ਸ੍ਰੀ ਮੁਕਤਸਰ ਸਾਹਿਬ, (ਪਵਨ, ਸੁਖਪਾਲ)- ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ ਦੇ ਸੱਦੇ 'ਤੇ ਸ੍ਰੀ ਮੁਕਤਸਰ ਸਾਹਿਬ ਦੇ ਬਿਜਲੀ ਮੁਲਾਜ਼ਮਾਂ ਨੇ ਡਵੀਜ਼ਨ ਪੱਧਰੀ ਰੋਸ ਰੈਲੀ ਕਰਦਿਆਂ ਪੰਜਾਬ ਸਰਕਾਰ ਤੇ ਪਾਵਰਕਾਮ ਦਾ ਪੁਤਲਾ ਫੂਕਿਆ ਅਤੇ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿਚ ਦੇਰੀ ਕੀਤੀ ਜਾਂਦੀ ਹੈ, ਜੋ ਪਹਿਲਾਂ ਤਨਖਾਹ 29 ਜਾਂ 30 ਤਰੀਕ ਨੂੰ ਖਾਤੇ ਵਿਚ ਪਾਈ ਜਾਂਦੀ ਸੀ ਅਤੇ ਹੁਣ ਤਨਖਾਹ ਰੈਲੀ ਕਰਨ ਤੋਂ ਬਾਅਦ 5-6 ਤਰੀਕ ਨੂੰ ਪਾਈ ਜਾਂਦੀ ਹੈ ਅਤੇ ਖਜ਼ਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਮੁਲਾਜ਼ਮਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਕਹਿੰਦੀ ਹੈ ਕਿ ਪੰਜਾਬ ਸਰਕਾਰ ਨੇ ਸਬਸਿਡੀ ਦੇ ਪੇਸੈ ਨਹੀਂ ਦਿੱਤੇ ਅਤੇ ਦੂਜੇ ਪਾਸੇ ਬਿਜਲੀ ਦੇ ਰੇਟਾਂ ਵਿਚ ਵਾਧਾ ਕਰ ਕੇ ਲੋਕਾਂ 'ਤੇ ਬੋਝ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕਾਮ ਦੀ ਮੈਨੇਜਮੈਂਟ ਨੇ ਉਨ੍ਹਾਂ ਦੀ ਤਨਖਾਹ ਜਲਦੀ ਨਾ ਪਾਈ ਅਤੇ ਸਟੇਟ ਬਾਡੀ ਨਾਲ ਕੀਤੇ ਸਮਝੌਤੇ ਜਲਦੀ ਲਾਗੂ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਕਿਉਂਕਿ ਪਾਵਰਕਾਮ ਮੈਨੇਜਮੈਂਟ ਵਾਰ-ਵਾਰ ਸਟੇਟ ਬਾਡੀ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਟਾਲ-ਮਟੋਲ ਕਰ ਰਹੀ ਹੈ।
ਇਸ ਸਮੇਂ ਬਲਜੀਤ ਸਿੰਘ, ਬਲਜਿੰਦਰ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ ਥਾਂਦੇ, ਸੁਖਲਾਲ, ਰਛਪਾਲ ਸਿੰਘ, ਸੁਭਾਸ਼ ਚੰਦ, ਬਖਤੌਰ ਸਿੰਘ, ਬਸੰਤ ਸਿੰਘ, ਸ਼ਮਸ਼ੇਰ ਸਿੰਘ, ਅਮਰਜੀਤ ਸਿੰਘ, ਨਛੱਤਰ ਥਾਂਦੇ, ਜੰਗੀਰ ਸਿੰਘ, ਬਲਦੇਵ ਸਿੰਘ ਆਦਿ ਮੌਜੂਦ ਸਨ।
ਫ਼ਰੀਦਕੋਟ, (ਹਾਲੀ)-ਸਾਂਝਾ ਫ਼ੋਰਮ ਦੇ ਸੱਦੇ 'ਤੇ ਡਵੀਜ਼ਨ ਫ਼ਰੀਦਕੋਟ ਦੇ ਸਮੂਹ ਟੈਕਨੀਕਲ ਅਤੇ ਕਲੈਰੀਕਲ ਮੁਲਾਜ਼ਮਾਂ ਵੱਲੋਂ ਡਵੀਜ਼ਨ ਦਫ਼ਤਰ ਦੇ ਅੱਗੇ ਰੋਸ ਰੈਲੀ ਕਰ ਕੇ ਧਰਨਾ ਦਿੱਤਾ ਗਿਆ। ਇਸ ਰੈਲੀ 'ਚ ਸਿਟੀ ਸਬ-ਡਵੀਜ਼ਨ, ਸਬ-ਅਰਬਨ ਸਬ-ਡਵੀਜ਼ਨ, ਡਵੀਜ਼ਨ ਦਫ਼ਤਰ, ਸਰਕਲ ਦਫ਼ਤਰ ਅਤੇ ਬਿਜਲੀ ਘਰਾਂ ਦੇ ਸਮੂਹ ਮੁਲਾਜ਼ਮਾਂ ਨੇ ਹਿੱਸਾ ਲਿਆ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਗੌਰਖ ਰਾਮ, ਹਰਬੰਸ ਸਿੰਘ, ਨਰੇਸ਼ ਕੁਮਾਰ, ਪਰਮਜੀਤ ਸਿੰਘ, ਵਿਜੇ ਕੁਮਾਰ, ਲਖਵਿੰਦਰ ਸਿੰਘ, ਬਲਵਿੰਦਰ ਰਾਮ ਸ਼ਰਮਾ, ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੇ ਹਰੇਕ ਮਹੀਨੇ ਦੇ ਆਖਰੀ ਦੋ ਵਰਕਿੰਗ ਦਿਨ ਪੇਅ ਡੇਅ ਦੇ ਹੁੰਦੇ ਹਨ ਪਰ ਮੌਜੂਦਾ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਮੁਲਾਜ਼ਮ ਮਾਰੂ ਫ਼ੈਸਲਿਆਂ ਕਾਰਨ ਕਮਾਊ ਮਹਿਕਮੇ ਦਾ ਭੋਗ ਪਾਉਣ ਵੱਲ ਵਧ ਰਹੀਆਂ ਹਨ।
ਬੁਲਾਰਿਆਂ ਨੇ ਮੈਨੇਜਮੈਂਟ ਅਤੇ ਸਰਕਾਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕੀਤੀਆਂ ਜਾਣ, ਰਿਟਾਇਰ ਹੋ ਰਹੇ ਮੁਲਾਜ਼ਮਾਂ ਨੂੰ ਬਣਦੇ ਬਕਾਏ ਤੁਰੰਤ ਜਾਰੀ ਕੀਤੇ ਜਾਣ, ਸਰਕਾਰੀ ਥਰਮਲ ਚਾਲੂ ਕੀਤੇ ਜਾਣ ਅਤੇ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।
ਕੋਟਕਪੂਰਾ, (ਨਰਿੰਦਰ)-ਟੈਕਨੀਕਲ ਸਰਵਿਸਿਜ਼ ਯੂਨੀਅਨ ਕੋਟਕਪੂਰਾ ਵੱਲੋਂ ਡਵੀਜ਼ਨ ਪੱਧਰੀ ਧਰਨਾ ਮਲਕੀਤ ਸਿੰਘ ਦੀ ਪ੍ਰਧਾਨਗੀ ਹੇਠ ਬਿਜਲੀ ਦਫ਼ਤਰ ਵਿਚ ਲਾਇਆ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਤਨਖਾਹ 'ਚ ਦੇਰੀ ਕਰਨ 'ਤੇ ਸਰਕਾਰ ਅਤੇ ਪਾਵਰਕਾਮ ਦੀ ਨਿੰਦਾ ਕੀਤੀ। ਇਸ ਦੌਰਾਨ ਚਮਕੌਰ ਸਿੰਘ, ਬਲਵਿੰਦਰ ਸਿੰਘ ਢਿੱਲੋਂ, ਜੋਗਿੰਦਰ ਪ੍ਰਧਾਨ, ਛਿੰਦਰ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਦਰਸ਼ਨ ਸਿੰਘ, ਜਗਜੀਤ ਸਿੰਘ, ਸੁਖਵੰਤ ਸਿੰਘ, ਸੱਤਾ ਸਿੰਘ ਆਦਿ ਹਾਜ਼ਰ ਸਨ।
ਸਾਦਿਕ, (ਪਰਮਜੀਤ)- ਸਬ-ਡਵੀਜ਼ਨ ਸਾਦਿਕ ਵਿਖੇ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿਰੁੱਧ ਫਰਵਰੀ ਮਹੀਨੇ ਦੀਆਂ ਤਨਖਾਹਾਂ ਮੁਲਾਜ਼ਮਾਂ ਦੇ ਖਾਤੇ ਵਿਚ ਨਾ ਪਾਉਣ ਕਰ ਕੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਜ਼ੋਨਲ ਆਗੂ ਪ੍ਰੀਤਮ ਸਿੰਘ ਪਿੰਡੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਨਾ ਦਿੱਤੀਆਂ ਗਈਆਂ ਤਾਂ ਮੁਲਾਜ਼ਮ ਕੰਮ ਬੰਦ ਕਰ ਕੇ ਸੰਘਰਸ਼ ਤੇਜ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪਾਵਰਕਾਮ ਦੀ ਹੋਵੇਗੀ।
ਦੋਦਾ, (ਨੇਕੀ)-ਇਸੇ ਤਰ੍ਹਾਂ ਪਿੰਡ ਦੋਦਾ ਵਿਚ ਉਪ ਮੰਡਲ ਪਾਵਰਕਾਮ ਦੇ ਦਫਤਰ ਅੱਗੇ ਬਿਜਲੀ ਮੁਲਾਜ਼ਮਾਂ ਵੱਲੋਂ ਮੈਨੇਜਮੈਂਟ ਦੀ ਅਰਥੀ ਫੂਕੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਨੂੰ ਤਨਖਾਹਾਂ ਹਰ ਮਹੀਨਾ ਖਤਮ ਹੋਣ ਤੋਂ 2 ਦਿਨ ਪਹਿਲਾਂ ਜਾਰੀ ਕੀਤੀਆਂ ਜਾਂਦੀਆਂ ਸਨ ਪਰ ਪਿਛਲੇ 2-3 ਮਹੀਨਿਆਂ ਤੋਂ ਤਨਖਾਹਾਂ ਜਾਰੀ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ ਅਤੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰਨ 'ਤੇ ਹੀ ਤਨਖਾਹ ਜਾਰੀ ਕੀਤੀ ਜਾਂਦੀ ਹੈ।
ਇਸ ਦੌਰਾਨ ਜੁਆਇੰਟ ਫੋਰਮ ਦੇ ਹਰਜੀਤ ਸਿੰਘ ਗੂੜ੍ਹੀ ਸੰਘਰ, ਬਲਦੇਵ ਸਿੰਘ, ਦਲਜੀਤ ਸਿੰਘ ਹਰੀਕੇ ਕਲਾਂ, ਮੰਦਰ ਸਿੰਘ ਚੜਿੱਕ, ਜਸਪਾਲ ਸਿੰਘ ਦੋਦਾ, ਗਿਰੀ ਰਾਜ, ਗੁਰਜੰਟ ਸਿੰਘ ਦੋਦਾ, ਟੀ. ਐੱਸ. ਯੂ. ਭੰਗਲ ਦੇ ਦਵਿੰਦਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਮੁਲਾਜ਼ਮ ਏਕਤਾ ਦੇ ਆਗੂ ਜਗਦੀਸ਼ ਸਿੰਘ, ਗੁਰਦੀਪ ਸਿੰਘ ਭੁੱਲਰ, ਜਸਵੰਤ ਰਾਏ ਆਦਿ ਮੌਜੂਦ ਸਨ।
ਮਲੋਟ, (ਜੱਜ)-ਸਾਂਝਾ ਫੋਰਮ ਅਤੇ ਟੈਕਨੀਕਲ ਸਰਵਿਸ ਯੂਨੀਅਨ ਪੈਨਸ਼ਨਰਜ਼ ਐਸੋਸੀਏਸਨ ਮੰਡਲ ਮਲੋਟ ਵੱਲੋਂ 33 ਕੇ. ਵੀ. ਮਲੋਟ 'ਚ ਸਾਂਝਾ ਧਰਨਾ ਦਿੰਦਿਆਂ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਪਾਵਰਕਾਮ ਤੇ ਟਰਾਂਸਕੋ ਦੀ ਮੈਨੇਜਮੈਂਟ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਉਂਦੇ ਹੋਏ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਹਰ ਮਹੀਨੇ ਲੇਟ ਕੀਤੀਆਂ ਜਾ ਰਹੀਆਂ ਹਨ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਤਨਖਾਹਾਂ ਤੇ ਪੈਨਸ਼ਨਾਂ ਰਿਲੀਜ਼ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਧਰਨਾਕਾਰੀਆਂ ਨੂੰ ਕੇਵਲ ਸ਼ਰਮਾ, ਬਿੱਕਰ ਸਿੰਘ, ਭੁਪਿੰਦਰ ਸਿੰਘ, ਨੱਥਾ ਸਿੰਘ, ਜਸਕੌਰ ਸਿੰਘ, ਰਜਿੰਦਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਸਤਪਾਲ ਮਿੱਡਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਵੱਲੋਂ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ
NEXT STORY