ਗੈਜੇਟ ਡੈਸਕ- ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਮੈਸੇਜਿੰਗ ਐਪਸ Signal ਅਤੇ WhatsApp ਨੂੰ ਲੈ ਕੇ ਇੱਕ ਗੰਭੀਰ ਸਾਈਬਰ ਸੁਰੱਖਿਆ ਅਲਰਟ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇੱਕ ਵਿਸ਼ਵ ਪੱਧਰੀ ਸਾਈਬਰ ਹਮਲਾ ਚੱਲ ਰਿਹਾ ਹੈ, ਜਿਸ ਵਿੱਚ ਰੂਸ ਸਮਰਥਿਤ ਹੈਕਰਾਂ ਵੱਲੋਂ ਇਨ੍ਹਾਂ ਐਪਸ ਦੇ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਨੀਦਰਲੈਂਡ ਦੀਆਂ ਖੁਫੀਆ ਏਜੰਸੀਆਂ ਨੇ ਇਸ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਮਲਾ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸ ਦਾ ਮੁੱਖ ਨਿਸ਼ਾਨਾ ਸਰਕਾਰੀ ਅਧਿਕਾਰੀ, ਫੌਜੀ ਕਰਮਚਾਰੀ ਅਤੇ ਪੱਤਰਕਾਰ ਬਣ ਰਹੇ ਹਨ। ਕਈ ਮਾਮਲਿਆਂ ਵਿੱਚ ਸਰਕਾਰੀ ਕਰਮਚਾਰੀਆਂ ਦੇ ਅਕਾਊਂਟ ਹੈਕ ਹੋਣ ਕਾਰਨ ਸੰਵੇਦਨਸ਼ੀਲ ਜਾਣਕਾਰੀ ਲੀਕ ਹੋਣ ਦਾ ਖ਼ਤਰਾ ਵੀ ਪੈਦਾ ਹੋ ਗਿਆ ਹੈ।
ਕਿਵੇਂ ਕੀਤੇ ਜਾ ਰਹੇ ਹਨ ਅਕਾਊਂਟ ਹੈਕ?
ਸੋਸ਼ਲ ਇੰਜੀਨੀਅਰਿੰਗ: ਹੈਕਰ ਅਕਸਰ ਸਪੋਰਟ ਬੋਟ ਜਾਂ ਕਿਸੇ ਭਰੋਸੇਮੰਦ ਵਿਅਕਤੀ ਦਾ ਭੇਸ ਧਾਰ ਕੇ ਯੂਜ਼ਰਜ਼ ਨਾਲ ਗੱਲਬਾਤ ਸ਼ੁਰੂ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣਾ ਵੈਰੀਫਿਕੇਸ਼ਨ ਕੋਡ ਜਾਂ ਪਿੰਨ (PIN) ਸਾਂਝਾ ਕਰਨ ਲਈ ਮਨਾ ਲੈਂਦੇ ਹਨ।
ਲਿੰਕਡ ਡਿਵਾਈਸ ਫੀਚਰ: Signal ਐਪ ਦੇ ਮਾਮਲੇ ਵਿੱਚ, ਹੈਕਰ 'ਲਿੰਕਡ ਡਿਵਾਈਸ' ਫੀਚਰ ਦੀ ਦੁਰਵਰਤੋਂ ਕਰਕੇ ਕਿਸੇ ਹੋਰ ਡਿਵਾਈਸ ਨੂੰ ਯੂਜ਼ਰ ਦੇ ਅਕਾਊਂਟ ਨਾਲ ਜੋੜ ਰਹੇ ਹਨ, ਜਿਸ ਨਾਲ ਉਹ ਸਾਰੀਆਂ ਚੈਟਾਂ ਤੱਕ ਪਹੁੰਚ ਹਾਸਲ ਕਰ ਲੈਂਦੇ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ WhatsApp ਅਤੇ Signal 'ਐਂਡ-ਟੂ-ਐਂਡ ਐਨਕ੍ਰਿਪਸ਼ਨ' ਦੀ ਵਰਤੋਂ ਕਰਦੇ ਹਨ, ਪਰ ਜੇਕਰ ਕੋਈ ਯੂਜ਼ਰ ਖੁਦ ਹੀ ਆਪਣਾ ਐਕਸੈਸ ਕੋਡ ਜਾਂ OTP ਹੈਕਰ ਨੂੰ ਦੇ ਦਿੰਦਾ ਹੈ, ਤਾਂ ਇਹ ਤਕਨੀਕ ਵੀ ਉਸ ਨੂੰ ਬਚਾਉਣ ਵਿੱਚ ਅਸਮਰੱਥ ਹੈ। ਡਚ ਏਜੰਸੀਆਂ ਨੇ ਸਲਾਹ ਦਿੱਤੀ ਹੈ ਕਿ ਬਹੁਤ ਜ਼ਿਆਦਾ ਗੁਪਤ ਜਾਣਕਾਰੀ ਨੂੰ ਅਜਿਹੀਆਂ ਐਪਸ 'ਤੇ ਸਾਂਝਾ ਕਰਨਾ ਸੁਰੱਖਿਅਤ ਨਹੀਂ ਹੈ।
ਬਚਾਅ ਲਈ ਅਪਣਾਓ ਇਹ ਨੁਕਤੇ:
ਆਪਣਾ OTP ਜਾਂ ਵੈਰੀਫਿਕੇਸ਼ਨ ਕੋਡ ਕਦੇ ਵੀ ਕਿਸੇ ਨਾਲ ਸਾਂਝਾ ਨਾ ਕਰੋ।
ਕਿਸੇ ਵੀ ਅਣਜਾਣ ਲਿੰਕ ਜਾਂ ਸ਼ੱਕੀ ਮੈਸੇਜ 'ਤੇ ਕਲਿੱਕ ਕਰਨ ਤੋਂ ਬਚੋ।
ਐਪਸ ਵਿੱਚ Two-factor authentication ਫੀਚਰ ਨੂੰ ਹਮੇਸ਼ਾ ਚਾਲੂ ਰੱਖੋ।
ਜੇਕਰ ਅਕਾਊਂਟ ਵਿੱਚ ਕੋਈ ਸ਼ੱਕੀ ਗਤੀਵਿਧੀ ਦਿਖਾਈ ਦੇਵੇ, ਤਾਂ ਤੁਰੰਤ ਪਾਸਵਰਡ ਬਦਲੋ।
6000mAh ਬੈਟਰੀ ਤੇ 50MP ਕੈਮਰੇ ਨਾਲ ਆ ਰਿਹਾ ਹੈ ਸੈਮਸੰਗ ਦਾ ਨਵਾਂ ਫੋਨ, ਇਸ ਦਿਨ ਭਾਰਤ 'ਚ ਹੋਵੇਗਾ ਲਾਂਚ
NEXT STORY