ਚੰਡੀਗੜ੍ਹ (ਪਾਲ) : ਜੀ. ਐੱਮ. ਸੀ. ਐੱਚ.-32 'ਚ ਡਾਕਟਰਾਂ ਦੀ ਲਾਪਰਵਾਹੀ ਨਾਲ ਇਕ 6 ਸਾਲਾ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਰਿਵਾਰ ਦਾ ਦੋਸ਼ ਹੈ ਕਿ ਠੀਕ ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਬੱਚੇ ਦੀ ਮੌਤ ਹੋਈ ਹੈ। 6 ਸਾਲਾ ਇੰਦਰਜੀਤ ਨੂੰ ਡੇਂਗੂ ਕਾਰਨ 16 ਨਵੰਬਰ ਨੂੰ ਸ਼ਾਮ 6 ਵਜੇ ਜੀ. ਐੱਮ. ਸੀ. ਐੱਚ.-32 'ਚ ਦਾਖਲ ਕਰਵਾਇਆ ਗਿਆ ਸੀ ਪਰ ਐਤਵਾਰ ਸਵੇਰੇ 4 ਵਜੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਜਗਤਪੁਰਾ ਦਾ ਰਹਿਣ ਵਾਲਾ ਹੈ। ਬੱਚੇ ਦੇ ਚਾਚਾ ਦੀਨਾ ਚੰਦ ਮੁਤਾਬਕ ਬੱਚੇ ਨੂੰ 3-4 ਦਿਨਾਂ ਤੋਂ ਹਲਕਾ ਬੁਖਾਰ ਸੀ ਅਤੇ ਪੇਟ ਖ਼ਰਾਬ ਸੀ। ਪ੍ਰਾਈਵੇਟ ਡਾਕਟਰ ਤੋਂ ਟੈਸਟ ਕਰਵਾਉਣ 'ਤੇ ਡੇਂਗੂ ਦੀ ਪੁਸ਼ਟੀ ਹੋਈ ਸੀ। ਇਸ ਤੋਂ ਬਾਅਦ ਉਹ ਬੱਚੇ ਨੂੰ ਹਸਪਤਾਲ ਲੈ ਕੇ ਆਏ ਪਰ ਸ਼ਾਮ 6 ਤੋਂ ਸਵੇਰੇ 3 ਵਜੇ ਤੱਕ ਕੋਈ ਵੀ ਸੀਨੀਅਰ ਡਾਕਟਰ ਬੱਚੇ ਨੂੰ ਦੇਖਣ ਨਹੀਂ ਆਇਆ। ਉਥੇ ਮੌਜੂਦ ਇੰਟਰਨ ਹੀ ਬੱਚੇ ਨੂੰ ਦੇਖਦੇ ਰਹੇ, ਜਿਨ੍ਹਾਂ ਨੂੰ ਠੀਕ ਤਰ੍ਹਾਂ ਇੰਜੈਕਸ਼ਨ ਲਗਾਉਣਾ ਵੀ ਨਹੀਂ ਆ ਰਿਹਾ ਸੀ। ਜਿਸ ਸਮੇਂ ਬੱਚੇ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਉਸ ਦਾ ਬੁਖਾਰ ਹਲਕਾ ਸੀ ਤੇ ਤਬੀਅਤ ਵੀ ਜ਼ਿਆਦਾ ਖ਼ਰਾਬ ਨਹੀਂ ਸੀ। ਉਥੇ ਹੀ ਹਸਪਤਾਲ ਪੁੱਜਦੇ ਹੀ ਸੁਧਾਰ ਹੋਣ ਦੀ ਬਜਾਏ ਉਸਦੀ ਹਾਲਤ ਹੋਰ ਵਿਗੜਨ ਲੱਗੀ। ਉਥੇ ਮੌਜੂਦ ਜੂਨੀਅਰ ਡਾਕਟਰਾਂ ਤੋਂ ਜਦੋਂ ਇਸ ਬਾਰੇ ਪੁੱਛਿਆ ਤਾਂ ਉਹ ਬੱਚੇ ਨੂੰ ਇੱਥੋਂ ਲਿਜਾਣ ਦੀ ਗੱਲ ਕਹਿਣ ਲੱਗੇ। ਬੱਚੇ ਦੇ ਪਲੇਟਲੈਟ 38 ਹਜ਼ਾਰ ਦੇ ਕਰੀਬ ਸਨ, ਜਿਸ ਸਮੇਂ ਉਸ ਨੂੰ ਦਾਖਲ ਕਰਵਾਇਆ ਗਿਆ ਸੀ। ਹਾਲਤ ਜ਼ਿਆਦਾ ਖ਼ਰਾਬ ਹੋਣ 'ਤੇ ਡਾਕਟਰਾਂ ਨੇ ਪਰਿਵਾਰ ਵਾਲਿਆਂ ਨੂੰ ਡਾਕੂਮੈਂਟਸ 'ਤੇ ਸਾਈਨ ਕਰਨ ਦੀ ਗੱਲ ਵੀ ਕਹੀ, ਜਿਸ 'ਤੇ ਬੱਚੇ ਦੀ ਤਬੀਅਤ ਹਸਪਤਾਲ 'ਚ ਆਉਣ ਤੋਂ ਪਹਿਲਾਂ ਹੀ ਜ਼ਿਆਦਾ ਖ਼ਰਾਬ ਹੋਣ ਦੀ ਗੱਲ ਲਿਖੀ ਗਈ ਸੀ, ਹਾਲਾਂਕਿ ਪਰਿਵਾਰ ਨੇ ਸਾਈਨ ਕਰਨ ਤੋਂ ਮਨ੍ਹਾ ਕਰ ਦਿੱਤਾ।
ਪੁਲਸ ਨੂੰ ਦਿੱਤੀ ਸ਼ਿਕਾਇਤ
ਦੀਨਾ ਚੰਦ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਸੈਕਟਰ-34 ਪੁਲਸ ਸਟੇਸ਼ਨ 'ਚ ਸ਼ਿਕਾਇਤ ਵੀ ਦਰਜ ਕਰਵਾਈ ਹੈ, ਉਥੇ ਹੀ ਹਸਪਤਾਲ ਪ੍ਰਸ਼ਾਸਨ ਆਪਣੀ ਗਲਤੀ ਮੰਨਣ ਨੂੰ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚੇ ਦੀ ਹਾਲਤ ਪਹਿਲਾਂ ਹੀ ਖ਼ਰਾਬ ਸੀ, ਜਿਥੋਂ ਤੱਕ ਇਲਾਜ ਦੀ ਗੱਲ ਹੈ ਤਾਂ ਉਹ ਠੀਕ ਤਰੀਕੇ ਨਾਲ ਦਿੱਤਾ ਗਿਆ ਹੈ।
5 ਵਜੇ ਦਫ਼ਨਾਇਆ ਬੱਚੇ ਨੂੰ
ਪਿਤਾ ਅਜੇ ਪਾਲ ਦੇ ਤਿੰਨ ਬੱਚਿਆਂ 'ਚ ਇੰਦਰਜੀਤ ਸਭ ਤੋਂ ਛੋਟਾ ਸੀ। ਐਤਵਾਰ ਸਵੇਰੇ 4 ਵਜੇ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਕਰਵਾ ਕੇ ਬੱਚੇ ਦੀ ਲਾਸ਼ ਨੂੰ ਸ਼ਾਮ 5 ਵਜੇ ਦਫਨਾ ਦਿੱਤਾ।
ਇੰਟਰਨ ਦੇ ਹਵਾਲੇ ਮਰੀਜ਼
ਜੀ.ਐੱਮ.ਸੀ.ਐੱਚ.-32 'ਚ ਲਾਪਰਵਾਹੀ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਉਥੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਰਾਤ ਨੂੰ ਐਮਰਜੈਂਸੀ 'ਚ ਜੂਨੀਅਰ ਅਤੇ ਸਟੂਡੈਂਟਸ ਵੀ ਡਿਊਟੀ 'ਤੇ ਹੁੰਦੇ ਹਨ। ਸੀਨੀਅਰ ਅਤੇ ਕੰਸਲਟੈਂਟ ਆਨ ਕਾਲ ਰਹਿੰਦੇ ਹਨ। ਅਜਿਹੇ 'ਚ ਮਰੀਜ਼ਾਂ ਨੂੰ ਇਲਾਜ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਚਾਦਰ ਚੁੱਕਣ ਗਈ ਔਰਤ ਨੂੰ ਖੁੱਲ੍ਹੇ ਛੱਡੇ ਪਿੱਟਬੁਲ ਨੇ ਨੋਚ-ਨੋਚ ਖਾਦਾ (ਵੀਡੀਓ)
NEXT STORY