ਸਾਹਨੇਵਾਲ(ਜਗਰੂਪ)-ਧਾਗੇ ਦੇ ਇਕ ਕਾਰੋਬਾਰੀ ਨੇ ਆਪਣੇ ਖਰੀਦਦਾਰ ਦੂਸਰੇ ਕਾਰੋਬਾਰੀ ਖਿਲਾਫ ਬਣਦੀ ਰਕਮ ਨਾ ਦੇਣ ਅਤੇ ਧੋਖਾਦੇਹੀ ਕਰਨ ਦੇ ਗੰਭੀਰ ਦੋਸ਼ ਲਾਉਂਦੇ ਹੋਏ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਉਕਤ ਕਾਰੋਬਾਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ। ਜਾਂਚ ਦੌਰਾਨ ਦੋਸ਼ੀ ਕਾਰੋਬਾਰੀ ਨੇ ਆਪਣਾ ਪੱਖ ਰੱਖਦੇ ਹੋਏ ਆਪਣੀ ਪੇਮੈਂਟ ਆਉਣ ਦੇ ਬਾਅਦ ਉਕਤ ਫਰਮ ਨੂੰ ਪੇਮੈਂਟ ਕਰਨ ਦਾ ਦਾਅਵਾ ਕੀਤਾ ਹੈ। ਚੌਕੀ ਰਾਮਗੜ੍ਹ ਦੀ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਕੁਹਾੜਾ ਵਿਖੇ ਸਥਿਤ ਸ਼ਰਮਨ ਜੀ ਯਾਰਨਜ਼, ਕੁਹਾੜਾ ਦੇ ਐੱਮ. ਡੀ. ਆਸ਼ੂ ਜੈਨ ਪੁੱਤਰ ਜਤਿੰਦਰ ਕੁਮਾਰ ਵਾਸੀ ਮੇਜਰ ਗੁਰਦਿਆਲ ਸਿੰਘ ਰੋਡ, ਸਿਵਲ ਲਾਈਨ, ਲੁਧਿਆਣਾ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਰ. ਬੀ. ਐਕਸਪੋਰਟਰਜ਼, ਲੁਧਿਆਣਾ ਨੂੰ ਧਾਗੇ ਦੀ ਸਪਲਾਈ ਕਰ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਹੁਣ ਤੱਕ ਕਰੀਬ 9 ਕਰੋੜ ਰੁਪਏ ਦੇ ਧਾਗੇ ਦੀ ਸਪਲਾਈ ਕੀਤੀ ਸੀ, ਜਿਸ 'ਚੋਂ ਉਨ੍ਹਾਂ ਨੇ 6 ਕਰੋੜ ਦੀ ਰਾਸ਼ੀ ਅਦਾ ਕਰ ਦਿੱਤੀ ਸੀ ਪਰ ਬਾਕੀ ਰਹਿੰਦੀ 3 ਕਰੋੜ ਦੀ ਰਾਸ਼ੀ ਦੇਣ ਲਈ ਉਕਤ ਫਰਮ ਦੇ ਮਾਲਕ ਰਵਿੰਦਰ ਕੁਮਾਰ ਪੁੱਤਰ ਹੰਸ ਰਾਜ ਵਾਸੀ ਕਿਦਵਈ ਨਗਰ, ਲੁਧਿਆਣਾ ਵੱਲੋਂ ਲਗਾਤਾਰ ਲਾਰੇਬਾਜ਼ੀ ਕੀਤੀ ਜਾ ਰਹੀ ਹੈ।
ਕੀ ਕਿਹਾ ਦੋਸ਼ੀ ਧਿਰ ਨੇ
ਓਧਰ ਇਸ ਸਬੰਧ 'ਚ ਰਵਿੰਦਰ ਕੁਮਾਰ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਕਤ ਫਰਮ ਤੋਂ ਉਹ ਧਾਗਾ ਖਰੀਦ ਕਰਦੇ ਸਨ ਪਰ ਉਕਤ ਫਰਮ ਉਨ੍ਹਾਂ ਦੇ ਗਾਹਕਾਂ ਨੂੰ ਹੀ ਸਿੱਧੇ ਤੌਰ 'ਤੇ ਧਾਗਾ ਸਪਲਾਈ ਕਰ ਦਿੰਦੀ ਸੀ। ਕਈ ਵਾਰ ਉਨ੍ਹਾਂ ਨੂੰ ਸਪਲਾਈ ਕੀਤੇ ਗਏ ਧਾਗੇ ਦੀ ਕੁਆਲਿਟੀ ਉਨ੍ਹਾਂ ਦੇ ਖਰੀਦਦਾਰਾਂ ਨੂੰ ਹਾਸਲ ਹੋਏ ਧਾਗੇ ਤੋਂ ਮਾੜੀ ਹੁੰਦੀ ਸੀ, ਜਿਸ ਕਾਰਨ ਉਨ੍ਹਾਂ ਦੀ ਕਾਫੀ ਪੇਮੈਂਟ ਮਾਰਕੀਟ 'ਚ ਰੁਕ ਗਈ। ਇਸੇ ਵਜ੍ਹਾ ਨਾਲ ਉਕਤ ਸ਼ਰਮਨ ਜੀ ਯਾਰਨ ਦੀ 3 ਕਰੋੜ ਦੀ ਪੇਮੈਂਟ ਬਕਾਇਆ ਖੜ੍ਹੀ ਹੋ ਗਈ। ਰਵਿੰਦਰ ਕੁਮਾਰ ਨੇ ਦੱਸਿਆ ਕਿ ਜਿਵੇਂ-ਜਿਵੇਂ ਮਾਰਕੀਟ 'ਚੋਂ ਉਨ੍ਹਾਂ ਦੀ ਪੇਮੈਂਟ ਕਲੀਅਰ ਹੋਵੇਗੀ, ਉਹ ਉਕਤ ਫਰਮ ਦੀ ਪੇਮੈਂਟ ਕਲੀਅਰ ਕਰ ਦੇਣਗੇ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਅਮਲ 'ਚ ਲਿਆਂਦੀ ਹੈ।
ਪੈਦਲ ਜਾ ਰਹੀ ਔਰਤ ਦਾ ਮੋਬਾਇਲ ਖੋਹਿਆ
NEXT STORY