ਸੁਲਤਾਨਪੁਰ ਲੋਧੀ (ਸੋਢੀ) : ਪੰਜਾਬ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਤੇ ਹੋਰ ਏਜੰਸੀਆਂ ਅਤੇ ਜ਼ਿਲਾ ਕਪੂਰਥਲਾ ਦੀ ਪੁਲਸ ਦੇ ਸਹਿਯੋਗ ਨਾਲ ਥਾਣਾ ਸੁਲਤਾਨਪੁਰ ਲੋਧੀ ਦੇ ਪਿੰਡ ਕਮਾਲਪੁਰ (ਮੋਠਾਂਵਾਲ) ਚੋਂ ਵਿਦੇਸ਼ੀ ਹਥਿਆਰਾਂ ਦੇ ਵੱਡੇ ਜਖੀਰੇ ਸਮੇਤ ਕਾਬੂ ਕੀਤੇ ਗਏ ਕਥਿਤ 6 ਗੈਂਗਸਟਰਾਂ ਦੇ ਸਿਆਸੀ ਆਗੂਆਂ ਨਾਲ ਸੰਬੰਧਾਂ ਨੂੰ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ 'ਚ ਭੂਚਾਲ ਆ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅਰਜਨ ਐਵਾਰਡੀ ਸੇਵਾ ਮੁਕਤ ਐੱਸ. ਪੀ. ਸੱਜਣ ਸਿੰਘ ਚੀਮਾ ਵਲੋਂ ਸ਼ਰੇਆਮ ਕੁਝ ਤਸਵੀਰਾਂ ਜਾਰੀ ਕਰਕੇ ਇਹ ਦੋਸ਼ ਲਗਾਏ ਗਏ ਹਨ ਕਿ ਗ੍ਰਿਫਤਾਰ ਕੀਤੇ ਗਏ 6 ਗੈਂਗਸਟਰਾਂ ਵਿਚੋਂ 4 ਵਿਧਾਇਕ ਨਵਤੇਜ ਸਿੰਘ ਚੀਮਾ ਦੇ ਕਰੀਬੀ ਹਨ, ਜਿਨ੍ਹਾਂ ਨੂੰ ਕੁਝ ਅਰਸਾ ਪਹਿਲਾਂ ਯੂਥ ਕਾਂਗਰਸ ਦੇ ਅਹੁਦੇ ਦੇ ਕੇ ਪੂਰਾ ਮਾਣ ਸਤਿਕਾਰ ਦਿੰਦੇ ਹੋਏ ਆਪਣੇ ਨਾਲ ਰੱਖਿਆ ਜਾਂਦਾ ਸੀ । ਸੱਜਣ ਸਿੰਘ ਚੀਮਾ ਵਲੋਂ ਵਿਧਾਇਕ ਨਵਤੇਜ ਸਿੰਘ ਚੀਮਾ ਵਿਰੁੱਧ ਪੰਜਾਬ ਪੁਲਸ ਵਲੋਂ ਕਾਬੂ ਕੀਤੇ ਗਏ ਕਥਿਤ ਗੈਂਗਸਟਰਾਂ ਦੀ ਸਿਆਸੀ ਪੁਸ਼ਤ ਪਨਾਹੀ ਕਰਨ ਦੇ ਦੋਸ਼ਾਂ ਕਾਰਨ ਸੂਬੇ 'ਚ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਦੇ ਆਗੂਆਂ ਵਿਚਕਾਰ ਸਿਆਸੀ ਦੂਸ਼ਣਬਾਜ਼ੀ ਤੇਜ਼ ਹੋ ਗਈ ਹੈ ।
ਸੱਜਣ ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਇੰਨੇ ਖਤਰਨਾਕ ਗੈਂਗਸਟਰਾਂ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਦੀਆਂ ਨਜ਼ਦੀਕੀਆਂ ਦੀ ਜਾਂਚ ਕਰਵਾਈ ਜਾਵੇ । ਅਕਾਲੀ ਆਗੂ ਨੇ ਇਸ ਮਾਮਲੇ ਸੰਬੰਧੀ ਮੀਡੀਆ ਨਾਲ ਗੱਲਬਾਤ ਦੌਰਾਨ ਪੁਲਸ ਵਲੋਂ ਵਿਦੇਸ਼ੀ ਹਥਿਆਰਾਂ ਨਾਲ ਕਾਬੂ ਕੀਤੇ ਗਏ ਵੱਖ ਵੱਖ ਗੈਂਗਸਟਰਾਂ ਦੀਆਂ ਕਾਂਗਰਸ ਵਿਧਾਇਕ ਨਾਲ ਤਸਵੀਰਾਂ ਵੀ ਦਿਖਾਈਆਂ ਗਈਆਂ ।
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਨੌਜਵਾਨ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਪੁਲਸ ਵਲੋਂ ਕਾਬੂ ਕੀਤੇ ਗਏ ਗੈਂਗਸਟਰਾਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ ।ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ ਨਾਲ ਪਤਾ ਨਹੀਂ ਹਲਕੇ ਦੇ ਕਿੰਨੇ ਲੋਕ ਫੋਟੋਆਂ ਖਿਚਵਾਉਂਦੇ ਹਨ ਪਰ ਇਸਦਾ ਮਤਲਬ ਇਹ ਨਹੀਂ ਕਿ ਵਿਧਾਇਕ ਸਾਰੇ ਲੋਕਾਂ ਦੇ ਕੰਮ ਧੰਦਿਆਂ ਬਾਰੇ ਜਾਣਦਾ ਹੋਵੇ ਕਿ ਉਹ ਕੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਹੀ ਪੰਜਾਬ ਪੁਲਸ ਨੇ ਗੈਂਗਸਟਰਾਂ ਕਾਬੂ ਕੀਤੇ ਤੇ ਨਸ਼ਿਆਂ ਨੂੰ ਠੱਲ ਪਾਈ। ਉਨ੍ਹਾਂ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਦੀਆਂ ਨਸ਼ਾ ਸਮਗਲਰਾਂ ਤੇ ਗੈਂਗਸਟਰਾਂ ਨਾਲ ਖਿੱਚਵਾਈਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਝੂਠੇ ਦੋਸ਼ ਜਿਸ 'ਤੇ ਮਰਜ਼ੀ ਲਗਾਏ ਜਾ ਸਕਦੇ ਹਨ । ਵਿਧਾਇਕ ਨਵਤੇਜ ਚੀਮਾ ਨੇ ਕਿਹਾ ਕਿ ਸੱਜਣ ਸਿੰਘ ਚੀਮਾ ਦਾ ਆਪਣਾ ਕੋਈ ਵਜੂਦ ਨਹੀਂ ਹੈ ਜਿਸ ਕਾਰਨ ਉਹ ਫੋਕੀ ਸ਼ੋਹਰਤ ਖੱਟਣ ਲਈ ਅਜਿਹੇ ਝੂਠੇ ਦੋਸ਼ ਲਗਾ ਕੇ ਮੇਰੀ ਸ਼ਾਖ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਸਮਝਦਾਰ ਹਨ ਤੇ ਉਹ ਅਜਿਹੇ ਝੂਠੇ ਪ੍ਰਚਾਰ ਤੋਂ ਪੂਰੀ ਤਰ੍ਹਾਂ ਸੁਚੇਤ ਹਨ।
ਜਲੰਧਰ 'ਚ 7 ਸਾਲ ਦੀ ਬੱਚੀ ਸਣੇ ਇਨ੍ਹਾਂ 5 ਮਰੀਜ਼ਾਂ ਨੇ ਜਿੱਤੀ 'ਕੋਰੋਨਾ' ਵਿਰੁੱਧ ਜੰਗ
NEXT STORY