ਬਠਿੰਡਾ (ਵੈੱਬ ਡੈਸਕ, ਵਰਮਾ) : ਪੰਜਾਬ ਵਿਚ ਨਸ਼ਾ ਇੰਨਾ ਫੈਲ ਚੁੱਕਾ ਹੈ ਕਿ ਇਸ ਦੀ ਲਪੇਟ 'ਚ ਨੌਜਵਾਨਾਂ ਦੇ ਨਾਲ ਨਾਲ ਹੁਣ ਕੁੜੀਆਂ ਵੀ ਆਉਣ ਲੱਗ ਗਈਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਬਠਿੰਡਾ 'ਚ ਵੇਖਣ ਨੂੰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਥੋਂ ਦੇ ਇਕ ਇਲਾਕੇ ਦੀ ਰਹਿਣ ਵਾਲੀ 18 ਸਾਲਾ ਮੁਟਿਆਰ ਦੀ ਨਸ਼ੇ ਦੀ ਓਵਰਡੋਜ਼ ਕਾਰਣ ਹਾਲਤ ਵਿਗੜਨ ਲੱਗੀ, ਜਿਸ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਕਤ ਕੁੜੀ ਨੂੰ ਪਿਛਲੇ 4-5 ਸਾਲ ਤੋਂ ਨਸ਼ੇ (ਚਿੱਟੇ) ਦੀ ਲਤ ਲੱਗੀ ਸੀ, ਜੋ ਛੁੱਟਣ ਦਾ ਨਾਂ ਨਹੀਂ ਲੈ ਰਹੀ ਸੀ, ਜਿਸ ਕਾਰਣ ਪੀੜਤ ਕੁੜੀ ਦੇ ਪਰਿਵਾਰ ਵਾਲੇ ਵੀ ਚਿੰਤਤ ਰਹਿੰਦੇ ਸੀ ਅਤੇ ਉਨ੍ਹਾਂ ਨਸ਼ਾ ਛੁਡਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋਏ।
ਇਸ ਦੌਰਾਨ ਨਸ਼ੇ ਦੀ ਤੋਟ ਲੱਗਣ 'ਤੇ ਸ਼ੁੱਕਰਵਾਰ ਨੂੰ ਉਕਤ ਕੁੜੀ ਨੇ ਨਸ਼ੇ ਦਾ ਸੇਵਨ ਕੀਤਾ, ਨਸ਼ਾ ਓਵਰਡੋਜ਼ ਹੋਣ ਕਾਰਣ ਲੜਕੀ ਦੀ ਹਾਲਤ ਵਿਗੜ ਗਈ ਅਤੇ ਪਰਿਵਾਰ ਵਲੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਨਸ਼ੇ ਕਾਰਨ ਕੁੜੀ ਦੀ ਹਾਲਤ ਕਾਫੀ ਨਾਜ਼ੁਕ ਹੋ ਗਈ ਹੈ।
ਮਹਿਜ਼ 2 ਮਹੀਨਿਆਂ 'ਚ ਗਈਆਂ ਕਈ ਜਾਨਾਂ
ਨਸ਼ੇ ਦਾ ਕਹਿਰ ਪੰਜਾਬ ਵਿਚ ਇਸ ਕਦਰ ਫੈਲ ਰਿਹਾ ਹੈ ਕਿ ਮਹਿਜ਼ ਦੋ ਮਹੀਨਿਆਂ ਵਿਚ ਹੀ ਇਸ ਨੇ ਪੰਜਾਬ ਦੇ ਕਈ ਘਰ ਉਜਾੜ ਕੇ ਰੱਖ ਦਿੱਤੇ ਹਨ। ਜੇਕਰ ਮੋਟੇ-ਮੋਟੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ 4 ਜਨਵਰੀ ਨੂੰ ਥਾਣਾ ਸੁਭਾਨਪੁਰ ਦੇ ਅਧੀਨ ਆਉਂਦੇ ਪਿੰਡ ਮੁਰਾਰ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਰਮਨ ਨਾਮ ਦੇ 17 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸੇ ਤਰ੍ਹਾਂ 9 ਜਨਵਰੀ ਨੂੰ ਫਿਰੋਜ਼ਪੁਰ ਦੀ ਇੰਦਰਾ ਕਾਲੋਨੀ ਦੇ ਵਿੱਕੀ ਨਾਮਕ 28 ਸਾਲਾ ਨੌਜਵਾਨ, 12 ਜਨਵਰੀ ਨੂੰ ਮੋਗਾ ਦੇ ਥਾਣਾ ਅਜੀਤਵਾਲ ਅਧੀਨ ਆਉਂਦੇ ਪਿੰਡ ਚੂਹੜਚੱਕ ਦੇ ਬਲਜਿੰਦਰ ਸਿੰਘ (28) ਦੀ, 19 ਜਨਵਰੀ ਨੂੰ ਗੁਰੂਹਰਸਹਾਏ ਦੇ ਪਿੰਡ ਛਾਗਾ ਰਾਏ ਉਤਾੜ ਦੇ ਖਜਾਨ ਸਿੰਘ (26) ਦੀ, 30 ਜਨਵਰੀ ਨੂੰ ਤਲਵੰਡੀ ਸਾਬੋ ਦੇ ਨੌਜਵਾਨ ਦੀ, 30 ਜਨਵਰੀ ਨੂੰ ਤਰਨਤਾਰਨ ਦੇ 25 ਸਾਲਾ ਨੌਜਵਾਨ ਵਰਿੰਦਰਜੀਤ ਸਿੰਘ ਦੀ, 22 ਫਰਵਰੀ ਨੂੰ ਮੋਗਾ ਦੇ ਪਿੰਡ ਦੌਲੇਵਾਲ ਜਸਪ੍ਰੀਤ ਸਿੰਘ (25) ਦੀ, 23 ਫਰਵਰੀ ਨੂੰ ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਇਲਾਕੇ ਦੇ ਨੌਜਵਾਨ ਸੂਰਜ (21) ਦੀ, 26 ਫਰਵਰੀ ਨੂੰ ਗੁਰੂਹਰਸਹਾਏ ਦੇ 40 ਸਾਲਾ ਵਿਅਕਤੀ ਗੁਰਚਰਨ ਸਿੰਘ ਦੀ ਅਤੇ 9 ਮਾਰਚ ਨੂੰ ਤਲਵੰਡੀ ਸਾਬੋ ਦੇ ਮਨਿੰਦਰ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਅਜੇ ਹੋਰ ਵੀ ਕਈ ਮਾਮਲੇ ਅਜਿਹੇ ਹੋਣਗੇ ਜਿਨ੍ਹਾਂ ਵਿਚ ਨਸ਼ੇ ਦਾ ਦੈਂਤ ਕਈ ਘਰਾਂ ਨੂੰ ਉਜਾੜ ਚੁੱਕਾ ਹੈ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ ਕਮਾਊ ਪੁੱਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਆਏ ਦਿਨ ਹੋ ਰਹੀਆਂ ਨਸ਼ੇ ਕਾਰਨ ਮੌਤਾਂ
ਭਾਵੇਂ ਪੰਜਾਬ ਸਰਕਾਰ ਵਲੋਂ ਨਸ਼ੇ ਦੇ ਸੌਦਾਗਰਾਂ 'ਤੇ ਸਖਤੀ ਨਾਲ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਬਾਵਜੂਦ ਇਸ ਦੇ ਆਏ ਦਿਨ ਪੰਜਾਬ ਵਿਚ ਕਿਸੇ ਨਾ ਕਿਸੇ ਨੌਜਵਾਨ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ। ਭਾਵੇਂ ਪੁਲਸ ਵਲੋਂ ਨਸ਼ਿਆਂ 'ਤੇ ਸਖਤੀ ਵੀ ਵਰਤੀ ਜਾ ਰਹੀ ਹੈ ਅਤੇ ਸਮੱਗਲਰਾਂ ਨੂੰ ਜੇਲਾਂ ਵਿਚ ਸੁੱਟਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ ਪਰ ਅਜੇ ਪੰਜਾਬ ਵਿਚ ਨਸ਼ਾ ਆਮ ਮਿਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਅਕਾਲ ਪੁਰਖ ਕੀ ਫੌਜ ਸੰਸਥਾ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਆਸ-ਪਾਸ ਲਗਾਏ ਗਏ ਬੂਟੇ
NEXT STORY