ਚੰਡੀਗੜ੍ਹ (ਸੁਸ਼ੀਲ ਰਾਜ) : ਆਸਟ੍ਰੇਲੀਆ ਤੋਂ ਖ਼ੁਦ ਨੂੰ ਦੋਸਤ ਸੁਰਿੰਦਰਪਾਲ ਦੱਸ ਕੇ ਇਕ ਠੱਗ ਨੇ ਸੈਕਟਰ-40 ਦੇ ਵਸਨੀਕ ਪ੍ਰਫੁੱਲ ਮੋਹਨ ਸਿਨਹਾ ਨਾਲ 13 ਲੱਖ 50 ਹਜ਼ਾਰ ਦੀ ਠੱਗੀ ਮਾਰ ਲਈ। ਠੱਗ ਨੇ ਵਟਸਐਪ ਰਾਹੀਂ ਪ੍ਰਫੁੱਲ ਮੋਹਨ ਸਿਨਹਾ ਦੇ ਖ਼ਾਤੇ ’ਚ 18 ਲੱਖ 46 ਹਜ਼ਾਰ 750 ਰੁਪਏ ਭੇਜਣ ਦੀ ਰਸੀਦ ਵੀ ਪਾਈ ਸੀ ਪਰ ਉਸ ਦੇ ਖ਼ਾਤੇ ’ਚ ਪੈਸੇ ਟਰਾਂਸਫਰ ਨਹੀਂ ਕੀਤੇ ਗਏ। ਇਸ ਤੋਂ ਪਹਿਲਾਂ ਸਿਨਹਾ ਨੇ ਦੋਸਤ ਸੁਰਿੰਦਰ ਪਾਲ ਦੇ ਦੱਸੇ ਖ਼ਾਤੇ 'ਚ ਪੈਸੇ ਟਰਾਂਸਫਰ ਕੀਤੇ ਸਨ। ਉਸ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਕੀਤੀ। ਸਾਈਬਰ ਸੈੱਲ ਨੇ ਸੈਕਟਰ-40 ਦੇ ਵਸਨੀਕ ਪ੍ਰਫੁੱਲ ਮੋਹਨ ਸਿਨਹਾ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਪ੍ਰਫੁੱਲ ਮੋਹਨ ਨੇ ਸਾਈਬਰ ਸੈੱਲ ਨੂੰ ਦੱਸਿਆ ਕਿ 29 ਸਤੰਬਰ 2022 ਨੂੰ ਆਸਟ੍ਰੇਲੀਆ ਤੋਂ ਇਕ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਦੋਸਤ ਸੁਰਿੰਦਰ ਪਾਲ ਵਜੋਂ ਦੱਸੀ ਸੀ। ਉਸ ਨੇ ਦੱਸਿਆ ਕਿ ਉਸ ਦੇ ਦੋਸਤ ਜਸਪਾਲ ਸਿੰਘ ਦੀ ਪਤਨੀ ਕੋਲਕਾਤਾ ਦੇ ਹਸਪਤਾਲ ਵਿਚ ਦਾਖ਼ਲ ਹੈ। ਜਸਪਾਲ ਨੂੰ ਆਪ੍ਰੇਸ਼ਨ ਲਈ 18 ਲੱਖ ਰੁਪਏ ਦੀ ਲੋੜ ਹੈ। ਉਹ ਆਪਣੇ ਖ਼ਾਤੇ ਵਿਚ 18 ਲੱਖ 46 ਹਜ਼ਾਰ 750 ਰੁਪਏ ਜਮ੍ਹਾਂ ਕਰਵਾ ਰਿਹਾ ਹੈ। ਸੁਰਿੰਦਰ ਪਾਲ ਨੇ ਸਿਨਹਾ ਨੂੰ ਵਟਸਐਪ ’ਤੇ ਜਮ੍ਹਾਂ ਕਰਵਾਏ ਪੈਸਿਆਂ ਦੀ ਰਸੀਦ ਭੇਜ ਕੇ ਫੋਨ ਕੀਤਾ ਅਤੇ ਕਿਹਾ ਕਿ ਦੋਸਤ ਜਸਪਾਲ ਹੁਣੇ ਕਾਲ ਕਰੇਗਾ। ਉਸ ਦੇ ਖ਼ਾਤੇ ਵਿਚ 18 ਲੱਖ ਰੁਪਏ ਪਾ ਦਿਓ। ਥੋੜ੍ਹੀ ਦੇਰ ਬਾਅਦ ਜਸਪਾਲ ਨੇ ਸਿਨਹਾ ਨੂੰ ਫੋਨ ਕਰ ਕੇ ਪੈਸੇ ਮੰਗੇ। ਜਸਪਾਲ ਨੇ ਉਸ ਨੂੰ ਖ਼ਾਤਾ ਨੰਬਰ ਦਿੱਤਾ। ਸਿਨਹਾ ਨੇ ਖ਼ਾਤੇ ’ਚ 13 ਲੱਖ 50 ਹਜ਼ਾਰ ਰੁਪਏ ਟਰਾਂਸਫਰ ਕਰ ਦਿੱਤੇ।
ਸੁਰਿੰਦਰ ਪਾਲ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕਿ ਧੋਖਾਦੇਹੀ ਹੋ ਗਈ ਹੈ
ਜਦੋਂ ਸੁਰਿੰਦਰ ਪਾਲ ਵਲੋਂ ਜਮ੍ਹਾਂ ਕਰਵਾਏ ਪੈਸੇ ਸਿਨਹਾ ਦੇ ਖ਼ਾਤੇ ਵਿਚ ਨਹੀਂ ਆਏ ਤਾਂ ਉਸ ਨੇ ਸੁਰਿੰਦਰ ਪਾਲ ਨੂੰ ਫੋਨ ਕੀਤਾ। ਸੁਰਿੰਦਰ ਪਾਲ ਨੇ ਉਸ ਨੂੰ ਦੱਸਿਆ ਕਿ ਉਸ ਨੇ ਪੈਸੇ ਮੰਗਣ ਲਈ ਕੋਈ ਫੋਨ ਨਹੀਂ ਕੀਤਾ। ਸਿਨਹਾ ਨੇ ਉਸ ਵਟਸਐਪ ਨੰਬਰ ’ਤੇ ਕਾਲ ਕੀਤੀ, ਜਿਸ ਤੋਂ ਕਾਲ ਆਈ ਸੀ ਪਰ ਠੱਗ ਨੇ ਫੋਨ ਨਹੀਂ ਚੁੱਕਿਆ। ਸਿਨਹਾ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਵਿਅਕਤੀਆਂ ’ਤੇ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ।
ਧੀ ਦੇ ਵਿਆਹ 'ਤੇ ਬੁੱਕ ਕਰਵਾਈ ਕਾਰ ਨਹੀਂ ਮਿਲੀ ਤਾਂ ਪਿਓ ਨੇ ਇੱਜ਼ਤ ਬਚਾਉਣ ਖ਼ਾਤਰ ਕੀਤਾ ਇਹ ਕੰਮ
NEXT STORY