ਜਲੰਧਰ (ਧਵਨ)-1992 ਬੈਚ ਦੇ ਆਈ. ਪੀ. ਐੱਸ. ਅਫ਼ਸਰ ਗੌਰਵ ਯਾਦਵ ਦੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੀ. ਜੀ. ਪੀ. ਦੇ ਰੂਪ ’ਚ ਨਿਯੁਕਤੀ ਕਰਨ ਦੇ ਬਾਅਦ ਤੋਂ ਲਗਾਤਾਰ ਲਾਅ ਐਂਡ ਆਰਡਰ ’ਤੇ ਸ਼ਿਕੰਜਾ ਕੱਸਣ ਲਈ ਗੌਰਵ ਯਾਦਵ ਨੇ ਪੁਲਸ ਸੁਧਾਰਾਂ ਸਬੰਧੀ ਨਵੇਂ-ਨਵੇਂ ਤਜ਼ਰਬੇ ਕੀਤੇ ਹਨ। ਹੁਣ ਸੂਬੇ ਦੀ ਪੁਲਸ ਚੁਸਤ-ਦਰੁਸਤ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਪੁਲਸ ਅਧਿਕਾਰੀ ਵੀ ਆਪਣੀ ਜ਼ਿੰਮੇਵਾਰੀ ਪ੍ਰਤੀ ਹੋਰ ਜ਼ਿਆਦਾ ਸੁਚੇਤ ਹੋ ਗਏ ਹਨ। ਇਸ ਸਬੰਧੀ ਪੰਜਾਬ ਵਿਚ ਕਾਨੂੰਨ-ਵਿਵਸਥਾ ਨਾਲ ਸਬੰਧਤ ਕਈ ਮਾਮਲਿਆਂ ਬਾਰੇ ਗੌਰਵ ਯਾਦਵ ਨਾਲ ਸੰਖੇਪ ਗੱਲਬਾਤ ਕੀਤੀ ਗਈ :
ਸਵਾਲ : ਕੀ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਸੁਧਾਰਨ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ?
–ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਵਿਚ ਲਗਾਤਾਰ ਸੁਧਾਰ ਵੇਖਣ ਨੂੰ ਮਿਲ ਰਿਹਾ ਹੈ। ਪੁਲਸ ਫੋਰਸ ਦਾ ਮਨੋਬਲ ਉੱਚਾ ਹੋਇਆ ਹੈ। ਪੰਜਾਬ ਇਕ ਸਰਹੱਦੀ ਸੂਬਾ ਹੈ ਜਿੱਥੇ ਅਮਨ-ਸ਼ਾਂਤੀ ਭੰਗ ਕਰਨ ਲਈ ਸਰਹੱਦ ਪਾਰੋਂ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਪਰ ਪੰਜਾਬ ਪੁਲਸ ਇਸ ਸਮੇਂ ਪੂਰੀ ਤਰ੍ਹਾਂ ਚੌਕਸ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਥਿਤੀਆਂ ’ਚ ਹੋਰ ਸੁਧਾਰ ਹੋਵੇਗਾ।
ਸਵਾਲ : ਗੈਂਗਸਟਰ ਹੁਣ ਅੱਤਵਾਦੀ ਬਣ ਰਹੇ ਹਨ। ਪੰਜਾਬ ਪੁਲਸ ਇਸ ਚੁਣੌਤੀ ਦਾ ਕਿਵੇਂ ਸਾਹਮਣਾ ਕਰੇਗੀ?
–ਇਹ ਠੀਕ ਹੈ ਕਿ ਪੁਰਾਣੇ ਗੈਂਗਸਟਰਾਂ ਨੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨਾਲ ਹੱਥ ਮਿਲਾਇਆ ਹੋਇਆ ਹੈ ਪਰ ਪੰਜਾਬ ਪੁਲਸ ਇਸ ਚੁਣੌਤੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਸਾਹਮਣਾ ਕਰ ਰਹੀ ਹੈ। ਚੁਣੌਤੀਆਂ ਤਾਂ ਪੰਜਾਬ ਪੁਲਸ ਦੇ ਸਾਹਮਣੇ ਪਹਿਲਾਂ ਵੀ ਆਉਂਦੀਆਂ ਰਹੀਆਂ ਹਨ ਪਰ ਅਸੀਂ ਹਰ ਵਾਰ ਜਿੱਤ ਹਾਸਲ ਕੀਤੀ ਹੈ।
ਪੰਜਾਬ 'ਚ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਪੈ ਸਕਦੈ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਸਵਾਲ : ਗੈਂਗਸਟਰ ਲਗਾਤਾਰ ਹਮਲੇ ਕਰ ਰਹੇ ਹਨ। ਪੰਜਾਬ ਪੁਲਸ ਇਸ ਦਾ ਮੁਕਾਬਲਾ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਏਗੀ?
–ਗੈਂਗਸਟਰਾਂ ਸਬੰਧੀ ਪੰਜਾਬ ਪੁਲਸ ਦੀ ਰਣਨੀਤੀ ਬਿਲਕੁਲ ਸਪੱਸ਼ਟ ਹੈ। ਜੇ ਕੋਈ ਗੈਂਗਸਟਰ ਪੁਲਸ ’ਤੇ ਫਾਇਰ ਕਰੇਗਾ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ। ਪੁਲਸ ਵੀ ਜਵਾਬੀ ਕਾਰਵਾਈ ਕਰੇਗੀ। ਪੁਲਸ ਫੋਰਸ ਦਾ ਮਨੋਬਲ ਕਾਫ਼ੀ ਉੱਚਾ ਹੈ ਅਤੇ ਗੈਂਗਸਟਰਾਂ ਨੂੰ ਖ਼ਤਮ ਕਰਨਾ ਉਸ ਦਾ ਪਹਿਲਾ ਟੀਚਾ ਹੈ। ਪੰਜਾਬ ਦੀ ਅਮਨ-ਸ਼ਾਂਤੀ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਪੰਜਾਬ ਪੁਲਸ ਨਸ਼ਾ ਸਮੱਗਲਰਾਂ ਦਾ ਵੀ ਖ਼ਾਤਮਾ ਕਰ ਦੇਵੇਗੀ।
ਸਵਾਲ : ਪੰਜਾਬ ਪੁਲਸ ਨੇ ਪਿਛਲੇ ਕੁਝ ਸਾਲਾਂ ਦੌਰਾਨ ਕਈ ਅਪਰਾਧਿਕ ਵਾਰਦਾਤਾਂ ਨੂੰ ਹੱਲ ਕੀਤਾ ਹੈ ਅਤੇ ਕਈ ਗੈਂਗਸਟਰਾਂ ਨੂੰ ਕਾਬੂ ਵੀ ਕੀਤਾ ਹੈ। ਅਜੇ ਵੀ ਕੁਝ ਗੈਂਗਸਟਰ ਵਿਦੇਸ਼ਾਂ ਵਿਚ ਬੈਠੇ ਹਨ। ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕੀ ਯਤਨ ਕੀਤੇ ਜਾ ਰਹੇ ਹਨ?
-ਪੰਜਾਬ ਪੁਲਸ ਨੇ ਪਿਛਲੇ ਕੁਝ ਸਮੇਂ ਦੌਰਾਨ ਸੂਬੇ ਵਿਚ ਵਾਪਰੀਆਂ ਜ਼ਿਆਦਾਤਰ ਅਪਰਾਧਿਕ ਘਟਨਾਵਾਂ ਨੂੰ ਹੱਲ ਕਰ ਲਿਆ ਹੈ। ਪੰਜਾਬ ਪੁਲਸ ਨੂੰ ਕਈ ਗੈਂਗਸਟਰ ਲੋੜੀਂਦੇ ਹਨ। ਕੁਝ ਗੈਂਗਸਟਰ ਕੈਨੇਡਾ ’ਚ ਬੈਠੇ ਹੋਏ ਹਨ, ਜਿਨ੍ਹਾਂ ਖਿਲਾਫ ਪੰਜਾਬ ਪੁਲਸ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕਰ ਚੁੱਕੀ ਹੈ। ਇਨ੍ਹਾਂ ਗੈਂਗਸਟਰਾਂ ਦੀ ਵਿਦੇਸ਼ਾਂ ਤੋਂ ਭਾਰਤ ਹਵਾਲਗੀ ਦੀ ਪ੍ਰਕਿਰਿਆ ਜਾਰੀ ਹੈ। ਜਲਦੀ ਹੀ ਅਸੀਂ ਉਨ੍ਹਾਂ ਨੂੰ ਭਾਰਤ ਲਿਆਉਣ ’ਚ ਕਾਮਯਾਬ ਹੋਵਾਂਗੇ।
ਸਵਾਲ : ਪੰਜਾਬ ਪੁਲਸ ਹੁਣ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਨੂੰ ਲੈ ਕੇ ਵੀ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ?
– ਇਹ ਸਹੀ ਹੈ ਕਿ ਸਰਹੱਦ ਪਾਰੋਂ ਡਰੋਨ ਭੇਜਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਪਹਿਲਾਂ 5-6 ਮਹੀਨਿਆਂ ਵਿਚ ਇਕ ਡਰੋਨ ਆਉਂਦਾ ਸੀ ਪਰ ਹੁਣ ਤਾਂ ਹਰ ਹਫ਼ਤੇ ਰੋਜ਼ਾਨਾ ਕੋਈ ਨਾ ਕੋਈ ਡਰੋਨ ਸਰਹੱਦ ਪਾਰੋਂ ਆ ਰਿਹਾ ਹੈ। ਪੰਜਾਬ ਪੁਲਸ ਨੇ ਬੀ. ਐੱਸ. ਐੱਫ. ਨਾਲ ਤਾਲਮੇਲ ਕਾਇਮ ਕੀਤਾ ਹੋਇਆ ਹੈ ਅਤੇ ਆਪਸੀ ਤਾਲਮੇਲ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਸਵਾਲ: ਪੰਜਾਬ ਪੁਲਸ ਵਿਚ ਸੁਧਾਰਾਂ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
–ਅਸੀਂ ਪੁਲਸ ਸੁਧਾਰਾਂ ਲਈ ਕਾਫੀ ਕੰਮ ਕੀਤਾ ਹੈ। ਅਸੀਂ ਪੁਲਸ ਮੁਲਾਜ਼ਮਾਂ ਤੇ ਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾਲ-ਨਾਲ ਕਰਦੇ ਹਨ। ਪੀ.ਸੀ.ਆਰ. ਟੀਮਾਂ ਸੂਚਨਾ ਮਿਲਦੇ ਹੀ ਮੌਕੇ ਵਾਲੀ ਥਾਂ ’ਤੇ ਪਹੁੰਚ ਰਹੀਆਂ ਹਨ। ਆਉਣ ਵਾਲੇ ਸਮੇਂ ’ਚ ਇਨ੍ਹਾਂ ਵਿਚ ਹੋਰ ਸੁਧਾਰ ਹੋਵੇਗਾ, ਜਿਸ ਨਾਲ ਅਸੀਂ ਅਪਰਾਧਕ ਅਨਸਰਾਂ ’ਤੇ ਦਬਾਅ ਵਧਾ ਸਕਾਂਗੇ।
ਸਵਾਲ : ਪੰਜਾਬ ਪੁਲਸ ਹੈੱਡਕੁਆਰਟਰ ਤੋਂ ਪੁਲਸ ਅਫਸਰਾਂ ਨੂੰ ਫੀਲਡ ਵਿਚ ਭੇਜਣ ਦਾ ਤਜ਼ਰਬਾ ਕਰਨ ਦਾ ਕੀ ਮਕਸਦ ਸੀ ਅਤੇ ਇਹ ਕਿੰਨਾ ਕੁ ਸਫਲ ਰਿਹਾ ਹੈ?
– ਏ. ਡੀ. ਜੀ. ਪੀ. ਅਤੇ ਆਈ. ਜੀ. ਰੈਂਕ ਦੇ ਪੁਲਸ ਅਫ਼ਸਰਾਂ ਨੂੰ ਫੀਲਡ ’ਚ ਭੇਜਣ ਨਾਲ ਲੋਕਾਂ ਦਾ ਪੁਲਸ ਪ੍ਰਸ਼ਾਸਨ ’ਤੇ ਭਰੋਸਾ ਵਧਿਆ ਹੈ। ਇਸ ਨਾਲ ਫੀਲਡ ਵਿਚ ਕੰਮ ਕਰ ਰਹੇ ਪੁਲਸ ਅਫਸਰਾਂ ਤੇ ਜਵਾਨਾਂ ਦਾ ਮਨੋਬਲ ਵੀ ਵਧਿਆ ਹੈ। ਸੀਨੀਅਰ ਪੁਲਸ ਅਧਿਕਾਰੀ ਫੀਲਡ ਵਿਚ ਤਾਇਨਾਤ ਪੁਲਸ ਅਧਿਕਾਰੀਆਂ ਨਾਲ ਤਾਲਮੇਲ ਰੱਖਦੇ ਹਨ ਅਤੇ ਇਸ ਨਾਲ ਸੂਬੇ ਭਰ ਵਿਚ ਗੈਂਗਸਟਰਾਂ, ਨਸ਼ਾ ਸਮੱਗਲਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਸਫਲਤਾ ਮਿਲ ਰਹੀ ਹੈ। ਅਸੀਂ ਸੂਬਾ ਪੱਧਰ ’ਤੇ ਵੀ ਕਈ ਮੁਹਿੰਮਾਂ ਚਲਾਈਆਂ ਹਨ, ਜਿਨ੍ਹਾਂ ਵਿਚ ਅਸੀਂ ਪੂਰੀ ਤਰ੍ਹਾਂ ਸਫਲ ਰਹੇ ਹਾਂ।
ਸਵਾਲ : ਪੰਜਾਬ ਪੁਲਸ ਦੇ ਆਧੁਨਿਕੀਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ?
–ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਪੁਲਸ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਸਰਕਾਰ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ-ਨਾਲ ਤਰੱਕੀਆਂ ਦੇ ਰਹੀ ਹੈ। ਪੰਜਾਬ ਪੁਲਸ ਨੂੰ ਹੋਰ ਵਧੀਆ ਹਥਿਆਰ ਮੁਹੱਈਆ ਕਰਵਾਏ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਸ ਫੋਰਸ ਵਿਚ ਹਰ ਸਾਲ ਖਾਲੀ ਹੋਣ ਵਾਲੇ ਅਹੁਦਿਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਪੁਲਸ ਵਿਚ ਹਰ ਸਾਲ ਭਰਤੀਆਂ ਹੋਣਗੀਆਂ।
ਇਹ ਵੀ ਪੜ੍ਹੋ : ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡੇਰਾ ਮੁਖੀ ਨੂੰ ਪੈਰੋਲ ਸਬੰਧੀ ਜਾਖੜ ਨੇ ਭਾਜਪਾ ਨੂੰ ਕੀਤਾ ਅਗਾਹ, ਸੁਖਬੀਰ ਬਾਦਲ ਦਾ ਵੀ ਹੋਇਆ ਜ਼ਿਕਰ
NEXT STORY