ਜਲੰਧਰ(ਚਾਵਲਾ)—ਮੀਰੀ-ਪੀਰੀ ਦੇ ਮਾਲਕ, ਦੀਨ-ਦੁਨੀਆ ਦੇ ਪਾਤਸ਼ਾਹ ਤੇ ਬੰਦੀ ਛੋੜ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਲੰਧਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ।
ਸਜੇ ਦੀਵਾਨਾਂ ਵਿਚ ਹੋਈ ਅੰਮ੍ਰਿਤ ਕੀਰਤਨ ਦੀ ਵਰਖਾ
ਪ੍ਰਕਾਸ਼ ਦਿਹਾੜੇ ਦੀ ਖੁਸ਼ੀ 'ਚ ਅੱਜ ਅੰਮ੍ਰਿਤ ਵੇਲੇ ਇਤਿਹਾਸਕ ਥੜ੍ਹਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਅੰਮ੍ਰਿਤ ਕੀਰਤਨ ਦੀ ਵਰਖਾ ਕੀਤੀ ਅਤੇ ਬਾਅਦ ਦੁਪਹਿਰ ਤੱਕ ਭਾਈ ਜਸਪਾਲ ਸਿੰਘ ਦੇ ਜਥੇ ਨੇ ਦੀਵਾਨ ਹਾਲ 'ਚ ਕੀਰਤਨ ਰਾਹੀਂ ਹਾਜ਼ਰੀ ਭਰੀ। ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਉਪਰੰਤ ਖੂਬਸੂਰਤ ਢੰਗ ਨਾਲ ਸਜਾਏ ਪੰਡਾਲ 'ਚ ਮਨਮੋਹਕ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ 'ਚ ਸੁਸ਼ੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਸਜੇ ਦੀਵਾਨਾਂ ਵਿਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਦਰਸ਼ਨ ਸਿੰਘ ਕੋਮਲ, ਮਹਿੰਦਰ ਸਿੰਘ, ਭਾਈ ਹਰਦੀਪ ਸਿੰਘ ਖਾਲਸਾ, ਭਾਈ ਜਗਸੀਰ ਸਿੰਘ, ਸ਼ਾਮ ਦੇ ਦੀਵਾਨ 'ਚ ਭਾਈ ਆਨੰਦ ਸਿੰਘ, ਭਾਈ ਦਲਬੀਰ ਸਿੰਘ ਦੋਵੇਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਭਾਈ ਤੇਜਿੰਦਰ ਸਿੰਘ ਖੰਨੇ ਵਾਲੇ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਗਿਆਨੀ ਗੁਰਮੀਤ ਸਿੰਘ ਨਿਭਾਅ ਰਹੇ ਸਨ।
ਭਾਰੀ ਗਿਣਤੀ 'ਚ ਗੁਰੂ ਦਰਬਾਰ ਵਿਚ ਜੁੜੀਆਂ ਸੰਗਤਾਂ
ਇਸ ਦੌਰਾਨ ਭਾਰੀ ਗਿਣਤੀ ਵਿਚ ਗੁਰੂ ਦਰਬਾਰ 'ਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ਕਿਹਾ ਕਿ ਦਰਸ਼ਨ ਡਿਓੜੀ, ਕੰਪਲੈਕਸ ਬਣਾਇਆ ਜਾ ਰਿਹਾ ਹੈ, ਜੋ ਕਰੋੜਾਂ ਰੁਪਏ ਦਾ ਪ੍ਰਾਜੈਕਟ ਹੈ, ਜਿਸ ਨੂੰ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਕੀਤਾ ਜਾ ਸਕਦਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੀਆਂ ਸੇਵਾਵਾਂ ਵਿਚ ਯੋਗਦਾਨ ਜ਼ਰੂਰ ਪਾਉਣ। ਇਸ ਮੌਕੇ ਹਸਪਤਾਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਅਸਥਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਦਾਰੇ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਹਨ। ਇਸ ਕਾਰਜ ਲਈ ਸੰਗਤਾਂ ਭਰਪੂਰ ਸਹਿਯੋਗ ਦੇ ਰਹੀਆਂ ਹਨ।
ਜਗਦੀਸ਼ ਝੀਂਡਾ ਨੇ ਬਣਾਈ ਨਵੀਂ ਰਾਜਨੀਤੀ ਪਾਰਟੀ (ਵੀਡੀਓ)
NEXT STORY