ਮੋਗਾ (ਆਜ਼ਾਦ) - ਫਿਰੋਜ਼ਪੁਰ ਜ਼ਿਲੇ ਦੇ ਪਿੰਡ ਵਾੜਾ ਭਾਈਕਾ ਤੇ ਪਿੰਡ ਗਿੱਲ ਨਿਵਾਸੀ ਦੋ ਨੌਜਵਾਨਾਂ ਨੇ ਕੁੱਝ ਵਿਅਕਤੀਆਂ 'ਤੇ ਉਨ੍ਹਾਂ ਨੂੰ ਹਿਊਮਨ ਰਾਈਟਸ ਮਿਸ਼ਨ ਮੋਹਾਲੀ 'ਚ ਬਲਾਕ ਅਫਸਰ ਅਤੇ ਫੀਲਡ ਅਫਸਰ ਲਵਾਉਣ ਦਾ ਝਾਂਸਾ ਦੇ ਕੇ 12,70,000 ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹਰਤੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਵਾੜਾ ਭਾਈਕਾ ਨੇ ਕਿਹਾ ਕਿ ਮੈਂ ਆਪਣੇ ਬੇਟੇ ਤੇ ਉਸ ਦੇ ਦੋਸਤ ਨੂੰ ਨੌਕਰੀ ਲਵਾਉਣ ਲਈ ਸਾਡੇ ਰਿਸ਼ਤੇਦਾਰ ਗੁਰਨਾਮ ਸਿੰਘ ਨਿਵਾਸੀ ਪਿੰਡ ਮੰਡਵਾਲਾ (ਫਰੀਦਕੋਟ) ਨਾਲ ਗੱਲਬਾਤ ਕੀਤੀ ਸੀ, ਜਿਸ ਨੇ ਕਿਹਾ ਕਿ ਜਸਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ ਨਿਵਾਸੀ ਪਿੰਡ ਅਰਾਈਆਂ ਵਾਲਾ (ਫਰੀਦਕੋਟ) ਗੁਰਸ਼ਵਿੰਦਰ ਸਿੰਘ ਅਤੇ ਅਵਤਾਰ ਸਿੰਘ ਨੂੰ ਹਿਊਮਨ ਰਾਈਟਸ ਮਿਸ਼ਨ ਮੋਹਾਲੀ 'ਚ ਬਲਾਕ ਅਫਸਰ ਅਤੇ ਫੀਲਡ ਅਫਸਰ ਦੀ ਨੌਕਰੀ ਦੁਆ ਦੇਵੇਗਾ। ਗੁਰਸ਼ਵਿੰਦਰ ਸਿੰਘ ਨੂੰ 34,200 ਰੁਪਏ ਪ੍ਰਤੀ ਮਹੀਨਾ ਅਤੇ ਅਵਤਾਰ ਸਿੰਘ ਨੂੰ 24,200 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜਿਸ 'ਤੇ ਮੈਂ ਆਪਣੇ ਬੇਟੇ ਅਤੇ ਅਵਤਾਰ ਸਿੰਘ ਦੇ 14,20,000 ਰੁਪਏ 9 ਸਤੰਬਰ, 2015 ਨੂੰ ਬੱਸ ਸਟੈਂਡ ਮੋਗਾ ਦੇ ਨਜ਼ਦੀਕ ਚੱਕੀ ਵਾਲੀ ਗਲੀ ਦੇ ਕੋਲ ਗੁਰਨਾਮ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਦੇ ਦਿੱਤੇ। ਉਸ ਸਮੇਂ ਹਰਚਰਨ ਸਿੰਘ ਵੀ ਮੌਜੂਦ ਸੀ। ਉਨ੍ਹਾਂ ਉਕਤ ਦੋਵਾਂ ਨੂੰ ਆਫਰ ਲੈਟਰ 8 ਸਤੰਬਰ, 2015 ਨੂੰ ਦੇ ਦਿੱਤੇ ਤੇ 10 ਸਤੰਬਰ 2015 ਨੂੰ ਮੋਹਾਲੀ ਬੁਲਾਇਆ ਅਤੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਹਾਜ਼ਰੀ ਲਵਾ ਦਿੱਤੀ। ਬਾਅਦ 'ਚ ਉਕਤ ਦੋਵਾਂ ਨੂੰ 9 ਦਸੰਬਰ 2015 ਤੋਂ 14 ਦਸੰਬਰ 2015 ਤੱਕ ਟ੍ਰੇਨਿੰਗ ਵੀ ਦਿਵਾਈ। ਟ੍ਰੇਨਿੰਗ ਖਤਮ ਹੋਣ 'ਤੇ ਮੇਰੇ ਬੇਟੇ ਗੁਰਸ਼ਵਿੰਦਰ ਸਿੰਘ ਅਤੇ ਅਵਤਾਰ ਸਿੰਘ ਨੂੰ ਜ਼ਿਲਾ ਫਿਰੋਜ਼ਪੁਰ ਦੇ ਆਸ-ਪਾਸ ਦੇ ਬਲਾਕਾਂ 'ਚ ਮੈਂਬਰ ਬਣਾਉਣ ਲਈ ਅਤੇ ਉਨ੍ਹਾਂ ਦੀ ਮੁਸ਼ਕਲਾਂ ਜਾਣਨ ਲਈ ਭੇਜ ਦਿੱਤਾ। 10 ਮਹੀਨੇ ਉਹ ਪਿੰਡਾਂ 'ਚ ਜਾ ਕੇ ਕੰਮ ਕਰਦੇ ਰਹੇ, ਉਨ੍ਹਾਂ ਨੂੰ ਕੋਈ ਤਨਖਾਹ ਨਹੀਂ ਮਿਲੀ। ਬਾਅਦ 'ਚ ਅਸੀਂ ਜਦ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਠੱਗੀ ਮਾਰੀ ਹੈ ਕਿਉਂਕਿ ਮੋਹਾਲੀ 'ਚ ਉਨ੍ਹਾਂ ਦਾ ਦਫਤਰ ਹੀ ਗਾਇਬ ਹੈ। ਜਿਸ 'ਤੇ ਅਸੀਂ ਗੁਰਨਾਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 75-75 ਹਜ਼ਾਰ ਰੁਪਏ (ਕੁੱਲ ਡੇਢ ਲੱਖ ਰੁਪਏ) ਦੇ ਚੈੱਕ ਦੇ ਦਿੱਤੇ ਅਤੇ ਬਾਕੀ ਪੈਸੇ ਜਲਦੀ ਦੇਣ ਦਾ ਭਰੋਸਾ ਦਿਵਾਇਆ ਪਰ ਬਾਅਦ 'ਚ ਉਨ੍ਹਾਂ ਸਾਫ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਸਾਡੇ ਨਾਲ ਧੋਖਾਦੇਹੀ ਕੀਤੀ ।
ਨਸ਼ੇ ਵਾਲੇ ਪਦਾਰਥਾਂ ਸਮੇਤ 3 ਕਾਬੂ
NEXT STORY