ਫਰੀਦਕੋਟ - ਵੱਖ-ਵੱਖ ਸੂਬਿਆਂ ’ਚ ਕੁੜੀਆਂ ਨੂੰ ਅਗਵਾ ਕਰਨ ਦੇ ਮਾਮਲੇ ’ਚ ਭਗੌੜਾ ਚੱਲ ਰਹੇ ਇਕ ਇੰਗਲਿਸ਼ ਅਧਿਆਪਕ ਦੇ ਸਬੰਧ ’ਚ ਸੀ.ਬੀ.ਆਈ. ਨੇ ਸਕੂਲ ਸਿੱਖਿਆ ਵਿਭਾਗ ਨੂੰ ਪੱਤਰ ਲਿੱਖ ਕੇ ਅਲਰਟ ਜਾਰੀ ਕੀਤਾ ਹੈ। ਸੀ.ਬੀ.ਆਈ. ਨੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਇਸ ਅਗਵਾਕਾਰ ਦੇ ਬਾਰੇ ਪੱਤਰ ਰਾਹੀਂ ਜਾਣਕਾਰੀ ਅਤੇ ਉਸ ਦੀ ਤਸਵੀਰ ਸਾਂਝੀ ਕਰਕੇ ਸੂਚੇਤ ਰਹਿਣ ਦੀ ਗੱਲ ਕਹੀ ਹੈ। ਜਾਣਕਾਰੀ ਅਨੁਸਾਰ ਸੀ.ਬੀ.ਆਈ. ਵਲੋਂ ਜਾਰੀ ਕੀਤੇ ਅਲਰਟ ਮੁਤਾਬਕ ਮੁਲਜ਼ਮ ਹਰਿਸ਼ਚੰਦਰ ਤਿ੍ਵੇਦੀ ਮਾਨਸਾ ਅਤੇ ਕਪੂਰਥਲਾ ਦੇ ਕਈ ਨਿੱਜੀ ਸਕੂਲਾਂ ’ਚ ਕੰਮ ਕਰ ਚੁੱਕਾ ਹੈ ਅਤੇ ਉਸ ਦੇ ਹੁਣ ਵੀ ਕਿਸੇ ਹੋਰ ਸਕੂਲ ’ਚ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਉਕਤ ਅਧਿਆਪਕ ਨੂੰ ਗੁਜਰਾਤ ਦੀਆਂ 2 ਨਾਬਾਲਕ ਕੁੜੀਆਂ ਨੂੰ ਅਗਵਾ ਅਤੇ ਉਨ੍ਹਾਂ ਨਾਲ ਗਲਤ ਹਰਕਤਾਂ ਕਰਨ ਦੇ ਦੋਸ਼ ’ਚ ਕਾਬੂ ਕੀਤਾ ਗਿਆ ਸੀ।
ਇਸ ਮਾਮਲੇ ਦੇ ਸਬੰਧ ’ਚ ਗੁਜਰਾਤ ਦੇ ਰਾਜਕੋਟ ਦੀ ਇਕ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਪਰ ਕੁਝ ਸਮਾਂ ਪਹਿਲਾਂ ਜਦੋਂ ਉਹ ਪੈਰੋਲ ’ਤੇ ਬਾਹਰ ਆਇਆ ਤਾਂ ਉਹ ਫਿਰ ਇਕ ਹੋਰ ਨਾਬਾਲਗ ਕੁੜੀ ਨੂੰ ਲੈ ਕੇ ਭੱਜ ਗਿਆ। ਹਰਿਸ਼ਚੰਦਰ ਨੇ ਪਿਛਲੇ 8 ਸਾਲਾ ਤੋਂ ਅਜਿਹੇ 8 ਅਪਰਾਧ ਕੀਤੇ ਹਨ, ਜਿਨ੍ਹਾਂ ਦੇ ਖਿਲਾਫ ਸੀ.ਬੀ.ਆਈ. ਨੇ ਜਾਂਚ ਉਸ ਸਮੇਂ ਕੀਤੀ ਜਦੋਂ ਇਕ ਵਿਅਕਤੀ ਨੇ ਗੁਜਰਾਤ ਹਾਈਕੋਰਟ ਦੀ ਅਦਾਲਤ ’ਚ ਆਪਣੀ ਨਾਬਾਲਕ ਕੁੜੀ ਦੇ ਅਗਵਾ ਹੋਣ ਦੀ ਸ਼ਿਕਾਇਤ ਕੀਤੀ। ਉਕਤ ਵਿਅਕਤੀ ਨੇ ਦੋਸ਼ ਲਾਇਆ ਕਿ ਹਰਿਸ਼ਚੰਦਰ ਨੇ ਉਸ ਦੀ ਨਾਬਾਲਕ ਕੁੜੀ ਨੂੰ 11 ਅਗਸਤ ਨੂੰ ਅਗਵਾ ਕੀਤਾ ਸੀ।
ਸੀ.ਬੀ.ਆਈ ਨੇ ਪੱਤਰ ਰਾਹੀਂ ਖੁਲਾਸਾ ਕਰਦਿਆਂ ਕਿਹਾ ਕਿ ਦੋਸ਼ੀ ਵੱਖ-ਵੱਖ ਰਾਜਾਂ ਦੇ ਸਕੂਲ ’ਚ ਅੰਗਰੇਜ਼ੀ ਅਧਿਆਪਕ, ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਜਾਂ ਮੈਨੇਜਰ ਵਜੋਂ ਜਾਅਲੀ ਨਾਂ ਅਤੇ ਪੱਤੇ ’ਤੇ ਕੰਮ ਕਰਦਾ ਹੈ, ਜਿਸ ਮਗਰੋਂ ਉਹ ਸਕੂਲ ਦੀਆਂ ਨਾਬਾਲਗ ਕੁੜੀਆਂ ਦਾ ਸ਼ਿਕਾਰ ਕਰਦਾ ਹੈ। ਸੀ.ਬੀ.ਆਈ .ਜਾਂਚ ਅਨੁਸਾਰ ਹੁਣ ਤੱਕ ਉਹ ਟੀ.ਡੀ.ਕੇ. ਚੰਦਰ, ਟੀ.ਕੇ.ਡੀ. ਚੰਦਰ, ਡੀ. ਕੁਮਾਰ ਅਤੇ ਧਰਮਿੰਦਰ ਕੁਮਾਰ ਦੇ ਜਾਅਲੀ ਨਾਵਾਂ ਦੀ ਵਰਤੋਂ ਕਰ ਚੁੱਕਾ ਹੈ। ਉਸ ਨੇ ਹਰਿਆਣਾ ਦੇ ਕਾਲਕਾ, ਪੰਚਕੂਲਾ ’ਚ ਇਕ ਫਰਜ਼ੀ ਵੋਟਰ ਸ਼ਨਾਖਤੀ ਕਾਰਡ ਅਤੇ ਰਾਸ਼ਨ ਕਾਰਡ ਬਣਾਇਆ ਸੀ, ਜਿਸ ਦੇ ਆਧਾਰ ’ਤੇ ਉਸਨੇ ਮਾਨਸਾ-ਬੁਡਲਾਡਾ ਦੇ ਇਕ ਪ੍ਰਾਈਵੇਟ ਸਕੂਲ ’ਚ ਕੰਮ ਕੀਤਾ।
ਢੀਂਡਸਾ ਬੇਟੇ ਨਾਲ ਦਿੱਲੀ 'ਚ ਬੈਠ ਕੇ ਕਰਨਗੇ ਮੰਥਨ!
NEXT STORY