ਚੰਡੀਗੜ੍ਹ (ਲਲਨ) - ਪੰਚਕੂਲਾ ਸੀ. ਬੀ. ਆਈ. ਅਦਾਲਤ ਵਿਚ 25 ਅਗਸਤ ਨੂੰ ਡੇਰਾ ਸੱਚਾ ਸੌਦਾ ਸਿਰਸਾ ਡੇਰਾ ਪ੍ਰਮੁੱਖ ਸੰਤ ਗੁਰਮੀਤ ਰਾਮ ਰਹੀਮ ਖਿਲਾਫ਼ ਚੱਲ ਰਹੇ ਕੇਸ ਦਾ ਫੈਸਲਾ ਆ ਜਾਣ ਦੀ ਉਮੀਦ ਕਾਰਨ ਉਨ੍ਹਾਂ ਦੇ ਸਮਰਥਕਾਂ ਨੂੰ ਰੋਕਣ ਦੇ ਉਦੇਸ਼ ਨਾਲ ਰੇਲਵੇ ਸਟੇਸ਼ਨ ਨੂੰ ਹੀ ਛਾਉਣੀ ਵਿਚ ਬਦਲ ਦਿੱਤਾ ਗਿਆ ਹੈ। ਪੇਸ਼ੀ ਤੋਂ ਤਿੰਨ ਦਿਨ ਪਹਿਲਾਂ ਹੀ ਜੀ. ਆਰ. ਪੀ. ਦੇ ਦੇ ਐੈੱਸ. ਐੈੱਸ. ਪੀ. ਕਮਲਜੀਤ ਗੋਇਲ ਨੇ ਖੁਦ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸਦੇ ਨਾਲ ਹੀ ਆਰ. ਪੀ. ਐੈੱਫ. ਤੇ ਜੀ. ਆਰ. ਪੀ. ਦੇ ਜਵਾਨਾਂ ਨੂੰ ਦੂਸਰੇ ਸਟੇਸ਼ਨਾਂ ਤੇ ਮੰਡਲਾਂ ਤੋਂ ਬੁਲਾ ਲਿਆ ਗਿਆ ਹੈ, ਜਦਕਿ ਰੇਲਵੇ ਵਲੋਂ ਅੰਬਾਲਾ ਮੰਡਲ ਦੇ ਦੋਵੇਂ ਵਿਭਾਗਾਂ ਤੋਂ ਡਿਊਟੀ 'ਤੇ ਗਏ ਪੁਲਸ ਕਰਮਚਾਰੀਆਂ ਦੀ ਡਿਊਟੀ 30 ਅਗਸਤ ਤਕ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਰਾਮ ਰਹੀਮ ਦੇ ਸਮਰਥਕ ਟਰੇਨਾਂ ਰਾਹੀਂ ਵੱਖ-ਵੱਖ ਟੁਕੜੀਆਂ ਵਿਚ ਪੰਚਕੂਲਾ ਤੇ ਉਸਦੇ ਆਸ-ਪਾਸ ਪਹੁੰਚ ਰਹੇ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਟਰੇਨਾਂ ਰਾਹੀਂ ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਤੋਂ ਸਮਰਥਕ ਆ ਰਹੇ ਹਨ। ਜੀ. ਆਰ. ਪੀ. ਵਲੋਂ ਰੇਲਵੇ ਸਟੇਸ਼ਨ ਤੋਂ ਆਉਣ ਤੇ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ, ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨੂੰ ਰੋਕਿਆ ਜਾ ਸਕੇ।
1 ਕਿਲੋਮੀਟਰ ਪਹਿਲਾਂ ਹੀ ਲਾਏ ਬੈਰੀਕੇਡ: ਰੇਲਵੇ ਸਟੇਸ਼ਨ 'ਤੇ ਸਖਤੀ ਨਾਲ ਨਜਿੱਠਦਿਆਂ ਜੀ. ਆਰ. ਪੀ. ਵਲੋਂ ਰੇਲਵੇ ਸਟੇਸ਼ਨ ਵੱਲ ਜਾਣ ਵਾਲੀ ਹਰ ਸੜਕ 'ਤੇ ਪਾਰਕਿੰਗ ਤੋਂ ਪਹਿਲਾਂ ਹੀ ਪੁਲਸ ਵਲੋਂ ਬੈਰੀਕੇਡ ਲਾ ਦਿੱਤੇ ਗਏ ਹਨ, ਜਿਸ ਕਾਰਨ ਯਾਤਰੀਆ ਨੂੰ ਗੱਡੀ ਪਾਰਕ ਕਰਨ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਵਿਚ ਪਾਰਕਿੰਗ ਠੇਕੇਦਾਰ ਵੀ ਕਾਫੀ ਤੰਗ ਨਜ਼ਰ ਆ ਰਹੇ ਹਨ।
ਜੀ. ਆਰ. ਪੀ. ਤੇ ਆਰ. ਪੀ. ਐੈੱਫ. ਦੇ ਜਵਾਨ ਦੇਰ ਰਾਤ ਪਹੁੰਚੇ ਸਟੇਸ਼ਨ 'ਤੇ
ਰੇਲਵੇ ਸਟੇਸ਼ਨ 'ਤੇ ਗੁਰਮੀਤ ਰਾਮ ਰਹੀਮ ਦੇ ਸਮਰਥਕਾਂ ਵਲੋਂ ਕਿਸੇ ਵੀ ਤਰ੍ਹਾਂ ਦੇ ਦੰਗੇ ਨੂੰ ਰੋਕਣ ਲਈ ਜੀ. ਆਰ. ਪੀ. ਤੇ ਆਰ. ਪੀ. ਐੱਫ. ਨੇ ਪੂਰੀ ਤਿਆਰੀ ਕਰ ਲਈ ਹੈ। ਜਿਥੇ ਰੇਲਵੇ ਸਟੇਸ਼ਨ ਦੇ ਬਾਹਰ ਵਾਲੀ ਰੋਡ ਵਲੋਂ ਚੰਡੀਗੜ੍ਹ ਪੁਲਸ ਨੇ ਮੋਰਚਾ ਸੰਭਾਲ ਲਿਆ ਹੈ, ਉਥੇ ਹੀ ਜੀ. ਆਰ. ਪੀ. ਨੇ 30 ਵਾਧੂ ਜਵਾਨਾਂ ਨੂੰ ਬੁਲਾ ਲਿਆ ਹੈ ਤੇ ਰੇਲਵੇ ਸਟੇਸ਼ਨ ਦੇ ਚੱਪੇ-ਚੱਪੇ 'ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਹੈ।
ਛੱਤਰੀਆਂ ਤੇ ਡੰਡੇ ਰੇਲਵੇ ਸਟੇਸ਼ਨ 'ਤੇ ਕਰਵਾਏ ਜਮ੍ਹਾ
ਜੀ. ਆਰ. ਪੀ. ਵਲੋਂ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਉਤਰਨ ਵਾਲੇ ਯਾਤਰੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਟਰੇਨ ਵਿਚੋਂ ਉਤਰਨ ਵਾਲੇ ਕਿਸੇ ਵੀ ਵਿਅਕਤੀ ਦੇ ਹੱਥ ਵਿਚ ਜੇਕਰ ਛੱਤਰੀ ਤੇ ਡੰਡਾ ਹੈ, ਨੂੰ ਰੇਲਵੇ ਸਟੇਸ਼ਨ 'ਤੇ ਹੀ ਜਮ੍ਹਾ ਕਰਵਾਇਆ ਜਾ ਰਿਹਾ ਹੈ। 25 ਅਗਸਤ ਨੂੰ ਦੰਗਿਆਂ ਦੇ ਖਦਸ਼ੇ ਨੂੰ ਧਿਆਨ ਵਿਚ ਰੱਖਦਿਆਂ ਹੱਥ ਵਿਚ ਬੈਗ ਤੋਂ ਇਲਾਵਾ ਹੋਰ ਕੋਈ ਵੀ ਚੀਜ਼ ਯਾਤਰੀਆਂ ਨੂੰ ਨਾਲ ਨਹੀਂ ਲਿਜਾਣ ਦਿੱਤੀ ਜਾ ਰਹੀ ਹੈ।
ਬਾਗਵਾਲਾ ਟਾਇਰ ਫੈਕਟਰੀ ਧਮਾਕੇ 'ਚ ਝੁਲਸੇ ਤਿੰਨਾਂ ਜ਼ਖਮੀਆਂ ਦੀ ਮੌਤ
NEXT STORY