂ ਬਾਅਦ ਮਜਬੂਰਨ ਉਸ ਨੂੰ ਇਨਸਾਫ ਲਈ ਪਟਿਆਲੇ ਜਾਣਾ ਪਿਆ ਅਤੇ ਪਟਿਆਲਾ ਦੇ ਕਮਿਸ਼ਨਰ ਨੇ ਜਾਂਚ ਕਰਵਾਈ ਅਤੇ ਪਟਵਾਰੀ ਨੂੰ ਮੁਲਜ਼ਮ ਪਾਇਆ।
ਸਾਬਕਾ ਪ੍ਰਿੰਸੀਪਲ ਨੇ ਕਿਹਾ ਕਿ ਪਟਿਆਲਾ ਦੇ ਕਮਿਸ਼ਨਰ ਨੇ ਪਟਵਾਰੀ 'ਤੇ ਕਾਰਵਾਈ ਲਈ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਲਿਖਿਆ ਹੈ ਪਰ ਹਾਲੇ ਤੱਕ ਡੇਢ ਮਹੀਨਾ ਬੀਤ ਜਾਣ ਦੇ ਮਗਰੋਂ ਵੀ ਕੋਈ ਵੀ ਕਾਰਵਾਈ ਪਟਵਾਰੀ 'ਤੇ ਨਹੀਂ ਕੀਤੀ ਗਈ। ਉਸ ਨੇ ਕਿਹਾ ਕਿ ਉਹ 10 ਸਾਲ ਇਸ ਲਈ ਖੱਜਲ ਹੁੰਦਾ ਰਿਹਾ ਅਤੇ ਆਪਣੀ ਨੌਕਰੀ ਵੀ ਉਸ ਨੂੰ ਛੱਡਣੀ ਪਈ। ਪੀੜਤ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਪੰਜਾਬ ਹਰਿਆਣਾ ਹਾਈਕੋਰਟ ਤੋਂ ਲੈ ਕੇ ਕੋਈ ਵੀ ਅਜਿਹੀ ਥਾਂ ਨਹੀਂ, ਜਿੱਥੇ ਉਸ ਨੇ ਇਸ ਦੀ ਸ਼ਿਕਾਇਤ ਨਾ ਕੀਤੀ ਹੋਵੇ ਅਤੇ ਇਨਸਾਫ਼ ਲਈ ਦਰ-ਦਰ ਦੀ ਠੋਕਰਾਂ ਨਾ ਖਾਧੀਆਂ ਹੋਣ। ਜ਼ਿਕਰਯੋਗ ਹੈ ਕਿ ਪੀੜਤ ਨੇ ਇਹ ਵੀ ਦੋਸ਼ ਲਾਇਆ ਹੈ ਕਿ ਇਸ 'ਚ ਪ੍ਰਸ਼ਾਸਨ ਦੇ ਵੱਡੇ ਅਫ਼ਸਰ ਵੀ ਸ਼ਾਮਲ ਹਨ। ਉਸ ਨੇ ਕਿਹਾ ਹੁਣ ਉਹ ਮੀਡੀਆ ਰਾਹੀਂ ਆਪਣੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ।
ਕੁੜੀ ਦੀਆਂ ਅਸ਼ਲੀਲ ਤਸਵੀਰਾਂ ਬਣਾ ਵਟਸਐੱਪ 'ਤੇ ਪਾਈਆਂ, ਮਾਮਲਾ ਦਰਜ
NEXT STORY