ਮਾਨਸਾ (ਸੰਦੀਪ ਮਿੱਤਲ) : ਮਾਨਸਾ ਸ਼ਹਿਰ 'ਚ 17 ਸਾਲਾ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪੀੜਤਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਧੀ ਘਰ ਦੇ ਨੇੜੇ ਇੱਕ ਬਿਊਟੀ ਪਾਰਲਰ 'ਚ ਕੰਮ ਸਿੱਖਣ ਲਈ ਜਾਂਦੀ ਸੀ। ਘਟਨਾ ਵਾਲੇ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਪਾਰਲਰ ਲਈ ਨਿਕਲੀ ਪਰ ਅਚਾਨਕ ਮੌਸਮ ਖ਼ਰਾਬ ਹੋ ਗਿਆ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ’ਤੇ ਪੀੜਤਾ ਦੀ ਮਾਤਾ ਨੇ ਪਾਰਲਰ 'ਚ ਫੋਨ ਕਰਕੇ ਪੁੱਛਿਆ ਕਿ ਕੀ ਉਨ੍ਹਾਂ ਦੀ ਧੀ ਪਾਰਲਰ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਮੀਂਹ ਕਾਰਨ ਉਸਦੇ ਕੱਪੜੇ ਭਿੱਜ ਗਏ ਹੋਣ ਤਾਂ ਉਹ ਸੁੱਕੇ ਕੱਪੜੇ ਪਾਰਲਰ 'ਚ ਦੇ ਜਾਵੇਗੀ। ਇਸ ਦੌਰਾਨ ਪਾਰਲਰ ਦੀ ਮਾਲਕਣ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੁਪਹਿਰ ਤੋਂ ਬਾਅਦ ਪਾਰਲਰ ਪਹੁੰਚੀ ਹੀ ਨਹੀਂ।
ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕੁੜੀ ਦੀ ਭਾਲ ਸ਼ੁਰੂ ਕਰ ਦਿੱਤੀ। ਕਾਫ਼ੀ ਤਲਾਸ਼ ਤੋਂ ਬਾਅਦ ਉਹ ਇੱਕ ਘਰ 'ਚ ਮਿਲੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉੱਥੇ ਮੌਜੂਦ ਪੰਜ ਨੌਜਵਾਨਾਂ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਸਦਾ ਮੈਡੀਕਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰਿਵਾਰਕ ਮੈਂਬਰਾਂ ਨੇ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸਿਵਲ ਹਸਪਤਾਲ ਮਾਨਸਾ ਦੇ ਡਾ. ਕ੍ਰਿਸ਼ਨ ਨੇ ਦੱਸਿਆ ਕਿ ਨਾਬਾਲਗ ਕੁੜੀ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜੋ ਨਸ਼ੇ ਦੀ ਹਾਲਤ 'ਚ ਸੀ।
ਉਨ੍ਹਾਂ ਕਿਹਾ ਕਿ ਉਸਦਾ ਮੈਡੀਕਲ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈ ਕੇ ਲੈਬ 'ਚ ਭੇਜੇ ਗਏ ਹਨ। ਜੋ ਵੀ ਤੱਥ ਸਾਹਮਣੇ ਆਉਣਗੇ, ਉਹ ਮੀਡੀਆ ਨਾਲ ਸਾਂਝੇ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਸੰਬੰਧਿਤ ਥਾਣੇ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉੱਥੇ ਹੀ ਥਾਣਾ ਸਿਟੀ-1 ਦੇ ਜਾਂਚ ਅਧਿਕਾਰੀ ਅਰਸ਼ਦੀਪ ਗਰਗ ਨੇ ਦੱਸਿਆ ਕਿ ਪੁਲਸ ਨੇ ਪੀੜਤਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਸਮੂਹਿਕ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ।
ਡਾਕ ਵਿਭਾਗ ਦਾ ਵੱਡਾ ਫੈਸਲਾ: ਭੈਣਾਂ ਦੀ ਸਹੂਲਤ ਲਈ ਕੀਤੇ ਖਾਸ ਪ੍ਰਬੰਧ
NEXT STORY