ਤਰਨਤਾਰਨ, (ਰਮਨ)- ਸ਼ਹਿਰ ਵਿਚ ਰੋਜ਼ਾਨਾ ਹੋਣ ਵਾਲੀਆਂ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਬੁਲੰਦ ਹੋਣ ਕਾਰਨ ਸ਼ਹਿਰ ਵਾਸੀਆਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਅੰਮ੍ਰਿਤਸਰ ਰੋਡ 'ਤੇ ਸਥਿਤ ਭਾਰਤੀ ਸਟੇਟ ਬੈਂਕ ਦੀ ਸ਼ਾਖਾ ਦੇ ਬਾਹਰ ਲੱਗੇ ਏ. ਟੀ. ਐੱਮ. ਮਸ਼ੀਨ ਨੂੰ ਤੋੜਨ ਤੋਂ ਮਿਲਦੀ ਹੈ। ਭਾਵੇਂ ਇਸ ਦੌਰਾਨ ਮਸ਼ੀਨ ਵਿਚ ਪਏ ਕੈਸ਼ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਥਾਣਾ ਸਿਟੀ ਦੀ ਪੁਲਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਭਾਰਤੀ ਸਟੇਟ ਬੈਂਕ ਸ਼ਾਖਾ ਅੰਮ੍ਰਿਤਸਰ ਰੋਡ ਦੇ ਬ੍ਰਾਂਚ ਹੈੱਡ ਮੈਡਮ ਸੰਨੀਆ ਖੁਰਾਣਾ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੈਂਕ ਦੇ ਏ. ਟੀ. ਐੱਮ. ਮਸ਼ੀਨ ਦੇ ਹੇਠਲੇ ਦਰਵਾਜ਼ੇ ਨੂੰ ਤੋੜ ਦਿੱਤਾ ਗਿਆ ਹੈ ਤਾਂ ਉਨ੍ਹਾਂ ਵੱਲੋਂ ਤੁਰੰਤ ਇਸ ਦੀ ਜਾਣਕਾਰੀ ਥਾਣਾ ਸਿਟੀ ਦੀ ਪੁਲਸ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੈਂਕ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਈ ਵੀਡੀਓ ਵਿਚ ਸਾਫ ਵਿਖਾਈ ਦਿੰਦਾ ਹੈ ਕਿ ਬੈਂਕ ਦੇ ਏ. ਟੀ. ਐੱਮ. ਮਸ਼ੀਨ ਦਾ ਗਾਰਡ ਮੋਹਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਸਵੇਰੇ 6 ਵਜੇ ਖਤਮ ਕਰ ਕੇ ਜਾਂਦਾ ਹੀ ਹੈ ਕਿ ਇਕ ਨੌਜਵਾਨ ਜਿਸ ਨੇ ਚਿੱਟੇ ਰੰਗ ਦੀ ਜੈਕੇਟ ਅਤੇ ਚਿੱਟੇ ਰੰਗ ਦੇ ਕੱਪੜੇ ਨਾਲ ਆਪਣਾ ਮੂੰਹ ਲਪੇਟਿਆ ਸੀ, ਵੱਲੋਂ ਏ. ਟੀ. ਐੱਮ. ਦੇ ਕਮਰੇ ਵਿਚ ਦਾਖਲ ਹੋ ਕੇ ਸ਼ਟਰ ਬੰਦ ਕਰ ਲਿਆ ਜਾਂਦਾ ਹੈ ਅਤੇ ਮਸ਼ੀਨ ਅੰਦਰ ਪਏ ਕੈਸ਼ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਦੋਂ ਉਹ ਕਾਮਯਾਬ ਨਹੀਂ ਹੁੰਦਾ ਤਾਂ ਉਹ ਮਸ਼ੀਨ ਦੇ ਹੇਠਲੇ ਦਰਵਾਜ਼ੇ ਨੂੰ ਤੋੜ ਕੇ ਫਰਾਰ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਸ਼ੀਨ ਵਿਚ ਪਏ ਸਾਰੇ ਕੈਸ਼ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਸ ਮੌਕੇ ਬੈਂਕ ਦੇ ਕੈਸ਼ੀਅਰ ਰਾਜਾ ਰਾਮ ਵੀ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਿਤ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੈਂਕ ਦੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਰਿਕਾਰਡਿੰਗ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦ ਹੀ ਦੋਸ਼ੀ ਨੂੰ ਕਾਬੁ ਕਰ ਲਿਆ ਜਾਵੇਗਾ।
ਗੈਂਗਰੇਪ : ਤਿੰਨੇ ਮੁਲਜ਼ਮ ਦੋ ਦਿਨਾ ਪੁਲਸ ਰਿਮਾਂਡ 'ਤੇ
NEXT STORY