ਚੰਡੀਗਡ਼੍ਹ, (ਸੁਸ਼ੀਲ)- ਚੰਡੀਗਡ਼੍ਹ ਪੁਲਸ ਵਲੋਂ ਫ੍ਰੀ ਰਜਿਸਟ੍ਰੇਸ਼ਨ ਦੇ ਦਾਅਵੇ ਫੇਲ ਸਾਬਤ ਹੋ ਰਹੇ ਹੈ। ਸੈਕਟਰ-33 ’ਚ ਘਰ ਦਾ ਤਾਲਾ ਤੋਡ਼ ਕੇ ਮਕਾਨ ਮਾਲਕ ਵਲੋਂ ਸਾਮਾਨ ਚੋਰੀ ਕਰਨ ਦੀ ਐੱਫ. ਆਈ. ਆਰ. ਦਰਜ ਕਰਵਾਉਣ ਲਈ ਇਕ ਪਤੀ-ਪਤਨੀ 11 ਦਿਨਾਂ ਤੋਂ ਐੱਸ. ਐੱਸ. ਪੀ. ਤੋਂ ਲੈ ਕੇ ਸੈਕਟਰ-34 ਥਾਣੇ ’ਚ ਧੱਕੇ ਖਾ ਰਹੇ ਹਨ। ਪੁਲਸ ਜਾਂਚ ਦੇ ਨਾਂ ’ਤੇ ਪਤੀ-ਪਤਨੀ ਨੂੰ ਇਧਰ-ਉਧਰ ਭਜਾਉਣ ਵਿਚ ਲੱਗੀ ਹੋਈ ਹੈ। ਪਤੀ-ਪਤਨੀ ਦਾ ਦੋਸ਼ ਹੈ ਕਿ ਪੁਲਸ ਮਾਮਲੇ ’ਚ ਜ਼ਬਰਦਸਤੀ ਸਮਝੌਤਾ ਕਰਵਾਉਣਾ ਚਾਹੁੰਦੀ ਹੈ। ਉਹ ਤਾਂ ਸਿਰਫ ਆਪਣਾ ਸਾਮਾਨ ਹੀ ਵਾਪਸ ਮੰਗ ਰਹੇ ਹਨ। ਪਤੀ-ਪਤਨੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਸਾਰੇ ਸਬੂਤ ਵਿਖਾ ਦਿੱਤੇ ਹਨ ਪਰ ਪੁਲਸ ਮਕਾਨ ਮਾਲਕ ਦਾ ਪੱਖ ਲੈਣ ’ਚ ਲੱਗੀ ਹੋਈ ਹੈ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ’ਚ ਹੁਣੇ ਡੀ. ਡੀ. ਆਰ. ਦਰਜ ਕੀਤੀ ਹੈ।
ਸ਼ਿਕਾਇਤਕਰਤਾ ਸੀਮਾ ਸ਼ਰਮਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 2006 ਤੋਂ ਆਪਣੇ ਪਰਿਵਾਰ ਨਾਲ ਸੈਕਟਰ 33 ਸਥਿਤ ਮਕਾਨ ਨੰ. 133 ਦੇ ਟਾਪ ਫਲੋਰ ’ਤੇ ਕਿਰਾਏ ’ਤੇ ਰਹਿ ਰਹੇ ਹਨ। ਮਾਰਚ ਮਹੀਨੇ ’ਚ ਪਤੀ ਪੀ. ਐੱਨ. ਰਾਏ ਦਾ ਤਬਾਦਲਾ ਲਖਨਊ ਹੋ ਗਿਆ। ਪਤੀ ਜ਼ਰੂਰਤ ਦਾ ਸਾਮਾਨ ਲੈ ਕੇ ਪਰਿਵਾਰ ਨਾਲ ਲਖਨਊ ਚਲੇ ਗਏ ਤੇ ਬਾਕੀ ਦਾ ਸਾਮਾਨ ਘਰ ਦੇ ਅੰਦਰ ਪੈਕ ਕਰਕੇ ਰੱਖ ਦਿੱਤਾ। ਬਾਕੀ ਬਚਿਆ ਹੋਇਆ ਸਾਮਾਨ ਬਾਅਦ ’ਚ ਲੈ ਕੇ ਜਾਣ ਲਈ ਮਕਾਨ ਮਾਲਕ ਜਸਬੀਰ ਸਿੰਘ ਨੂੰ ਕਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ 7 ਜੁਲਾਈ ਨੂੰ ਉਨ੍ਹਾਂ ਨੂੰ ਵਟਸਐਪ ’ਤੇ ਘਰ ਬਾਹਰ ਸਾਮਾਨ ਪਿਆ ਹੋਣ ਦੀ ਫੋਟੋ ਆਈ। ਉਹ ਵਾਪਸ ਲਖਨਊ ਤੋਂ ਚੰਡੀਗਡ਼੍ਹ ਆਇਆ, ਜਦੋਂ ਉਹ ਘਰ ਅੰਦਰ ਜਾਣ ਲੱਗਾ ਤਾਂ ਮਕਾਨ ਮਾਲਕ ਨੇ ਗੇਟ ’ਤੇ ਸਟੀਲ ਦਾ ਗੇਟ ਲਾਇਆ ਹੋਇਆ ਸੀ। ਪੀ. ਐੱਨ. ਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਮਕਾਨ ਮਾਲਕ ਵੱਲੋਂ ਘਰ ’ਚੋਂ ਸਾਮਾਨ ਚੋਰੀ ਦੀ ਸ਼ਿਕਾਇਤ ਸੈਕਟਰ-34 ਥਾਣਾ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ 11 ਜੁਲਾਈ ਨੂੰ ਜਾਂਚ ਤੋਂ ਬਾਅਦ ਡੀ. ਡੀ. ਆਰ. ਦਰਜ ਕਰ ਦਿੱਤੀ। ਇਸ ਤੋਂ ਬਾਅਦ ਥਾਣਾ ਪੁਲਸ ਗੁਆਂਢੀਆਂ ਦੇ ਬਿਆਨ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕਰਨ ਨੂੰ ਕਹਿਣ ਲੱਗੇ।
ਥਾਣਾ ਪੁਲਸ ਵਲੋਂ ਕੋਈ ਕਾਰਵਾਈ ਨਾ ਕਰਨ ’ਤੇ 13 ਜੁਲਾਈ ਨੂੰ ਐੱਸ. ਐੱਸ. ਪੀ. ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ। ਐੱਸ. ਐੱਸ. ਪੀ. ਨੇ ਸੈਕਟਰ-34 ਥਾਣਾ ਇੰਚਾਰਜ ਨੂੰ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ। 15 ਜੁਲਾਈ ਨੂੰ ਰਾਏ ਤੇ ਉਨ੍ਹਾਂ ਦੀ ਪਤਨੀ ਸੀਮਾ ਸ਼ਰਮਾ ਮਾਮਲੇ ਸਬੰਧੀ ਸੈਕਟਰ 34 ਥਾਣਾ ਇੰਚਾਰਜ ਨੂੰ ਮਿਲੇ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। 16 ਜੁਲਾਈ ਨੂੰ ਪਤੀ-ਪਤਨੀ ਐੱਸ. ਐੱਸ. ਪੀ. ਨੂੰ ਮਿਲੇ। ਐੱਸ. ਐੱਸ. ਪੀ. ਨੇ ਐੱਸ. ਐੱਚ. ਓ. ਅਜੇ ਨੂੰ ਸ਼ਾਮ ਤਕ ਰਿਪੋਰਟ ਪੇਸ਼ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਰਿਪੋਰਟ ਪੇਸ਼ ਨਹੀਂ ਕੀਤੀ। 18 ਜੁਲਾਈ ਨੂੰ ਦੁਬਾਰਾ ਐੱਸ. ਐੱਸ. ਪੀ. ਨੂੰ ਮਿਲਣ ਗਏ ਤਾਂ ਪਤੀ-ਪਤਨੀ ਨੂੰ ਇੰਸਪੈਕਟਰ ਕੁਲਦੀਪ ਨੇ ਥਾਣਾ ਇੰਚਾਰਜ ਨੂੰ ਮਿਲਣ ਲਈ ਕਿਹਾ। 20 ਜੁਲਾਈ ਨੂੰ ਪਤੀ-ਪਤਨੀ ਡੀ. ਐੱਸ. ਪੀ. ਸਾਊਥ ਹਰਜੀਤ ਕੌਰ ਨੂੰ ਮਿਲੇ ਤੇ ਮਾਮਲੇ ਦੀ ਜਾਣਕਾਰੀ ਦਿੱਤੀ।
21 ਜੁਲਾਈ ਨੂੰ ਦੋਵਾਂ ਪੱਖਾਂ ਨੂੰ ਡੀ. ਐੱਸ. ਪੀ. ਨੇ ਬੁਲਾਇਆ ਤੇ ਮਕਾਨ ਮਾਲਕ ਸਾਮਾਨ ਦੇਣ ਲਈ ਰਾਜ਼ੀ ਹੋ ਗਿਆ। ਅਗਲੇ ਦਿਨ ਮਕਾਨ ਮਾਲਕ ਨੇ ਸਾਮਾਨ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਕੋਰਟ ਵਲੋਂ ਸਾਮਾਨ ਵਾਪਸ ਦਿੱਤਾ ਜਾਵੇਗਾ। ਪਤੀ-ਪਤਨੀ ਨੇ ਦੱਸਿਆ ਕਿ ਆਪਣਾ ਘਰ ਦਾ ਸਾਮਾਨ ਹਾਸਲ ਕਰਨ ਲਈ ਉਹ ਦਰ-ਦਰ ਭਟਕ ਰਹੇ ਹਨ। ਉਨ੍ਹਾਂ ਕਿਹਾ ਕਿ ਮਕਾਨ ਮਾਲਕ ਦੇ ਘਰ ’ਚ ਸੀ. ਸੀ. ਟੀ. ਵੀ. ਲੱਗੇ ਹੋਏ ਹਨ, ਪੁਲਸ ਜੇਕਰ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰੇ ਤਾਂ ਸਭ ਕੁਝ ਸਾਹਮਣੇ ਆ ਜਾਵੇਗਾ।
ਕਿਰਾਏਦਾਰ ਨੇ ਮਕਾਨ ਮਾਲਕ ’ਤੇ ਸਾਮਾਨ ਚੋਰੀ ਦਾ ਦੋਸ਼ ਲਾਇਆ ਹੈ। ਪੁਲਸ ਦੋਵਾਂ ਪੱਖਾਂ ਨੂੰ ਕਈ ਵਾਰ ਸੱਦ ਕੇ ਗੱਲਬਾਤ ਕਰ ਚੁੱਕੀ ਹੈ। ਦੋਵੇਂ ਪੱਖ ਇਕ ਦੂਜੇ ’ਤੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ’ਚ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। -ਹਰਜੀਤ ਕੌਰ ਡੀ. ਐੱਸ. ਪੀ. ਸਾਊਥ
ਸੈਕਟਰ-52 ’ਚ ਲਡ਼ਕੀ ਨੇ ਲਾਇਆ ਫਾਹ, ਮੌਤ
NEXT STORY