ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਬਿਨਾਂ ਜਾਂਚ ਕੀਤੇ ORS ਦੇ ਨਾਂ 'ਤੇ ਕੋਈ ਵੀ ਚੀਜ਼ ਪੀ ਰਹੇ ਹੋ, ਤਾਂ ਸਾਵਧਾਨ ਹੋ ਜਾਓ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (FSSAI) ਨੇ ORS ਦੇ ਨਾਂ 'ਤੇ ਵੇਚੇ ਜਾ ਰਹੇ ਫਲਾਂ ਦੇ ਜੂਸ ਅਤੇ ਇਲੈਕਟ੍ਰੋਲਾਈਟ ਡਰਿੰਕਸ ਨੂੰ ਲੈ ਕੇ ਸਖ਼ਤ ਰੁਖ ਅਪਣਾਇਆ ਹੈ।
FSSAI ਨੇ ਪੰਜਾਬ ਸਮੇਤ ਸਾਰੇ ਸੂਬਿਆਂ ਲਈ ਇੱਕ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਹ ORS ਦੇ ਨਾਂ 'ਤੇ ਵਿਕ ਰਹੇ ਫਲਾਂ ਦੇ ਜੂਸ ਅਤੇ ਇਲੈਕਟ੍ਰੋਲਾਈਟ ਡਰਿੰਕਸ ਦੀ ਵਿਕਰੀ 'ਤੇ ਤੁਰੰਤ ਰੋਕ ਲਗਾਉਣ। FSSAI ਨੇ ਸਾਰੇ ਰਾਜਾਂ ਨੂੰ ਤੁਰੰਤ ਛਾਪੇਮਾਰੀ ਅਤੇ ਕਾਰਵਾਈ ਕਰਨ ਲਈ ਕਿਹਾ ਹੈ।
ਕਿਉਂ ਕੀਤੀ ਗਈ ਇਹ ਕਾਰਵਾਈ?
FSSAI ਦਾ ਮੰਨਣਾ ਹੈ ਕਿ ਕੰਪਨੀਆਂ ORS ਵਰਗੀ ਅਸਲੀ ਪੈਕੇਜਿੰਗ ਦੀ ਨਕਲ ਕਰਕੇ ਇਸ ਤਰ੍ਹਾਂ ਦੇ ਪੇਅ ਪਦਾਰਥ ਵੇਚ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਏਜੰਸੀ ਨੇ ਕਿਹਾ ਹੈ ਕਿ ਕਈ ਉਤਪਾਦਾਂ ਵਿੱਚ ਵਿਸ਼ਵ ਸਿਹਤ ਸੰਗਠਨ (WHO) ਵਾਲਾ ਅਸਲੀ ORS ਫਾਰਮੂਲਾ ਨਹੀਂ ਹੁੰਦਾ ਅਤੇ ਨਾ ਹੀ ਉਨ੍ਹਾਂ ਦਾ ਕੋਈ ਚਿਕਿਤਸਕ ਅਸਰ ਹੁੰਦਾ ਹੈ।
ਇਸ ਦੇ ਬਾਵਜੂਦ, ਕੰਪਨੀਆਂ ਪੈਕੇਜ 'ਤੇ 'ORS' ਲਿਖ ਕੇ ਦਵਾਈ ਵਰਗਾ ਭਰਮ ਪੈਦਾ ਕਰ ਰਹੀਆਂ ਹਨ। ਅਥਾਰਟੀ ਨੇ ਇਸ ਨੂੰ ਖੁਰਾਕ ਸੁਰੱਖਿਆ ਕਾਨੂੰਨ 2006 (FSSAI Act, 2006) ਦੀ ਧਾਰਾ 23 ਅਤੇ 24 ਦੀ ਉਲੰਘਣਾ ਮੰਨਿਆ ਹੈ।
ਪੁਰਾਣੇ ਆਦੇਸ਼ ਰੱਦ, ਸਖ਼ਤੀ ਜ਼ਰੂਰੀ
FSSAI ਨੇ ਆਪਣੇ ਅਕਤੂਬਰ ਵਿੱਚ ਜਾਰੀ ਪਿਛਲੇ ਆਦੇਸ਼ਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਪਹਿਲਾਂ 14 ਜੁਲਾਈ 2022 ਅਤੇ 2 ਫਰਵਰੀ 2024 ਦੇ ਆਦੇਸ਼ਾਂ ਵਿੱਚ ORS ਸ਼ਬਦ ਨੂੰ ਬ੍ਰਾਂਡ ਨਾਮ ਵਿੱਚ ਪ੍ਰੀਫਿਕਸ (ਸ਼ੁਰੂਆਤ) ਜਾਂ ਸਫ਼ਿਕਸ (ਅੰਤ) ਵਿੱਚ ਜੋੜਨ ਦੀ ਇਜਾਜ਼ਤ ਦਿੱਤੀ ਗਈ ਸੀ। ਪਰ ਸ਼ਰਤ ਇਹ ਸੀ ਕਿ ਉਤਪਾਦ 'ਤੇ ਇਹ ਚਿਤਾਵਨੀ ਲਿਖਣੀ ਜ਼ਰੂਰੀ ਸੀ ਕਿ "ਇਹ ਉਤਪਾਦ WHO ਦੁਆਰਾ ਸਿਫ਼ਾਰਸ਼ ਕੀਤਾ ਗਿਆ ORS ਫਾਰਮੂਲਾ ਨਹੀਂ ਹੈ"। FSSAI ਨੇ ਕਿਹਾ ਹੈ ਕਿ ਉਹ ਦੋਵੇਂ ਪੁਰਾਣੇ ਆਦੇਸ਼ ਹੁਣ ਰੱਦ ਕਰ ਦਿੱਤੇ ਗਏ ਹਨ।
FSSAI ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਖੁਰਾਕ ਉਤਪਾਦ—ਜਿਵੇਂ ਕਿ ਫਲਾਂ 'ਤੇ ਅਧਾਰਤ ਪੇਅ, ਨਾਨ-ਕਾਰਬੋਨੇਟਿਡ ਡਰਿੰਕ, ਜਾਂ ਰੈਡੀ-ਟੂ-ਡਰਿੰਕ ਪੇਅ ਆਦਿ—ਦੇ ਬ੍ਰਾਂਡ ਨਾਮ ਵਿੱਚ ਕਿਸੇ ਵੀ ਰੂਪ ਵਿੱਚ ORS ਸ਼ਬਦ ਦੀ ਵਰਤੋਂ ਕਰਨਾ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ।
ਰਾਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਈ-ਕਾਮਰਸ ਪਲੇਟਫਾਰਮਾਂ ਅਤੇ ਦੁਕਾਨਾਂ 'ਤੇ ਤੁਰੰਤ ਨਿਰੀਖਣ ਕਰਨ, ਗਲਤ ਉਤਪਾਦਾਂ ਨੂੰ ਹਟਾਉਣ, ਕੰਪਨੀਆਂ 'ਤੇ ਰੈਗੂਲੇਟਰੀ ਕਾਰਵਾਈ ਕਰਨ ਅਤੇ ਇਸਦੀ ਰਿਪੋਰਟ ਦਿੱਲੀ ਭੇਜਣ। FSSAI ਨੇ ਮੰਨਿਆ ਕਿ ਪਹਿਲਾਂ ਦੇ ਆਦੇਸ਼ਾਂ ਦੇ ਬਾਵਜੂਦ ਅਜਿਹੇ ਉਤਪਾਦ ਬਾਜ਼ਾਰ ਵਿੱਚ ਵਿਕ ਰਹੇ ਸਨ, ਇਸ ਲਈ ਹੁਣ ਸਖ਼ਤ ਕਾਰਵਾਈ ਜ਼ਰੂਰੀ ਹੈ। FSSAI ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸਲੀ ਮੈਡੀਕਲ ORS 'ਤੇ ਕੋਈ ਰੋਕ ਨਹੀਂ ਹੈ।
350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਪਹੁੰਚਿਆ ਬਟਾਲਾ, ਸੰਗਤ ਨੇ ਕੀਤਾ ਸ਼ਾਨਦਾਰ ਸਵਾਗਤ
NEXT STORY