ਬੋਹਾ(ਜ.ਬ)- ਨੇੜਲੇ ਪਿੰਡ ਮੱਲ ਸਿੰਘ ਵਾਲਾ ਦੇ ਇਕ ਗਰੀਬ ਨੌਜਵਾਨ ਨਾਲ ਕੁਝ ਨੌਸਰਬਾਜ਼ਾਂ ਵੱਲੋਂ ਫੌਜ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 2 ਲੱਖ 50 ਹਜ਼ਾਰ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਵਿਅਕਤੀ ਨੇ ਇਸ ਸਬੰਧੀ ਐੱਸ.ਐੱਸ.ਪੀ. ਮਾਨਸਾ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਮੱਲ ਸਿੰਘ ਵਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਕੁ ਸਾਲ ਪਹਿਲਾਂ ਉਹ ਆਪਣੀ ਮਾਸੀ ਨੂੰ ਮਿਲਣ ਪਿੰਡ ਹਮੀਰਗੜ੍ਹ ਢੈਪਈ ਜ਼ਿਲਾ ਮਾਨਸਾ ਗਿਆ ਸੀ, ਜਿਥੇ ਉਸ ਦੀ ਮੁਲਾਕਾਤ ਉਸ ਦੇ ਮਾਸੜ ਸ਼ਮਸ਼ੇਰ ਸਿੰਘ ਨੇ ਪਿੰਡ ਦੇ ਹੀ ਇਕ ਵਿਅਕਤੀ ਲੀਲਾ ਸਿੰਘ ਨਾਲ ਕਰਵਾਈ । ਮੁਲਾਕਾਤ ਸਮੇਂ ਲੀਲਾ ਸਿੰਘ ਨੇ ਉਸ ਨੂੰ ਆਖਿਆ ਕਿ ਮੇਰਾ ਪੁੱਤਰ ਗੁਰਪ੍ਰੀਤ ਸਿੰਘ ਫੌਜ 'ਚ ਭਰਤੀ ਹੋਇਆ ਹੈ ਤੇ ਉਸ ਦੀ ਜਾਣ-ਪਛਾਣ ਫੌਜ ਦੇ ਉੱਚ ਅਧਿਕਾਰੀਆਂ ਨਾਲ ਹੈ, ਇਸ ਲਈ ਜੇਕਰ ਤੂੰ ਫੌਜ 'ਚ ਭਰਤੀ ਹੋਣਾ ਚਾਹੁੰਦਾ ਹੈ ਤਾਂ ਤੇਰੇ 2 ਲੱਖ ਰੁਪਏ ਲੱਗਣਗੇ ਅਤੇ ਮੈਂ ਤੈਨੂੰ ਫੌਜ 'ਚ ਭਰਤੀ ਕਰਵਾ ਦਿੰਦਾ ਹਾਂ । ਪੀੜਤ ਲੜਕੇ ਨੇ ਜਦੋਂ ਦੱਸਿਆ ਕਿ ਮੇਰੀ ਉਮਰ ਦੀ ਹੱਦ ਫੌਜ 'ਚ ਭਰਤੀ ਹੋਣ ਦੀ ਉਮਰ ਤੋਂ ਲੰਘ ਚੁਕੀ ਹੈ ਤਾਂ ਲੀਲਾ ਸਿੰਘ ਨੇ ਆਖਿਆ ਕਿ ਤੇਰੇ ਲੋੜੀਂਦੇ ਦਸਤਾਵੇਜ਼ ਮੈਂ ਤਿਆਰ ਕਰਵਾਵਾਂਗਾ, ਜਿਸ 'ਤੇ 50 ਹਜ਼ਾਰ ਰੁਪਏ ਹੋਰ ਖਰਚ ਆਵੇਗਾ, ਜਿਸ ਉਪਰੰਤ ਕੋਈ ਅੜਿੱਕਾ ਨਹੀਂ ਆਵੇਗਾ । ਨੌਜਵਾਨ ਅਨੁਸਾਰ ਉਸ ਨੇ ਮਿਤੀ 20-5-2014 ਨੂੰ ਆਪਣੇ ਮਾਸੜ ਸ਼ਮਸ਼ੇਰ ਸਿੰਘ ਅਤੇ ਪਿੰਡ ਮੱਲ ਸਿੰਘ ਵਾਲਾ ਦੇ ਇਕ ਵਿਅਕਤੀ ਬੀਰਬਲ ਸਿੰਘ ਦੇ ਸਾਹਮਣੇ ਉਕਤ ਵਿਅਕਤੀ ਲੀਲਾ ਸਿੰਘ ਅਤੇ ਉਸ ਦੇ ਸਾਥੀ ਬਬਲੀ ਸਿੰਘ ਵਾਸੀ ਹਰੀਗੜ੍ਹ ਨੂੰ ਦੋ ਲੱਖ ਰੁਪਏ ਫੜਾ ਦਿੱਤੇ ਤੇ ਇਹ ਵਿਅਕਤੀ ਜਲਦੀ ਭਰਤੀ ਕਰਵਾਉਣ ਦਾ ਵਾਅਦਾ ਕਰ ਕੇ ਚਲੇ ਗਏ । ਤਕਰੀਬਨ ਇਕ ਮਹੀਨੇ ਬਾਅਦ ਇਹ ਕੁਝ ਨਕਲੀ ਦਸਤਾਵੇਜ਼ ਤਿਆਰ ਕਰਵਾ ਕੇ ਮੇਰੇ ਕੋਲ ਆਏ ਅਤੇ ਮੇਰੇ ਕੋਲੋਂ 50 ਹਜ਼ਾਰ ਰੁਪਏ ਹੋਰ ਲੈ ਗਏ ਪਰ ਲਗਭਗ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੈਨੂੰ ਕੋਈ ਨੌਕਰੀ ਨਹੀਂ ਮਿਲੀ ਅਤੇ ਜਦੋਂ ਮੈਂ ਇਨ੍ਹਾਂ ਵਿਅਕਤੀਆਂ ਤੋਂ ਅਪਣੇ ਪੈਸੇ ਵਾਪਸ ਮੰਗੇ ਤਾਂ ਇਹ ਤੈਸ਼ 'ਚ ਆ ਕੇ ਕਹਿਣ ਲੱਗੇ, ਹਾਂ ਅਸੀਂ ਤੇਰੇ ਨਾਲ ਠੱਗੀ ਮਾਰੀ ਹੈ, ਤੂੰ ਕਰ ਲੈ ਜੋ ਕੁਝ ਕਰਨੈ । ਪੀੜਤ ਵਿਅਕਤੀ ਸੰਦੀਪ ਸਿੰਘ ਨੇ ਐੱਸ. ਐੱਸ. ਪੀ. ਮਾਨਸਾ ਸਮੇਤ ਸਮੂਹ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਕਤ ਠੱਗਾਂ ਨੂੰ ਗ੍ਰਿਫਤਾਰ ਕਰ ਕੇ 420 ਦਾ ਪਰਚਾ ਦਰਜ ਕਰਨ ਦੇ ਨਾਲ-ਨਾਲ ਮੇਰੀ ਰਕਮ ਵਾਪਸ ਦਵਾਈ ਜਾਵੇ।
ਬੇਸਹਾਰਾ ਗਾਂ ਨਾਲੇ 'ਚ ਡਿੱਗੀ
NEXT STORY