ਖਰੜ (ਰਣਬੀਰ) : ਫਲੈਟ ਵੇਚਣ ਦੇ ਨਾਂ ’ਤੇ ਔਰਤ ਨਾਲ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਪੁਲਸ ਨੇ ਪ੍ਰਾਪਰਟੀ ਡੀਲਰ ਜੋੜੇ ਸਮੇਤ ਕੁੱਲ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਮੋਹਾਲੀ ਨੂੰ ਦਿੱਤੀ ਸ਼ਿਕਾਇਤ 'ਚ ਸਿੰਮੀ ਚੌਹਾਨ ਵਾਸੀ ਮੋਹਾਲੀ ਨੇ ਦੱਸਿਆ ਕਿ ਅਗਸਤ, 2023 'ਚ ਸੋਸ਼ਲ ਮੀਡੀਆ ਰਾਹੀਂ ਉਸਦਾ ਸ਼ਿਵ ਕੁਮਾਰ ਸ਼ਰਮਾ ਨਾਲ ਸੰਪਰਕ ਹੋਇਆ ਸੀ। ਉਸ ਨੇ ਉਸ ਨੂੰ ਖਰੜ 'ਚ ਸਸਤੇ ਭਾਅ 'ਚ ਫਲੈਟ ਲੈਣ ਲਈ ਦਫ਼ਤਰ ਬੁਲਾਇਆ।
ਜਦੋਂ ਉਹ ਦਿੱਤੇ ਪਤੇ ’ਤੇ ਪਹੁੰਚੀ ਤਾਂ ਉਸ ਦੀ ਮੁਲਾਕਾਤ ਸੈਕਟਰ-125 ਸੰਨੀ ਐਨਕਲੇਵ ਦੇ ਰਹਿਣ ਵਾਲੇ ਵਿਕਾਸ ਸ਼ਰਮਾ ਨਾਲ ਹੋਈ। ਉੱਥੇ ਉਸ ਨੇ ਉਸ ਨੂੰ ਸੈਕਟਰ-123 ਸੰਨੀ ਐਨਕਲੇਵ ਦੇ ਜਲਵਾਯੂ ਟਾਵਰ ਦੇ ਰਹਿਣ ਵਾਲੇ ਜੋੜੇ ਸ਼ਿਵਕੁਮਾਰ ਸ਼ਰਮਾ ਅਤੇ ਨੇਹਾ ਸ਼ਰਮਾ ਨਾਲ ਮਿਲਾਇਆ। ਮੁਲਜ਼ਮਾਂ ਨੇ ਏਕਮ ਹਾਈਟਸ 'ਚ ਫਲੈਟ ਦਿਖਾਇਆ ਅਤੇ 25 ਲੱਖ ਰੁਪਏ 'ਚ ਸੌਦਾ ਤੈਅ ਹੋ ਗਿਆ। ਬਿਆਨਾ ਵਜੋਂ ਸ਼ਿਵਕੁਮਾਰ ਸ਼ਰਮਾ ਨੂੰ 4.79 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਚੈੱਕ ਰਾਹੀਂ ਦਿੱਤੇ ਗਏ।
ਇਸ ਤੋਂ ਇਲਾਵਾ 21000 ਰੁਪਏ ਐਡਵਾਂਸ ਵੀ ਦਿੱਤੇ ਗਏ, ਜੋ ਕੁੱਲ ਮਿਲਾ ਕੇ 10 ਲੱਖ ਰੁਪਏ ਸੀ। ਕੁੱਝ ਦਿਨਾਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਉਕਤ ਪ੍ਰਾਜੈਕਟ 'ਚਹੀ ਕਿਸੇ ਚੰਗੀ ਥਾਂ ’ਤੇ ਫਲੈਟ ਦਿਵਾਉਣ ਦੀ ਗੱਲ ਕੀਤੀ, ਜੋ ਕਿ 26.50 ਲੱਖ ਰੁਪਏ ਵਿਚ ਹੋਈ। ਬਿਆਨਾ ਵਜੋਂ ਸ਼ਿਵ ਕੁਮਾਰ ਸ਼ਰਮਾ ਦੇ ਖ਼ਾਤੇ ਵਿਚ 5 ਲੱਖ ਆਰ. ਟੀ. ਜੀ. ਐੱਸ. ਕੀਤੇ। ਇਸ ਤਰ੍ਹਾਂ ਮੁਲਜ਼ਮਾਂ ਨੂੰ ਆਪਣੀ ਧੀ ਦੀ ਐੱਫ. ਡੀ. ਤੋੜ ਕੇ 2 ਫਲੈਟਾਂ ਲਈ ਕੁੱਲ 15 ਲੱਖ ਰੁਪਏ ਬਿਆਨੇ ਵਜੋਂ ਦਿੱਤੇ ਗਏ।
ਪੈਸੇ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਦਸੰਬਰ 2023 ਵਿਚ ਦੋਹਾਂ ਫਲੈਟਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦਾ ਸਮਾਂ ਤੈਅ ਕੀਤਾ ਸੀ ਪਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ। ਵਾਰ-ਵਾਰ ਸੰਪਰਕ ਕਰਨ ’ਤੇ ਮੁਲਜ਼ਮ ਟਾਲ-ਮਟੋਲ ਕਰਦੇ ਰਹੇ। ਜਦੋਂ ਉਸ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਉਸ ਨਾਲ ਸਮਝੌਤਾ ਕਰ ਲਿਆ ਤੇ ਚਾਰ ਚੈੱਕ ਦੇ ਕੇ 15 ਲੱਖ ਰੁਪਏ ਵਾਪਸ ਕਰਨ ਲਈ ਰਾਜ਼ੀ ਹੋ ਗਏ ਪਰ ਚੈੱਕ ਬਾਊਂਸ ਹੋ ਗਿਆ। ਇਸ ਤੋਂ ਬਾਅਦ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਮਰਨਾਥ ਯਾਤਰਾ ਕਰ ਪੰਜਾਬ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ! ਚੱਲਦੀ ਬੱਸ 'ਚੋਂ ਮਾਰੀਆਂ ਛਾਲਾਂ
NEXT STORY