ਨਵਾਂਸ਼ਹਿਰ (ਤ੍ਰਿਪਾਠੀ)— ਸਮਾਜ ਵਿਚ ਲੜਕੀਆਂ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਸਾਕਾਰਾਤਮਕ ਤਬਦੀਲੀ ਆਉਣੀ ਸ਼ੁਰੂ ਹੋਣ ਦੇ ਬਾਵਜੂਦ ਬੱਚੀਆਂ ਦੇ ਮਾਪਿਆਂ ਦੇ ਮਨ 'ਚ ਇਕ ਅਜੀਬ ਤਰ੍ਹਾਂ ਦਾ ਡਰ ਹਾਲੇ ਵੀ ਹਰ ਸਮੇਂ ਰਹਿੰਦਾ ਹੈ, ਜਿਸ ਦਾ ਮੁੱਖ ਕਾਰਨ ਸਮਾਜ 'ਚ ਬੱਚੀਆਂ ਖਿਲਾਫ ਹੋਣ ਵਾਲੀਆਂ ਅਪਰਾਧਿਕ ਘਟਨਾਵਾਂ ਹਨ। ਆਮ ਤੌਰ 'ਤੇ ਦੇਸ਼ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ 'ਚ ਬੱਚੀਆਂ ਨਾਲ ਜਬਰ-ਜ਼ਨਾਹ ਦੀਆਂ ਖਬਰਾਂ ਦੇਖਣ-ਸੁਣਨ ਨੂੰ ਮਿਲਦੀਆਂ ਹਨ, ਅਜਿਹੇ ਹਾਲਾਤ 'ਚ ਹੁਣ ਲੜਕੀਆਂ ਦੇ ਮਨ 'ਚ ਡਰ ਪੈਦਾ ਹੋਣਾ ਸੁਭਾਵਿਕ ਹੈ ਅਤੇ ਅਜਿਹੇ ਹਾਲਾਤ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਕੇਸਰੀ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨਾਲ ਹੁਣ ਡੀ. ਏ. ਐੱਨ. ਕਾਲਜ ਆਫ ਐਜੂਕੇਸ਼ਨ ਦੀਆਂ ਅਧਿਆਪਕਾਵਾਂ ਵੀ ਜੁੜ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜਬਰ-ਜ਼ਨਾਹ ਦੇ ਮਾਮਲਿਆਂ 'ਚ ਸਖਤ ਸਜ਼ਾ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਆਮ ਜਨਤਾ ਦਾ ਸਰਕਾਰ ਤੋਂ ਵਿਸ਼ਵਾਸ ਉੱਠਣਾ ਤੈਅ ਹੈ।
ਜਬਰ-ਜ਼ਨਾਹ ਇਕ ਗੰਭੀਰ ਅਤੇ ਵੱਡਾ ਅਪਰਾਧ: ਅਚਲਾ ਭੱਲਾ
ਸਿੱਖਿਆ ਜਗਤ ਦੀ ਪੁਰਾਣੀ ਸੰਸਥਾ ਡਾ. ਆਸ਼ਾ ਨੰਦ ਆਰੀਆ ਮਾਡਲ ਸੀ. ਸੈ. ਸਕੂਲ ਦੀ ਡਾਇਰੈਕਟਰ ਅਚਲਾ ਭੱਲਾ ਦਾ ਕਹਿਣਾ ਹੈ ਕਿ ਜਬਰ-ਜ਼ਨਾਹ ਬਹੁਤ ਵੱਡਾ ਅਤੇ ਗੰਭੀਰ ਅਪਰਾਧ ਹੈ ਅਤੇ ਇਸ ਲਈ ਸਜ਼ਾ ਵੀ ਓਨੀ ਹੀ ਸਖਤ ਮਿਲਣੀ ਚਾਹੀਦੀ ਹੈ। ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ, ਜਿਸ ਲਈ ਸਰਕਾਰ ਨੂੰ ਛੇਤੀ ਧਾਰਾ 376 'ਚ ਸੋਧ ਕਰ ਕੇ ਫਾਂਸੀ ਦੀ ਸਜ਼ਾ ਦਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ ।
ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਨਾਲ ਹੀ ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਕੁਰੀਤੀ ਖਿਲਾਫ ਲੜਾਈ ਨੂੰ ਮਿਲੇਗੀ ਪੂਰੀ ਸਫਲਤਾ
ਡੀ. ਏ. ਐੱਨ. ਕਾਲਜ ਆਫ ਐਜੂਕੇਸ਼ਨ ਫਾਰ ਗਰਲਜ਼ 'ਚ ਬਤੌਰ ਅਧਿਆਪਕਾ ਪੜ੍ਹਾ ਰਹੀਆਂ ਪ੍ਰੋ. ਕਰੁਣਾ ਓਬਰਾਏ, ਕਵਿਤਾ, ਅਰੁਣਾ ਪ੍ਰਭਾਕਰ, ਰਜਨੀ ਤੇ ਸਰਿਤਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੀਆਂ ਘਿਨੌਣੀਆਂ ਅਪਰਾਧਿਕ ਘਟਨਾਵਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਸਖਤ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਜੇਕਰ ਸਮਾਜ 'ਚ ਇਸ ਤਰ੍ਹਾਂ ਦੇ ਮਾਮਲੇ ਵੱਧਦੇ ਰਹੇ ਤਾਂ ਬੱਚੀਆਂ ਦੀ ਸੁਰੱਖਿਆ ਦਾ ਕੀ ਹੋਵੇਗਾ? ਅਜਿਹੇ 'ਚ ਮਾਪੇ ਲੜਕੀਆਂ ਦੇ ਪੈਦਾ ਹੋਣ 'ਤੇ ਲੜਕਿਆਂ ਵਾਂਗ ਲੋਹੜੀ ਨਹੀਂ ਮਨਾ ਸਕਣਗੇ ਤੇ ਕੰਨਿਆ ਭਰੂਣ ਹੱਤਿਆ ਵਰਗੇ ਸਮਾਜਿਕ ਕੋਹੜ ਨੂੰ ਵੀ ਜੜ੍ਹੋਂ ਉਖਾੜ ਸੁੱਟਣ 'ਚ ਦਿੱਕਤਾਂ ਆਉਂਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧਿਕ ਮਾਮਲਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਰਕਾਰ ਨੂੰ ਛੇਤੀ ਤੋਂ ਛੇਤੀ ਜਬਰ-ਜ਼ਨਾਹ ਦੇ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦਾ ਕਾਨੂੰਨ ਪਾਸ ਕਰਨਾ ਚਾਹੀਦਾ ਹੈ ਕਿਉਂਕਿ ਫਾਂਸੀ ਦਾ ਕਾਨੂੰਨ ਬਣਾ ਕੇ ਹੀ ਅਜਿਹੇ ਜਬਰ-ਜ਼ਨਾਹ ਦੇ ਮਾਮਲੇ ਰੁਕ ਸਕਦੇ ਹਨ ਤੇ ਘੱਟ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੇ ਵਰਗਾਂ ਦੀ ਇਸ ਮੰਗ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਜੇਲ 'ਚ ਇਕ ਛੋਟੇ ਅਤੇ ਹਨ੍ਹੇਰੇ ਕਮਰੇ 'ਚ ਸਾਰੀ ਉਮਰ ਸਜ਼ਾ ਦਾ ਕਾਨੂੰਨ ਵੀ ਉਚਿਤ ਹੋ ਸਕਦਾ ਹੈ ਕਿਉਂਕਿ ਫਾਂਸੀ ਦੇਣ ਨਾਲ ਤਾਂ ਉਹ ਇਕ ਹੀ ਵਾਰ 'ਚ ਜੀਵਨ ਤੋਂ ਛੁਟਕਾਰਾ ਪਾ ਲਵੇਗਾ ਪਰ ਪੂਰੀ ਜ਼ਿੰਦਗੀ ਘੁੱਟ-ਘੁੱਟ ਕੇ ਮਰਨ ਨਾਲ ਉਸ ਨੂੰ ਆਪਣੇ ਪਾਪਾਂ 'ਤੇ ਪਛਤਾਵਾ ਕਰਨ ਦਾ ਜਿਥੇ ਮੌਕਾ ਮਿਲੇਗਾ, ਉਥੇ ਹੀ ਦੇਖਣ ਵਾਲਿਆਂ ਦੀ ਰੂਹ ਵੀ ਕੰਬ ਉੱਠੇਗੀ।
ਰਿਆਜ਼ਪੁਰਾ ਬਲਾਸਟ ਮਾਮਲਾ, ਇਕ ਹੋਰ ਵਿਅਕਤੀ ਨੇ ਤੋੜਿਆ ਦਮ
NEXT STORY