ਬਠਿੰਡਾ (ਵਿਜੈ) : ਸਥਾਨਕ ਬੇਅੰਤ ਸਿੰਘ ਨਗਰ 'ਚ ਝਾੜ-ਫੂਕ ਕਰਨ ਵਾਲਾ ਇਕ ਬਾਬਾ ਕਰੀਬ ਚਾਰ ਦਰਜਨ ਔਰਤਾਂ ਤੋਂ ਲੱਖਾਂ ਰੁਪਏ ਦਾ ਸੋਨਾ-ਚਾਂਦੀ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਿਆ। ਥਾਣਾ ਸਿਵਲ ਲਾਈਨਜ਼ ਪੁਲਸ ਨੇ ਇੱਕ ਪੀੜਤ ਔਰਤ ਪੂਨਮ ਦੇਵੀ ਵਾਸੀ ਬੇਅੰਤ ਨਗਰ ਦੀ ਸ਼ਿਕਾਇਤ ’ਤੇ ਉਕਤ ਬਾਬੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੂਨਮ ਦੇਵੀ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇੱਕ ਸੋਨੂੰ ਨਾਂ ਦਾ ਨੌਜਵਾਨ ਬੇਅੰਤ ਨਗਰ ’ਚ ਆ ਕੇ ਰਹਿਣ ਲੱਗ ਪਿਆ ਸੀ, ਜੋ ਝਾੜ-ਫੂਕ ਦਾ ਕੰਮ ਕਰਦਾ ਸੀ। ਹੌਲੀ-ਹੌਲੀ ਉਸਨੇ ਘਰਾਂ ਦਾ ਕਲੇਸ਼ ਖ਼ਤਮ ਕਰਵਾਉਣ, ਭੂਤ-ਪਰੇਤ ਕੱਢਣ ਆਦਿ ਦੇ ਨਾਂ ’ਤੇ ਕਰੀਬ ਚਾਰ ਦਰਜਨ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ।
ਉਸ ਸੋਨੂੰ ਬਾਬੇ ਨੇ ਔਰਤਾਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਤੋਂ ਸੋਨਾ-ਚਾਂਦੀ ਅਤੇ ਪੈਸੇ ਲੈ ਕੇ ਆਉਣ, ਉਹ ਉਨ੍ਹਾਂ ਦੇ ਸਾਰੇ ਦੁੱਖ-ਦਰਦ ਦੂਰ ਕਰ ਦੇਵੇਗਾ। ਬਾਬੇ ਨੇ ਇਹ ਵੀ ਕਿਹਾ ਕਿ ਉਹ ਸੋਨਾ-ਚਾਂਦੀ ਬਾਅਦ 'ਚ ਵਾਪਸ ਕਰ ਦੇਵੇਗਾ। ਪੂਨਮ ਨੇ ਦੱਸਿਆ ਕਿ ਉਸਨੇ ਆਪਣਾ ਮੰਗਲ ਸੂਤਰ, ਅੰਗੂਠੀਆਂ ਤੇ ਹੋਰ ਗਹਿਣੇ ਬਾਬੇ ਨੂੰ ਦੇ ਦਿੱਤੇ। ਇਸੇ ਤਰ੍ਹਾਂ ਇੱਕ ਰਾਜੂ ਨਾਂ ਦੇ ਵਿਅਕਤੀ ਨੇ ਵੀ ਆਪਣੀ ਪਤਨੀ ਦਾ ਮੰਗਲ ਸੂਤਰ ਅਤੇ ਲਾਕੇਟ ਬਾਬੇ ਨੂੰ ਦੇ ਦਿੱਤਾ।
ਇਸ ਤਰ੍ਹਾਂ ਕਰੀਬ 45 ਔਰਤਾਂ ਨੇ ਸੋਨੂੰ ਬਾਬੇ ਨੂੰ ਆਪਣੇ ਗਹਿਣੇ ਸੌਂਪ ਦਿੱਤੇ ਅਤੇ ਆਪਣੇ ਦੁੱਖਾਂ ਦੇ ਅੰਤ ਦੀ ਉਡੀਕ ਕਰਨ ਲੱਗ ਪਈਆਂ ਪਰ ਅਚਾਨਕ ਕੁੱਝ ਦਿਨ ਪਹਿਲਾਂ ਬਾਬਾ ਸਾਰਾ ਸੋਨਾ-ਚਾਂਦੀ ਅਤੇ ਪੈਸਾ ਲੈ ਕੇ ਗਾਇਬ ਹੋ ਗਿਆ। ਜਦੋਂ ਔਰਤਾਂ ਬਾਬੇ ਦੇ ਘਰ ਪਹੁੰਚੀਆਂ ਤਾਂ ਪਤਾ ਲੱਗਿਆ ਕਿ ਉਹ ਉੱਥੇ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਸ ਬਾਬੇ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਵੱਡੀ ਠੱਗੀ ਕੀਤੀ ਹੈ। ਥਾਣਾ ਸਿਵਲ ਲਾਈਨਜ਼ ਪੁਲਸ ਨੇ ਸੋਨੂੰ ਬਾਬੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਤਲਾਸ਼ ਜਾਰੀ ਹੈ।
ਅੰਮ੍ਰਿਤਸਰ ਸਰਹੱਦ 'ਤੇ ਨਹੀਂ ਰੁਕ ਰਹੀ ਤਸਕਰੀ, ਫਿਰ ਤੋਂ 4 ਕਿਲੋ ICE ਡਰੱਗ ਸਮੇਤ ਹਥਿਆਰ ਬਰਾਮਦ
NEXT STORY