ਚੰਡੀਗੜ੍ਹ (ਸੁਸ਼ੀਲ) : ਅਪਸਟੌਕਸ ਦੀ ਅੰਤਰਰਾਸ਼ਟਰੀ ਸ਼ਾਖਾ ਰਾਹੀਂ ਸ਼ੇਅਰ ਮਾਰਕਿਟ ’ਚ ਪੈਸੇ ਇਨਵੈਸਟ ਕਰਨ ਦੇ ਨਾਂ ’ਤੇ ਠੱਗਾਂ ਨੇ ਵਿਅਕਤੀ ਨਾਲ 57 ਲੱਖ ਦੀ ਠੱਗੀ ਕਰ ਲਈ ਹੈ। ਸ਼ਿਕਾਇਤਕਰਤਾ ਮਾਧਵਜੀਤ ਸਿੰਘ ਗਰੇਵਾਲ ਨੇ ਜਦੋਂ ਪੈਸੇ ਵਾਪਸ ਮੰਗੇ ਤਾਂ ਠੱਗਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੀੜਤ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਐਕਾਊਂਟ ਨੰਬਰ ਰਾਹੀਂ ਠੱਗਾਂ ਨੂੰ ਫੜ੍ਹਨ ’ਚ ਲੱਗੀ ਹੋਈ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀੜਤ ਨੇ ਦੱਸਿਆ ਕਿ ਉਸ ਨੇ 9 ਮਈ 2024 ਨੂੰ ਇੰਸਟਾਗ੍ਰਾਮ ’ਤੇ ਇਸ਼ਤਿਹਾਰ ਰਾਹੀਂ ਸਿਖਲਾਈ ਕਲਾਸ ਲਈ ਸਾਈਨਅੱਪ ਕੀਤਾ ਸੀ।
ਉਸ ਨੂੰ ਇੱਕ ਗਰੁੱਪ ’ਚ ਸ਼ਾਮਲ ਕਰ ਕੇ ਅੱਪਸਟੌਕਸ ਲਈ ਅੰਤਰਰਾਸ਼ਟਰੀ ਵੈੱਬਸਾਈਟ ਰਾਹੀਂ ਨਿਵੇਸ਼ ਕਰਨ ਲਈ ਕਿਹਾ ਗਿਆ। ਗਰੁੱਪ ਚਲਾਉਣ ਵਾਲੇ ਵਿਅਕਤੀ ਨੇ ਪਛਾਣ ਰਜਤ ਚੋਪੜਾ ਵਜੋਂ ਦੱਸੀ। ਉਸ ਨੇ ਕਿਹਾ ਕਿ ਉਹ ਗਲੋਬਲ ਟ੍ਰੇਡਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈ ਰਹੇ ਹਨ। ਸ਼ੁਰੂ ’ਚ ਅੱਪਸਟੌਕਸ ਲਈ ਅੰਤਰਰਾਸ਼ਟਰੀ ਟ੍ਰੇਡਿੰਗ ਖ਼ਾਤੇ ’ਚ 10 ਲੱਖ ਰੁਪਏ ਨਿਵੇਸ਼ ਕਰਨ ਲਈ ਕਿਹਾ। ਸ਼ਿਕਾਇਤਕਰਤਾ ਨੇ 18 ਜੁਲਾਈ 2024 ਨੂੰ ਵੱਖ-ਵੱਖ ਬੈਂਕ ਖ਼ਾਤਿਆਂ ਰਾਹੀਂ 9 ਲੱਖ 50 ਹਜ਼ਾਰ ਰੁਪਏ ਦਾ ਭੁਗਤਾਨ ਕੀਤਾ। ਸ਼ਿਕਾਇਤਕਰਤਾ ਨੇ ਅਪਸਟੌਕਸ ਵੈੱਬਸਾਈਟ ਦੀ ਜਾਂਚ ਕੀਤੀ ਤਾਂ ਅਜਿਹੀ ਕੋਈ ਵੈੱਬਸਾਈਟ ਨਹੀਂ ਮਿਲੀ। ਰਜਤ ਚੋਪੜਾ ਨੇ 50 ਲੱਖ ਰੁਪਏ ਨਿਵੇਸ਼ ਕਰਨ ਲਈ ਕਿਹਾ ਅਤੇ ਸ਼ੇਅਰ ਬਾਜ਼ਾਰ ’ਚ ਪੈਸੇ ਇਨਵੈਸਟ ਕਰਨ ਲਈ 50 ਲੱਖ ਰੁਪਏ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਕੀਤੀ। ਪ੍ਰਭਾਵਿਤ ਹੋ ਕੇ ਕਰਜ਼ਾ ਲੈਣ ਲਈ ਸਹਿਮਤੀ ਹੋ ਗਈ। ਉਸ ਦੇ ਖ਼ਾਤੇ ’ਚ ਲੋਨ ਨਹੀਂ ਆਇਆ ਤੇ ਬਾਅਦ ’ਚ ਉਸ ਨੂੰ ਕਰਜ਼ੇ ਦੇ 47 ਲੱਖ ਰੁਪਏ ਜਮ੍ਹਾਂ ਕਰਵਾਉਣ ਲਈ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
25 ਲੱਖ ਦਾ ਕਰਜ਼ਾ ਲੈ ਕੇ ਠੱਗਾਂ ਦੇ ਖ਼ਾਤੇ ’ਚ ਪੈਸੇ ਕਰਵਾਏ ਜਮ੍ਹਾਂ
ਮਾਧਵਜੀਤ ਨੇ ਪਰਿਵਾਰ ਦੇ ਡਰੋਂ ਆਪਣੀ ਬੱਚਤ ’ਚੋਂ ਪੈਸੇ ਕੱਢਵਾ ਲਏ ਤੇ ਡਿਜੀਟਲ ਲੋਨ ਦਾ ਭੁਗਤਾਨ ਕਰਨ ਲਈ ਬਜਾਜ ਅਲਾਇੰਸ ਤੋਂ 25 ਲੱਖ ਰੁਪਏ ਦਾ ਕਰਜ਼ਾ ਲਿਆ ਤੇ ਪੈਸੇ ਧੋਖੇਬਾਜ਼ਾਂ ਦੇ ਖ਼ਾਤੇ ’ਚ ਜਮ੍ਹਾਂ ਕਰਵਾ ਦਿੱਤੇ। ਸ਼ਿਕਾਇਤਕਰਤਾ ਦੇ ਖ਼ਾਤੇ ’ਚ ਇਕ ਕਰੋੜ ਅੱਠ ਲੱਖ ਰੁਪਏ ਦਿਖਾਈ ਦਿੱਤੇ। ਜਦੋਂ ਉਸ ਨੇ 80 ਲੱਖ ਰੁਪਏ ਕੱਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਕੰਪਨੀ ਮੁਲਾਜ਼ਮਾਂ ਨੇ ਕਿਹਾ ਕਿ ਪਹਿਲਾਂ 40 ਲੱਖ ਰੁਪਏ ਦਾ ਭੁਗਤਾਨ ਕਰਨਾ ਪਵੇਗਾ। 19 ਅਗਸਤ ਨੂੰ ਰਜਤ ਚੋਪੜਾ ਨੇ ਕਿਹਾ ਕਿ ਉਨ੍ਹਾਂ ਦੇ ਖ਼ਾਤੇ ’ਚੋਂ 35 ਲੱਖ ਰੁਪਏ ਪਾਸ ਕਰ ਦੇਵੇਗਾ। ਇਸ ਲਈ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣੇ ਹੋਣਗੇ। 25 ਨਵੰਬਰ ਨੂੰ ਸ਼ਿਕਾਇਤਕਰਤਾ ਨੇ 5 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਜਦੋਂ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ ਤੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਪੰਜਾਬ 'ਚ ਸਨਸਨੀਖੇਜ਼ ਵਾਰਦਾਤਾਂ ਦੀ ਸਾਜ਼ਿਸ਼! AGTF ਨੇ ਕੀਤੀ ਨਾਕਾਮ
NEXT STORY