ਨਾਭਾ (ਜੈਨ)—ਅੰਧਵਿਸ਼ਵਾਸ਼ ਦੀ ਆੜ੍ਹ ਵਿਚ ਠੱਗ ਆਮ ਲੋਕਾਂ ਨੂੰ ਆਪਣੇ ਮਾਇਆ ਜਾਲ ਵਿਚ ਫਸਾ ਕੇ ਆਸਾਨੀ ਨਾਲ ਲੁੱਟ ਲੈਂਦੇ ਹਨ। ਭੋਲੇ-ਭਾਲੇ ਲੋਕਾਂ ਨੂੰ ਫਿਰ ਵੀ ਅਕਲ ਨਹੀਂ ਆਉਂਦੀ। ਇਸ ਬਲਾਕ ਦੇ ਪਿੰਡ ਰਾਮਗੜ੍ਹ ਦਾ ਇਕ ਕਿਸਾਨ ਹਾਕਮ ਸਿੰਘ ਪੁੱਤਰ ਕਰਤਾਰ ਸਿੰਘ 2 ਪਾਖੰਡੀ ਬਾਬਿਆਂ (ਸਾਧਾਂ) ਦੇ ਮਾਇਆ ਜਾਲ ਵਿਚ ਫਸ ਕੇ ਆਪਣੀ ਸਾਰੀ ਕਮਾਈ ਤੇ ਨਗਦੀ ਆਦਿ ਗੁਆ ਬੈਠਾ। ਕਿਸਾਨ ਨੇ ਪੁਲਸ ਪਾਸ ਲਿਖਤੀ ਸ਼ਿਕਾਇਤ ਦੇ ਕੇ ਦੱਸਿਆ ਕਿ ਉਹ 12 ਵਿੱਘੇ ਜ਼ਮੀਨ ਵਿਚ ਖੇਤੀ ਕਰਦਾ ਸੀ। ਸਾਲ 2018 ਵਿਚ ਕੁਦਰਤੀ ਆਫਤ ਕਾਰਨ ਖੇਤੀ ਕਰਦਿਆਂ ਫਸਲ ਦਾ ਨੁਕਸਾਨ ਹੋਇਆ। ਆਰਥਕ ਮੰਦੀ ਦਾ ਸ਼ਿਕਾਰ ਹੋ ਕੇ ਖੇਤੀ ਛੱਡ ਦਿੱਤੀ। ਜ਼ਮੀਨ ਵੇਚ ਕੇ 35 ਲੱਖ ਰੁਪਏ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ।
ਉਸ ਨੇ ਸੋਚਿਆ ਕਿ ਉਹ ਆਪਣੇ ਦੋਵੇਂ ਬੇਟਿਆਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਵਾ ਦਵੇਗਾ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਸੇ ਦੌਰਾਨ ਇਹ ਕਿਸਾਨ ਪਿੰਡ ਦੇ ਰਾਮ ਭਲਾਈ ਮਦਰ ਵਿਚ ਰਹਿੰਦੇ 2 ਪਾਖੰਡੀ ਸਾਧਾਂ ਬਾਬਾ ਬਾਲਕ ਨਾਥ ਤੇ ਬਾਬਾ ਮੰਗਲ ਦਾਸ ਦੇ ਚੁੰਗਲ ਵਿਚ ਫਸ ਗਿਆ। ਇਹ ਬਾਬੇ ਲੋਕਾਂ ਦਾ ਵਿਸ਼ਵਾਸ਼ ਪ੍ਰਾਪਤ ਕਰਨ ਵਿਚ ਮਾਹਰ ਸਨ। ਕੁੱਝ ਦਿਨਾਂ ਬਾਅਦ ਇਹ ਬਾਬੇ ਮਾਝੀ ਦੇ ਇਕ ਡੇਰੇ ਵਿਚ ਸੇਵਾ ਕਰਨ ਲਈ ਚਲੇ ਗਏ। ਬਾਬਿਆਂ ਨੇ ਕਿਸਾਨ ਨੂੰ ਆਪਣੇ ਮਾਇਆ ਜਾਲ ਵਿਚ ਫਸਾ ਕੇ ਪਿੱਤਲ ਦੇ 3 ਮਟਕੇ (ਗਾਗੜ) ਮੰਗਵਾ ਲਏ। ਬਾਬਿਆਂ ਨੇ ਕਿਸਾਨ ਨੂੰ ਕਿਹਾ ਕਿ ਉਹ ਆਪਣੀ ਰਾਸ਼ੀ (ਬੈਂਕ 'ਚੋਂ ਨਿਕਲਵਾ ਕੇ) ਇਨ੍ਹਾਂ ਮਟਕਿਆਂ ਵਿਚ ਰੱਖ ਦਵੇ। ਕੁੱਝ ਦਿਨਾਂ ਬਾਅਦ ਸਾਰਾ ਪੈਸਾ ਸੋਨੇ ਵਿਚ ਤਬਦੀਲ ਹੋ ਜਾਵੇਗਾ। ਅੰਧ-ਵਿਸ਼ਵਾਸ਼ ਵਿਚ ਫਸੇ ਹਾਕਮ ਸਿੰਘ ਨੇ ਸੋਨੇ ਦੀਆਂ 3 ਮਟਕੀਆਂ ਵਿਚ 6-6 ਲੱਖ ਰੁਪਏ (ਯਾਨੀ 18 ਲੱਖ ਰੁਪਏ) ਪਾ ਦਿੱਤੇ ਅਤੇ ਵੈਲਡਿੰਗ ਕਰਵਾ ਕੇ ਮਟਕੀਆਂ ਸੀਲ ਕਰਵਾ ਦਿੱਤੀਆਂ। ਆਪਣੇ ਪਰਿਵਾਰ ਦੀ ਖੁਸ਼ਹਾਲੀ ਅਤੇ 2 ਬੇਟਿਆਂ ਦੀ ਜ਼ਿੰਦਗੀ ਸੰਵਾਰਨ ਲਈ ਹਾਕਮ ਸਿੰਘ ਹੁਣ ਇਨ੍ਹਾਂ ਬਾਬਿਆਂ ਦੇ ਝਾਂਸੇ ਵਿਚ ਫਸ ਚੁੱਕਾ ਸੀ।
ਜਦੋਂ ਬਾਬਿਆਂ ਨੂੰ ਯਕੀਨ ਹੋਇਆ ਕਿ ਕਿਸਾਨ ਉਨ੍ਹਾਂ ਦੇ ਜਾਲ ਵਿਚ ਫਸ ਗਿਆ ਹੈ ਤਾਂ ਉਨ੍ਹਾਂ ਨੇ ਦੋ ਅਣਜਾਣ ਲੜਕੀਆਂ ਦੀਆਂ ਤਸਵੀਰਾਂ ਦਿਖਾ ਕੇ ਹਾਕਮ ਸਿੰਘ ਦੇ ਦੋਵੇਂ ਬੇਟਿਆਂ ਦੀ ਸ਼ਾਦੀ ਦਾ ਲਾਲਚ ਦੇ ਕੇ ਸ਼ਗਨ ਲਈ ਹੋਰ ਰਕਮ ਵਸੂਲ ਕਰ ਲਈ। ਵਿਆਹ ਦੀ ਤਰੀਕ 3 ਮਈ ਨਿਰਧਾਰਿਤ ਕੀਤੀ ਗਈ, ਜਿਸ ਕਰਕੇ ਕਿਸਾਨ ਹਾਕਮ ਸਿੰਘ ਦੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ। ਮਿਠਾਈਆਂ ਲਈ ਘਰ ਹਲਵਾਈ ਬਿਠਾ ਲਿਆ। ਰੰਗੀਨ ਲਾਈਟਾਂ ਲਗਾਈਆਂ ਗਈਆਂ। ਬਰਾਤ ਰਵਾਨਾ ਹੋਣ ਤੋਂ ਕੁੱਝ ਮਿੰਟ ਪਹਿਲਾਂ ਬਾਬੇ ਇਹ ਕਹਿ ਕੇ ਰਫੂ ਚੱਕਰ ਹੋ ਗਏ ਕਿ ਦੋਵੇਂ ਲੜਕੀਆਂ (ਸਗੀ ਭੈਣਾਂ) ਦੀ ਮਾਤਾ ਦਾ ਦਿਹਾਂਤ ਹੋ ਗਿਆ। ਹੁਣ ਵਿਆਹ 2-3 ਦਿਨਾਂ ਬਾਅਦ ਹੋਵੇਗਾ। ਤੁਰੰਤ ਸ਼ੱਕ ਪੈਣ 'ਤੇ ਹਾਕਮ ਸਿੰਘ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨਾਲਜਦੋਂ ਡੇਰੇ ਪਹੁੰਚਿਆ ਤਾਂ ਦੇਖਿਆ ਕਿ ਪਿੱਤਲ ਦੀਆਂ ਮਟਕੀਆਂ ਦੀ ਸੀਲਾਂ ਟੁੱਟ ਚੁੱਕੀਆਂ ਸਨ ਅਤੇ ਨਗਦੀ ਦੀ ਥਾਂ ਚਾਵਲ ਸੀ। ਹਾਕਮ ਸਿੰਘ ਨੂੰ ਬਾਬੇ 30 ਲੱਖ ਰੁਪਏ ਦੀ ਠੱਗੀ ਲਾ ਗਏ। ਜ਼ਿੰਦਗੀ ਭਰ ਦੀ ਕਮਾਈ ਲੁੱਟਣ ਕਾਰਨ ਪਰਿਵਾਰ ਸਦਮੇ ਵਿਚ ਹੈ।
ਐਸ. ਐਚ. ਓ. ਸ਼ਸ਼ੀ ਕਪੂਰ ਅਨੁਸਾਰ ਕਿਸਾਨ ਆਪਣੇ ਬੇਟਿਆਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਵਿਚ ਫਸ ਕੇ ਸਾਜਿਸ਼ ਵਿਚ ਉਲਝ ਗਿਆ, ਜਿਸ ਦੀ ਡੂੰਘਾਈ ਨਾਲ ਪੜ੍ਹਤਾਲ ਜਾਰੀ ਹੈ। ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਹਾਕਮ ਸਿੰਘ ਡੇਰੇ ਵਿ ਸੇਵਾ ਕਰਨ ਜਾਂਦਾ ਸੀ ਅਤੇ ਬਾਬਿਆਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਬਾਬਿਆਂ ਦੀ ਭਾਲ ਜਾਰੀ ਹੈ। ਵਰਨਣਯੋਗ ਹੈ ਕਿ ਅਜਿਹੇ ਨਕਲੀ ਪਾਖੰਡੀ ਬਾਬਿਆਂ ਵਲੋਂ ਸ਼ਹਿਰ ਵਿਚ ਵੀ ਮਹਿਲਾਵਾਂ ਨੂੰ ਝਾਂਸਾ ਦੇ ਕੇ ਲੁੱਟਣ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਕੋਈ ਸੁਰਾਗ ਨਹੀਂ ਮਿਲਿਆ।
ਪਾਕਿ ਦੀ ਗੋਲੀ ਦਾ ਜਵਾਬ ਗੋਲੇ ਨਾਲ ਦੇਵੇਗੀ ਮੋਦੀ ਸਰਕਾਰ : ਸ਼ਾਹ
NEXT STORY