ਜਲੰਧਰ (ਚੋਪੜਾ)— ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਦੇ ਨਾਲ 'ਮਿਸ਼ਨ ਫਤਹਿ' ਮੁਹਿੰਮ ਤਹਿਤ ਜ਼ਿਲ੍ਹੇ ਨੂੰ ਕੋਰੋਨਾ ਵਾਇਰਸ ਮੁਕਤ ਬਣਾਉਣਾ ਮੇਰੀ ਪਹਿਲ ਹੋਵੇਗੀ। ਇਹ ਸ਼ਬਦ 2010 ਬੈਚ ਦੇ ਆਈ. ਏ. ਐੱਸ. ਅਧਿਕਾਰੀ ਅਤੇ ਜ਼ਿਲ੍ਹੇ ਦੇ ਨਵੇਂ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਮੰਗਲਵਾਰ ਅਹੁਦਾ ਸੰਭਾਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।
ਉਨ੍ਹਾਂ ਕਿਹਾ ਕਿ ਦੇਸ਼ 'ਚ ਰੋਜ਼ਾਨਾ 11 ਹਜ਼ਾਰ ਦੇ ਕਰੀਬ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ ਪਰ ਆਬਾਦੀ ਦੇ ਹਿਸਾਬ ਨਾਲ ਅਸੀਂ ਬਹੁਤ ਪਿੱਛੇ ਹਾਂ। ਕੋਰੋਨਾ ਦਾ ਸਭ ਤੋਂ ਜ਼ਿਆਦਾ ਪ੍ਰਕੋਪ ਮੈਟਰੋ ਸਿਟੀਜ਼ 'ਚ ਫੈਲਿਆ ਹੋਇਆ ਹੈ ਪਰ ਹੁਣ ਇਸ ਦਾ ਅਸਰ ਛੋਟੇ ਸ਼ਹਿਰਾਂ 'ਤੇ ਵੀ ਵਧੇਗਾ। ਅਗਲੇ 2-3 ਮਹੀਨੇ ਬੇਹੱਦ ਅਹਿਮ ਹਨ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਇਸ ਮਹਾਮਾਰੀ ਖਿਲਾਫ ਲੜਾਈ ਜਿੱਤਣ ਲਈ ਇਨਫਰਾਸਟਰੱਕਚਰ ਨੂੰ ਵੱਧ ਮਜ਼ਬੂਤ ਕੀਤਾ ਜਾਵੇ। ਉਹ ਜਲਦ ਹੀ ਸਿਵਲ ਸਰਜਨ ਅਤੇ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਅਤੇ ਕਮੀਆਂ ਨੂੰ ਦੂਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ, ਫਰਦ ਕੇਂਦਰ, ਰੀਜ਼ਨਲ ਟਰਾਂਸਪੋਰਟ ਅਥਾਰਿਟੀ ਦਫਤਰ, ਤਹਿਸੀਲ ਅਤੇ ਹੋਰ ਸਥਾਨਾਂ 'ਤੇ ਲੋਕਾਂ ਦੀ ਭੀੜ ਜ਼ਿਆਦਾ ਹੈ। ਉਹ ਪੈਂਡੈਂਸੀ ਘੱਟ ਕਰਕੇ ਫੁਟਫਾਲ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕੁਝ ਫੀਸਦੀ ਵੀ ਕਾਮਯਾਬ ਰਹੇ ਤਾਂ ਹਜ਼ਾਰਾਂ ਦੀ ਗਿਣਤੀ ਦਾ ਫਰਕ ਪੈ ਜਾਵੇਗਾ।
ਕੋਰੋਨਾ ਤੋਂ ਬਚਣ ਲਈ ਲੋਕ ਕਰਨ ਨਿਯਮਾਂ ਦੀ ਪਾਲਣਾ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਨਿਯਮਾਂ ਦਾ ਪਾਲਣ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਐੱਸ. ਡੀ. ਐੱਮ., ਤਹਿਸੀਲਦਾਰ, ਬੀ. ਡੀ. ਓ. ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕੱਟ ਰਹੇ ਹਨ ਪਰ ਲੋੜ ਪਈ ਤਾਂ ਸੈਕਟਰ ਅਫਸਰ ਨੂੰ ਚਲਾਨ ਕੱਟਣ ਲਈ ਨਾਮਜ਼ਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਮਾਰਕੀਟ ਐਸੋਸੀਸ਼ਨਾਂ ਦੇ ਪ੍ਰਧਾਨਾਂ ਨਾਲ ਮੀਟਿਗ ਕਰਕੇ ਬਾਜ਼ਾਰਾਂ 'ਚ ਵਿਵਸਥਾਵਾਂ ਨੂੰ ਬਣਾਈ ਰੱਖਣ ਲਈ ਸਹਿਯੋਗ ਲੈਣਗੇ। ਉਨ੍ਹਾਂ ਕਿਹਾ ਕਿ ਘਰ-ਘਰ ਰੋਜ਼ਗਾਰ,ਡੈਪੋ ਮੁਹਿੰਮ, ਸਿਹਤ ਬੀਮਾ ਯੋਜਨਾ, ਪੈਨਸ਼ਨ ਆਦਿ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਇਲਾਵਾ ਰੈਵੇਨਿਊ ਨੂੰ ਵਧਾਉਣ ਲਈ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਹੜ੍ਹਾਂ ਤੋਂ ਬਚਾਅ ਲਈ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੋਂ ਇਲਾਵਾ ਉਹ ਮੌਕੇ 'ਤੇ ਜਾ ਕੇ ਸਥਿਤੀ ਦਾ ਮੁਆਇਨਾ ਕਰਨਗੇ। ਜਿੱਥੇ ਵੀ ਸੁਰੱਖਿਆ ਜ਼ਰੂਰਤਾਂ ਲਈ ਫੰਡ ਦੀ ਲੋੜ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਉਹ ਹਰੇਕ ਸ਼ਨੀਵਾਰ ਜਾਇਜ਼ਾ ਲਿਆ ਕਰਨਗੇ। ਇਸ ਮੌਕੇ 'ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ ਅਤੇ ਡਾ. ਜੈਇੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਸ ਹਰਪ੍ਰੀਤ ਸਿੰਘ, ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਰਣਜੀਤ ਸਿੰਘ ਗਿੱਲ ਅਤੇ ਹੋਰ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ।
ਵਰਿੰਦਰ ਸ਼ਰਮਾ ਨਾਲ ਬੈਠਕ ਕਰਕੇ ਲਈ ਜ਼ਿਲ੍ਹੇ ਸਬੰਧੀ ਫੀਡਬੈਕ
ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਿਹਾ ਕਿ ਉਨ੍ਹਾਂ ਨੇ ਵਰਿੰਦਰ ਕੁਮਾਰ ਸ਼ਰਮਾ ਨਾਲ ਕਰੀਬ ਡੇਢ ਘੰਟਾ ਮੁਲਾਕਾਤ ਕਰਕੇ ਜ਼ਿਲ੍ਹੇ ਦੇ ਹਾਲਾਤਾਂ, ਪ੍ਰਾਜੈਕਟਾਂ ਸਮੇਤ ਉਨ੍ਹਾਂ ਦੇ ਕਾਰਜਕਾਲ ਦੇ ਤਜਰਬਿਆਂ ਸਬੰਧੀ ਫੀਡਬੈਕ ਲਈ ਹੈ। ਉਨ੍ਹਾਂ ਕਿਹਾ ਕਿ ਵਰਿੰਦਰ ਸ਼ਰਮਾ ਨੇ ਬਤੌਰ ਡਿਪਟੀ ਕਮਿਸ਼ਨਰ ਜ਼ਿਲ੍ਹੇ 'ਚ 3 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਜ਼ਿਲ੍ਹੇ ਦੀ ਕਮਾਨ ਸੰਭਾਲੀ ਹੈ ਅਤੇ ਥੋੜ੍ਹੇ ਸਮੇਂ 'ਚ ਉਨ੍ਹਾਂ ਤੋਂ ਪੂਰੀ ਫੀਡਬੈਕ ਹਾਸਲ ਨਹੀਂ ਹੋ ਸਕੀ ਹੈ ਪਰ ਉਹ ਉਨ੍ਹਾਂ ਦੇ ਸੰਪਰਕ 'ਚ ਰਹਿਣਗੇ ਅਤੇ ਜ਼ਿਲ੍ਹੇ ਨਾਲ ਸਬੰਧਤ ਸਾਰੇ ਪ੍ਰਾਜੈਕਟਾਂ ਨੂੰ ਪੂਰਾ ਕਰਵਾਉਣਗੇ।
ਆਈ. ਆਰ. ਐੱਸ. ਦੀ ਬਜਾਏ ਆਈ. ਏ. ਐੱਸ. ਬਣਨ 'ਚ ਜ਼ਿਆਦਾ ਰਿਹਾ ਰੁਝਾਨ
ਆਈ. ਆਰ. ਐੱਸ. 'ਚ ਪੋਸਟਿੰਗ ਨੂੰ ਛੱਡ ਕੇ ਆਈ. ਏ. ਐੱਸ. ਬਣਨ 'ਚ ਮੇਰਾ ਸ਼ੁਰੂ ਤੋਂ ਹੀ ਰੁਝਾਨ ਰਿਹਾ ਸੀ। ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਅਨੁਸਾਰ ਆਈ. ਆਰ. ਐੱਸ. ਅਤੇ ਆਈ. ਪੀ. ਐੱਸ. ਇਕ ਦਾਇਰੇ ਤੱਕ ਸੀਮਤ ਹੁੰਦੇ ਹਨ, ਜਦਕਿ ਆਈ. ਏ. ਐੱਸ. ਦਾ ਦਾਇਰਾ ਬਹੁਤ ਵੱਡਾ ਹੈ। ਇਸ ਵਿਚ ਐਕਸਪੋਜ਼ਰ ਜ਼ਿਆਦਾ ਹੁੰਦਾ ਹੈ, ਜਿਸ ਸਬੰਧੀ ਉਨ੍ਹਾਂ ਦਿਲਚਸਪੀ ਆਈ. ਏ. ਐੱਸ. ਰੈਂਕ ਨੂੰ ਪਾਉਣ ਦੀ ਰਹੀ ਹੈ।
ਸਰਕਟ ਹਾਊਸ 'ਚ ਪੰਜਾਬ ਪੁਲਸ ਨੇ ਦਿੱਤਾ ਗਾਰਡ ਆਫ ਆਨਰ
ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਜ਼ਿਲ੍ਹੇ 'ਚ ਆਏ ਘਨਸ਼ਾਨ ਥੋਰੀ ਨੂੰ ਸਰਕਟ ਹਾਊਸ 'ਚ ਪੰਜਾਬ ਪੁਲਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਅਤੇ ਡਿਪਟੀ ਕਮਿਸ਼ਨਰ ਇਨਕਮ ਟੈਕਸ ਗਗਨ ਕੁੰਦਰਾ ਥੋਰੀ, ਸੁਦੇਸ਼ ਕੁੰਦਰਾ, ਸੁਸ਼ੀਲ ਕੁਮਾਰ ਕੁੰਦਰਾ ਅਤੇ ਪੰਕਜ ਕੁੰਦਰਾ ਵੀ ਮੌਜੂਦ ਸਨ, ਜਿਨ੍ਹਾਂ ਦਾ ਵੀ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਜਸਬੀਰ ਸਿੰਘ ਅਤੇ ਨਵੇਂ ਅਧਿਕਾਰੀਆਂ ਵੱਲੋਂ ਸਵਾਗਤ ਕੀਤਾ ਗਿਆ।
ਮਕੌੜਾ ਪੱਤਣ ਤੋਂ ਪਲੂਟਨ ਪੁਲ ਚੁੱਕਿਆ, ਇਲਾਕਾ ਵਾਸੀ ਪ੍ਰੇਸ਼ਾਨ
NEXT STORY