ਲੁਧਿਆਣਾ (ਮਹੇਸ਼, ਗੌਤਮ)— ਕੇਂਦਰੀ ਜੇਲ ਵਿਚ ਹਿੰਸਾ ਭੜਕਾ ਕੇ ਜੇਲ ਤੋੜਨ ਦੀ ਸਾਜ਼ਿਸ਼ 48 ਘੰਟੇ ਪਹਿਲਾਂ ਬਣਾਈ ਗਈ ਸੀ। ਜਦੋਂ ਜੇਲ ਵਿਚ ਬੰਦ ਗੈਂਗਸਟਰਾਂ ਨੂੰ ਪਤਾ ਲੱਗਾ ਕਿ ਸੰਨੀ ਦੀ ਹਾਲਤ ਖਰਾਬ ਹੈ ਤਾਂ ਉਨ੍ਹਾਂ ਨੇ ਇਸ ਦੀ ਆੜ ਵਿਚ ਹਿੰਸਾ ਭੜਕਾ ਕੇ ਜੇਲ ਤੋੜਨ ਦੀ ਯੋਜਨਾ ਬਣਾ ਲਈ।
ਕੈਦੀਆਂ ਦਾ ਦੋਸ਼ ਹੈ ਕਿ ਸੰਨੀ ਦੀ ਹਾਲਤ ਖਰਾਬ ਹੋਣ 'ਤੇ ਉਹ ਵਾਰ-ਵਾਰ ਜੇਲ ਪ੍ਰਸ਼ਾਸਨ ਨੂੰ ਇਸ ਦਾ ਇਲਾਜ ਕਰਵਾਉਣ ਲਈ ਕਹਿੰਦੇ ਰਹੇ ਪਰ ਉਨ੍ਹਾਂ ਨੇ ਇਕ ਵੀ ਗੱਲ ਨਹੀਂ ਸੁਣੀ। ਕੈਦੀਆਂ ਦਾ ਦੋਸ਼ ਹੈ ਕਿ ਇਕ ਜੇਲ ਅਧਿਕਾਰੀ ਨੇ ਸੰਨੀ ਤੋਂ ਮੋਬਾਇਲ ਬਰਾਮਦ ਕੀਤਾ ਸੀ, ਜਿਸ ਸਬੰਧੀ ਉਹ ਸੰਨੀ ਤੋਂ 50 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਜਦੋਂ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕਰ ਦਿੱਤਾ ਤਾਂ ਅਧਿਕਾਰੀ ਨੇ ਜੰਮ ਕੇ ਉਸ ਦੀ ਕੁੱਟ-ਮਾਰ ਕੀਤੀ ਅਤੇ ਉਸ ਨੂੰ ਜੇਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ। ਉੱਥੇ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਨੂੰ ਨੀਂਦ ਦੀਆਂ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇਕ ਹੌਲਦਾਰ ਨੇ ਜੰਮ ਕੇ ਉਸ ਦੀ ਕੁੱਟ-ਮਾਰ ਕੀਤੀ ਜਿਸ ਕਾਰਣ ਉਸ ਦੀ ਹਾਲਤ ਹੋਰ ਵੀ ਵਿਗੜ ਗਈ। ਉਨ੍ਹਾਂ ਦੇ ਨਾਲ ਬੈਰਕ ਵਿਚ ਬੰਦ ਕੈਦੀਆਂ ਨੇ ਇਸ ਗੱਲ ਨੂੰ ਲੈ ਕੇ ਵਿਰੋਧ ਕੀਤਾ ਅਤੇ ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ, ਜਦੋਂਕਿ ਅਧਿਕਾਰੀਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੰਨੀ ਦੀ ਮੌਤ ਹਸਪਤਾਲ ਵਿਚ ਲਿਜਾਂਦੇ ਸਮੇਂ ਹੋਈ ਹੈ। ਅਗਲੇ ਦਿਨ ਸੰਨੀ ਨਾਲ ਕੁੱਟ-ਮਾਰ ਕਰਨ ਵਾਲਾ ਹੌਲਦਾਰ ਫਿਰ ਉਸ ਦੀ ਬੈਰਕ ਵਿਚ ਆ ਕੇ ਦੂਜੇ ਕੈਦੀਆਂ ਨੂੰ ਧਮਕਾਉਣ ਲੱਗਾ। ਕੈਦੀਆਂ ਦਾ ਦੋਸ਼ ਸੀ ਕਿ ਜੋ ਕੈਦੀ ਡਿਊਟੀ 'ਤੇ ਰਹਿਣ ਵਾਲੇ ਅਧਿਕਾਰੀਆਂ ਨੂੰ ਪੈਸੇ ਦਿੰਦੇ ਹਨ, ਉਨ੍ਹਾਂ ਨੂੰ ਹਰ ਸਹੂਲਤ ਦਿੱਤੀ ਜਾਂਦੀ ਹੈ। ਚਾਹੇ ਮੋਬਾਇਲ ਹੋਵੇ ਜਾਂ ਨਸ਼ਾ। ਜਦੋਂ ਕੈਦੀਆਂ ਨੂੰ ਸੰਨੀ ਦੀ ਮੌਤ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਜੇਲ ਪ੍ਰਸ਼ਾਸਨ ਨੂੰ ਪੈਸੇ ਮੰਗਣ ਵਾਲੇ ਅਧਿਕਾਰੀ ਅਤੇ ਹੌਲਦਾਰ ਖਿਲਾਫ ਕਾਰਵਾਈ ਕਰਨ ਲਈ ਕਿਹਾ। ਜਿਸ 'ਤੇ ਪ੍ਰਸ਼ਾਸਨ ਨੇ ਉਲਟਾ ਕੈਦੀਆਂ ਨੂੰ ਹੀ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪਹਿਲਾਂ ਪੁਲਸ ਮੁਲਾਜ਼ਮਾਂ ਨੇ ਹੀ ਕੁੱਟ-ਮਾਰ ਕਰਨੀ ਸ਼ੁਰੂ ਕੀਤੀ। ਜਦੋਂ ਕੈਦੀਆਂ ਨੇ ਬਚਾਅ ਕਰਨਾ ਸ਼ੁਰੂ ਕੀਤਾ ਤਾਂ ਪੁਲਸ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਵੀਡੀਓ ਵਾਇਰਲ ਕਰ ਕੇ ਲਾਏ ਦੋਸ਼
ਜੇਲ ਤੋਂ ਵਾਇਰਲ ਹੋਈ ਵੀਡੀਓ ਵਿਚ ਇਕ ਕੈਦੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸੰਨੀ ਦੀ ਹਾਲਤ ਦਾ ਪਤਾ ਸੀ ਪਰ ਉਨ੍ਹਾਂ ਨੇ ਉਸ ਨੂੰ ਹਸਪਤਾਲ ਨਹੀਂ ਭੇਜਿਆ। ਅਧਿਕਾਰੀਆਂ ਨੂੰ ਡਰ ਸੀ ਕਿ ਜੇਕਰ ਸੰਨੀ ਬਾਹਰ ਜਾਂਦਾ ਹੈ ਤਾਂ ਉਹ ਉਨ੍ਹਾਂ ਖਿਲਾਫ ਹਾਈਕੋਰਟ ਵਿਚ ਰਿਟ ਦਾਇਰ ਕਰ ਦੇਵੇਗਾ ਅਤੇ ਜਿਸ ਕਾਰਨ ਉਹ ਸਸਪੈਂਡ ਵੀ ਹੋ ਸਕਦੇ ਹਨ। ਇਸੇ ਚੱਕਰ ਵਿਚ ਸੰਨੀ ਦੀ ਮੌਤ ਹੋਈ। ਜਦੋਂ ਅਧਿਕਾਰੀਆਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਲਾਪਰਵਾਹੀ ਕਾਰਨ ਸੰਨੀ ਦੀ ਮੌਤ ਹੋਈ ਹੈ ਤਾਂ ਉਨ੍ਹਾਂ ਆਪਣਾ ਪੱਲਾ ਝਾੜ ਲਿਆ। ਉਨ੍ਹਾਂ ਦਾ ਦੋਸ਼ ਸੀ ਕਿ ਜ਼ਿਆਦਾਤਰ ਕੈਦੀਆਂ ਦੀ ਮੌਤ ਜੇਲ ਵਿਚ ਹੀ ਹੋਈ ਹੈ, ਜਦੋਂਕਿ ਅਧਿਕਾਰੀ ਹਰ ਵਾਰ ਇਹ ਕਹਿ ਕੇ ਬਚਾਅ ਕਰ ਲੈਂਦੇ ਹਨ ਕਿ ਕੈਦੀ ਦੀ ਮੌਤ ਇਲਾਜ ਲਈ ਲਿਜਾਂਦੇ ਸਮੇਂ ਰਸਤੇ ਵਿਚ ਹੋਈ ਹੈ। ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਅਫਸਰ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਪਰਿਵਾਰ ਨੂੰ ਧਮਕਾਉਂਦੇ ਹਨ ਅਤੇ ਪੈਸਿਆਂ ਦੀ ਮੰਗ ਕਰਦੇ ਹਨ। ਜੇਲ ਵਿਚ ਹੋਈਆਂ ਮੌਤਾਂ ਨੂੰ ਲੈ ਕੇ ਜੇਕਰ ਜਾਂਚ ਕਰਵਾਈ ਜਾਵੇ ਤਾਂ ਪਤਾ ਲੱਗੇਗਾ ਕਿ ਜੇਲ ਵਿਚ ਕਿੰਨੇ ਕਤਲ ਹੋਏ ਹਨ। ਜੇਲ ਵਿਚ ਜ਼ਿਆਦਾਤਰ ਮੁਲਾਜ਼ਮ ਆਪਣੀ ਮਨਮਰਜ਼ੀ ਕਰਦੇ ਹਨ ਅਤੇ ਛੋਟੀ-ਛੋਟੀ ਗੱਲ ਨੂੰ ਲੈ ਕੇ ਕੈਦੀਆਂ ਦੀ ਕੁੱਟ-ਮਾਰ ਕਰ ਦਿੰਦੇ ਹਨ। ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਨਹੀਂ ਕਰਵਾਈ ਜਾਂਦੀ।
ਨੌਨਿਹਾਲ ਸਿੰਘ ਨੂੰ ਮਿਲਿਆ ਜਲੰਧਰ ਪੁਲਸ ਕਮਿਸ਼ਨਰ ਦਾ ਚਾਰਜ
NEXT STORY