ਮੋਗਾ (ਅਾਜ਼ਾਦ) - ਫਿਰੋਜ਼ਪੁਰ ਰੋਡ ਮੋਗਾ ’ਤੇ ਸਥਿਤ ਦੀਪ ਫਿਨਵੈਸਟ ਲਿਮਟਿਡ ਕੰਪਨੀ ਦੇ ਐੱਮ. ਡੀ . ਗੁਰਦੀਪ ਸਿੰਘ ਨਿਵਾਸੀ ਦੱਤ ਰੋਡ ਮੋਗਾ ਨੇ 2 ਵਿਅਕਤੀਆਂ ’ਤੇ ਕਥਿਤ ਮਿਲੀਭੁਗਤ ਕਰ ਕੇ ਉਨ੍ਹਾਂ ਦੀ ਤੇ ਹੋਰ ਫਾਇਨਾਂਸ ਕੰਪਨੀਆਂ ਨੂੰ ਟਰੱਕ-ਟਰਾਲੇ ’ਤੇ ਕਰਜ਼ਾ ਲੈ ਕੇ ਲੱਖਾਂ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਗੁਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਲਵਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਪ੍ਰਜਾਪਤੀ ਕਾਲੋਨੀ ਬਰਨਾਲਾ ਬਾਈਪਾਸ ਬਠਿੰਡਾ ਨੇ ਆਪਣੇ ਟਰੱਕ-ਟਰਾਲੇ ’ਤੇ 21 ਮਾਰਚ, 2014 ਨੂੰ ਐੱਚ. ਡੀ. ਬੀ. ਫਾਇਨਾਂਸ ਲਿਮਟਿਡ ਕੰਪਨੀ ਤੋਂ 9 ਲੱਖ 88 ਹਜ਼ਾਰ ਰੁਪਏ ਦਾ ਕਰਜ਼ਾ ਲਿਆ ਸੀ। ਉਸ ਨੇ ਇਸ ਦੇ ਬਾਅਦ 2 ਜੂਨ, 2015 ਨੂੰ ਉਕਤ ਟਰੱਕ-ਟਰਾਲੇ ਦੀ ਪਾਵਰ ਆਫ ਅਟਾਰਨੀ ਜਸਵੰਤ ਸਿੰਘ ਪੁੱਤਰ ਚੰਨਣ ਸਿੰਘ ਨਿਵਾਸੀ ਪਿੰਡ ਸ਼ਾਹ ਅੱਬੂ ਬੁੱਕਰ (ਫਿਰੋਜ਼ਪੁਰ) ਨੂੰ ਦੇ ਦਿੱਤੀ ਸੀ ਅਤੇ ਉਕਤ ਟਰੱਕ-ਟਰਾਲੇ ਦਾ ਕਬਜ਼ਾ ਵੀ ਉਸ ਨੂੰ ਦੇ ਦਿੱਤਾ ਸੀ। ਕਥਿਤ ਦੋਸ਼ੀ ਜਸਵੰਤ ਸਿੰਘ ਨੇ ਉਕਤ ਪਾਵਰ ਆਫ ਅਟਾਰਨੀ ਦੇ ਅਾਧਾਰ ’ਤੇ ਸਾਡੀ ਫਾਇਨਾਂਸ ਕੰਪਨੀ ਤੋਂ ਟਰੱਕ ਟਰਾਲੇ ’ਤੇ 6 ਲੱਖ ਰੁਪਏ ਦਾ ਕਰਜ਼ਾ ਲੈਣ ਲਈ ਗੁਰਨਾਮ ਸਿੰਘ ਨਿਵਾਸੀ ਟਾਂਗਿਆਂ ਵਾਲੀ ਗਲੀ ਬਸਤੀ ਗੋਬਿੰਦ ਗਡ਼੍ਹ ਮੋਗਾ ਰਾਹੀਂ ਗੱਲਬਾਤ ਕੀਤੀ।
ਉਕਤ ਟਰਾਲੇ ਦੀ ਆਰ. ਸੀ. ’ਤੇ ਐੱਚ. ਡੀ. ਬੀ. ਫਾਇਨਾਂਸ ਲਿਮਟਿਡ ਦਾ ਕਰਜ਼ਾ ਬੋਲ ਰਿਹਾ ਸੀ, ਜਿਸ ’ਤੇ ਜਸਵੰਤ ਸਿੰਘ ਨੇ ਸਾਡੇ ਨਾਲ ਐਗਰੀਮੈਂਟ ਕੀਤਾ ਅਤੇ ਉਸ ’ਤੇ ਗੁਰਨਾਮ ਸਿੰਘ ਨੇ ਬਤੌਰ ਗਾਰੰਟਰ ਹਸਤਾਖਰ ਕੀਤੇ। ਅਸੀਂ ਉਨ੍ਹਾਂ ਨੂੰ ਉਕਤ ਟਰੱਕ-ਟਰਾਲੇ ’ਤੇ 6 ਲੱਖ ਦਾ ਕਰਜ਼ਾ ਦੇ ਦਿੱਤਾ ਅਤੇ ਉਨ੍ਹਾਂ ਦੇ ਕਹਿਣ ’ਤੇ ਐੱਚ. ਡੀ. ਬੀ. ਫਾਇਨਾਂਸ ਕੰਪਨੀ ਦਾ ਬਕਾਇਆ 4 ਲੱਖ 30 ਹਜ਼ਾਰ ਰੁਪਏ ਉਨ੍ਹਾਂ ਦੇ ਖਾਤੇ ’ਚ ਜਮ੍ਹਾ ਕਰਵਾ ਦਿੱਤੇ, ਜਦਕਿ 1 ਲੱਖ 70 ਹਜ਼ਾਰ ਰੁਪਏ 31 ਮਾਰਚ 2017 ਨੂੰ ਜਸਵੰਤ ਸਿੰਘ ਦੇ ਖਾਤੇ ਪੰਜਾਬ ਐਂਡ ਸਿੰਧ ਬੈਂਕ ਪਿੰਡ ਅੱਬੂ ਸ਼ਾਹ ਬੁੱਕਰ (ਜ਼ੀਰਾ) ’ਚ ਟਰਾਂਸਫਰ ਕੀਤੇ ਗਏ। ਐਗਰੀਮੈਂਟ ਦੇ ਮੁਤਾਬਕ ਜਸਵੰਤ ਸਿੰਘ ਨੇ ਐੱਚ. ਡੀ. ਬੀ. ਫਾਇਨਾਂਸ ਲਿਮਟਿਡ ਕੰਪਨੀ ਦਾ ਕਰਜ਼ਾ ਉਕਤ ਟਰਾਲੇ ਦੀ ਆਰ. ਸੀ. ’ਚ ਦਰਜ ਕਰਵਾਉਣਾ ਸੀ ਪਰ ਜਸਵੰਤ ਸਿੰਘ ਧੋਖਾਦੇਹੀ ਅਤੇ ਹੇਰਾਫੇਰੀ ਦੀ ਨੀਅਤ ਨਾਲ ਉਕਤ ਟਰੱਕ-ਟਰਾਲਾ ਲਵਪ੍ਰੀਤ ਸਿੰਘ ਦੇ ਨਾਂ ਨਾਲ ਆਪਣੇ ਨਾਂ ਟਰਾਂਸਫਰ ਕਰਵਾ ਲਿਆ ਅਤੇ ਉਕਤ ਆਰ. ਸੀ. ਦੇ ਅਾਧਾਰ ’ਤੇ ਜਸਵੰਤ ਸਿੰਘ ਨੇ ਐੱਚ. ਡੀ. ਬੀ. ਫਾਇਨਾਂਸ ਕੰਪਨੀ ਤੋਂ 31 ਅਗਸਤ 2017 ਨੂੰ ਇਕ ਲੱਖ 61 ਹਜ਼ਾਰ 24 ਰੁਪਏ ਦਾ ਕਰਜ਼ਾ ਫਿਰ ਲੈ ਲਿਆ ਪਰ ਉਸ ਨੇ ਸਾਡੀ ਫਾਇਨਾਂਸ ਕੰਪਨੀ ਨੂੰ ਕਰਜ਼ਾ ਵਾਪਸ ਨਹੀਂ ਕੀਤਾ, ਜਦ ਅਸੀਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ 6 ਲੱਖ 36 ਹਜ਼ਾਰ ਰੁਪਏ ਦਾ ਇਕ ਚੈੱਕ ਸਾਨੂੰ ਦੇ ਦਿੱਤਾ ਅਤੇ ਬਾਅਦ ਵਿਚ ਬੈਂਕ ਖਾਤਾ ਬੰਦ ਕਰਵਾ ਦਿੱਤਾ ਤੇ ਨਾ ਤਾ ਸਾਨੂੰ ਡੀ. ਬੀ. ਫਾਇਨਾਂਸ ਕੰਪਨੀ ਦਾ ਕਲੀਅਰ ਸਰਟੀਫਿਕੇਟ ਦਿੱਤਾ ਅਤੇ ਨਾ ਹੀ ਸਾਡੇ ਪੈਸੇ ਵਾਪਸ ਕੀਤੇ। ਇਸ ਤਰ੍ਹਾਂ ਦੋਨੋਂ ਵਿਅਕਤੀਆਂ ਨੇ ਕਥਿਤ ਮਿਲੀਭੁਗਤ ਕਰ ਕੇ ਸਾਡੇ ਨਾਲ 6 ਲੱਖ ਰੁਪਏ ਅਤੇ ਹੋਰ ਫਾਇਨਾਂਸ ਕੰਪਨੀਆਂ ਨਾਲ ਲੱਖਾਂ ਰੁਪਏ ਦਾ ਧੋਖਾ ਕੀਤਾ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਐੱਸ. ਪੀ. (ਐੱਚ) ਵੱਲੋਂ ਕੀਤੀ ਗਈ। ਜਾਂਚ ਸਮੇਂ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ। ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਕੁਲਦੀਪ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।
ਚੈਕਿੰਗ ਦੌਰਾਨ ਗੈਰ-ਹਾਜ਼ਰ ਮਿਲੇ 3 ਸੀਨੀਅਰ ਅਧਿਕਾਰੀ ਤੇ 17 ਮੁਲਾਜ਼ਮ
NEXT STORY