ਅਬੋਹਰ/ਫਾਜ਼ਿਲਕਾ (ਸੁਨੀਲ, ਨਾਗਪਾਲ)- ਲੱਗਭਗ ਇਕ ਮਹੀਨਾ ਪਹਿਲਾਂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੰਧਵਾਲਾ ਹਜ਼ਾਰ ਖਾਨ ’ਚ ਪਿੰਡ ਦੇ ਕੁਝ ਲੋਕਾਂ ਨੇ ਸਰਪੰਚੀ ਚੋਣਾਂ ਦੀ ਰੰਜਿਸ਼ ਕਾਰਨ ਇਕ ਪਰਿਵਾਰ ’ਤੇ ਹਮਲਾ ਕਰ ਦਿੱਤਾ ਸੀ। ਜਦੋਂ ਘਰ ਦੀ ਗਰਭਵਤੀ ਔਰਤ ਬਚਾਅ ਲਈ ਆਈ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰਦਿਆਂ ਉਸ ਦੇ ਪੇਟ ’ਚ ਲੱਤਾਂ ਮਾਰੀਆਂ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ।
ਸ਼ੁੱਕਰਵਾਰ ਰਾਤ ਸਥਾਨਕ ਸਰਕਾਰੀ ਹਸਪਤਾਲ ’ਚ ਉਕਤ ਔਰਤ ਦੇ ਮਰਿਆ ਹੋਇਆ ਬੱਚਾ ਪੈਦਾ ਹੋਇਆ। ਇਸ ਸਬੰਧੀ ਅਰਨੀਵਾਲਾ ਪੁਲਸ ਨੇ ਔਰਤ ਦੇ ਬਿਆਨ ਦਰਜ ਕਰਨ ਤੋਂ ਬਾਅਦ ਭਰੂਣ ਹੱਤਿਆ ਦੇ ਦੋਸ਼ ’ਚ ਤਿੰਨ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਵੀਰਪਾਲ ਕੌਰ ਪਤਨੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਪਰਿਵਾਰ ਨੇ ਪਿਛਲੇ ਮਹੀਨੇ ਹੋਈਆਂ ਸਰਪੰਚੀ ਚੋਣਾਂ ਦੌਰਾਨ ਇਕ ਧਿਰ ਦੀ ਮਦਦ ਕੀਤੀ ਸੀ ਪਰ ਦੂਜੀ ਧਿਰ ਦੇ ਲੋਕ ਇਸੇ ਕਾਰਨ ਕਰ ਕੇ ਉਨ੍ਹਾਂ ਨਾਲ ਵੈਰ ਰੱਖਦੇ ਸਨ।
ਇਹ ਵੀ ਪੜ੍ਹੋ- ਸੇਵਾਦਾਰ ਨੂੰ ਪੈ ਗਿਆ ਦੌਰਾ, ਗੁਰੂਘਰ ਵਿਖੇ ਪਾਣੀ ਦੇ ਟੱਬ 'ਚ ਡੁੱਬਣ ਕਾਰਨ ਹੋ ਗਈ ਮੌਤ
ਵੀਰਪਾਲ ਕੌਰ ਨੇ ਦੱਸਿਆ ਕਿ 25 ਦਸੰਬਰ ਨੂੰ ਜਦੋਂ ਉਹ ਨੌਂ ਮਹੀਨਿਆਂ ਦੀ ਗਰਭਵਤੀ ਸੀ, ਤਾਂ ਉਸੇ ਪਿੰਡ ਦੇ ਹੀ ਪਰਗਟ ਸਿੰਘ ਅਤੇ ਬੋਹੜ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਗੋਰਾ ਸਿੰਘ ਪੁੱਤਰ ਬੋਹੜਾ ਸਿੰਘ ਡੰਡੇ ਲੈ ਕੇ ਉਨ੍ਹਾਂ ਦੇ ਘਰ ਵਿਚ ਸ਼ਾਮ ਦੇ ਸਮੇਂ ਵੜ ਆਏ ਅਤੇ ਆਉਂਦੇ ਹੀ ਉਸ ਦੇ ਪਿਤਾ ਬਲਕਾਰ ਸਿੰਘ, ਚਾਚਾ ਜਸਵੰਤ ਸਿੰਘ ਅਤੇ ਪਤੀ ਮਨਪ੍ਰੀਤ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਆਪਣੇ ਪਰਿਵਾਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਦੇ ਪੇਟ ’ਚ ਲੱਤਾਂ ਮਾਰੀਆਂ ਅਤੇ ਭੱਜ ਗਏ।
ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਦੋਂ ਕਿ ਹੋਰ ਜ਼ਖਮੀ ਪਰਿਵਾਰਕ ਮੈਂਬਰਾਂ ਨੂੰ ਫਾਜ਼ਿਲਕਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਬੀਤੀ ਰਾਤ ਜਦੋਂ ਵੀਰਪਾਲ ਕੌਰ ਦਾ ਜਣੇਪਾ ਸਥਾਨਕ ਹਸਪਤਾਲ ’ਚ ਹੋਇਆ, ਤਾਂ ਇਕ ਮ੍ਰਿਤਕ ਬੱਚੇ ਦਾ ਜਨਮ ਹੋਇਆ। ਵੀਰਪਾਲ ਕੌਰ ਦੇ ਬਿਆਨ ਦੇ ਆਧਾਰ ’ਤੇ ਅਰਨੀਵਾਲਾ ਥਾਣਾ ਪੁਲਸ ਨੇ ਪ੍ਰਗਟ ਸਿੰਘ, ਬੋਹੜਾ ਸਿੰਘ ਅਤੇ ਗੋਰਾ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਹਾਇਕ ਸਬ-ਇੰਸਪੈਕਟਰ ਬੂਟਾ ਸਿੰਘ ਨੇ ਬੱਚੇ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਹੱਸਦੇ-ਖੇਡਦੇ ਬੱਚੇ ਦੀਆਂ ਨਿਕਲ ਗਈਆਂ ਚੀਕਾਂ, ਸੁਣ ਬਾਹਰ ਆਈ ਮਾਂ ਨੇ ਵੀ ਹਾਲ ਦੇਖ ਛੱਡੇ ਹੱਥ-ਪੈਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੇਵਾਦਾਰ ਨੂੰ ਪੈ ਗਿਆ ਦੌਰਾ, ਗੁਰੂਘਰ ਵਿਖੇ ਪਾਣੀ ਦੇ ਟੱਬ 'ਚ ਡੁੱਬਣ ਕਾਰਨ ਹੋ ਗਈ ਮੌਤ
NEXT STORY