ਤਰਨਤਾਰਨ (ਰਾਜੂ, ਲਾਲੂਘੁੰਮਣ) : ਗ੍ਰਾਮ ਪੰਚਾਇਤ ਆਮ ਚੋਣਾਂ 'ਚ ਜ਼ਿਲੇ ਦੀਆਂ 258 ਗ੍ਰਾਮ ਪੰਚਾਇਤਾਂ ਵਿਚ 419 ਪੋਲਿੰਗ ਬੂਥਾਂ 'ਤੇ ਵੋਟਰਾਂ ਨੇ ਉਤਸ਼ਾਹ ਨਾਲ 70 ਫੀਸਦੀ ਤੋਂ ਵੱਧ ਪੋਲਿੰਗ ਕੀਤੀ। ਜ਼ਿਲੇ 'ਚ 311 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ। ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਗਏ ਸਮਾਂ 4 ਵਜੇ ਤੋਂ ਬਾਅਦ ਵੀ ਲੋਕ ਕਾਫੀ ਦੇਰ ਤੱਕ ਵੋਟ ਪਾਉਂਦੇ ਹੋਏ ਦਿਖਾਈ ਦਿੱਤੇ। ਅਖੀਰ ਨਤੀਜੇ ਆਉਣ ਤੱਕ ਜ਼ਿਲੇ ਦੇ ਲਗਭਗ ਜ਼ਿਆਦਾਤਰ ਸੀਟਾਂ 'ਤੇ ਕਾਂਗਰਸ ਆਪਣਾ ਕਬਜ਼ਾ ਕਰਨ 'ਚ ਕਾਮਯਾਬ ਰਹੀ ਹੈ। ਬੇਸ਼ੱਕ ਚੋਣ ਪ੍ਰਕਿਰਿਆ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਜ਼ਿਲੇ ਦੇ 100 ਤੋਂ ਵੱਧ ਪਿੰਡਾਂ 'ਚ ਨਿੱਕੀਆਂ-ਮੋਟੀਆਂ ਝੜਪਾਂ 'ਚ ਸਾਰਾ ਦਿਨ ਟਕਰਾਅਬਾਜ਼ੀ ਰਹੀ। ਕੁੱਲ ਮਿਲਾ ਕੇ ਜ਼ਿਲੇ 'ਚ 9 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਤੋਂ ਇਲਾਵਾ ਹਲਕਾ ਖਡੂਰ ਸਾਹਿਬ ਦੇ ਪਿੰਡ ਜੋਧਪੁਰ 'ਚ ਸਰਪੰਚੀ ਉਮੀਦਵਾਰ ਦਾ ਬੈਲਟ ਪੇਪਰ 'ਚ ਨਾਂ ਨਾ ਆਉਣ 'ਤੇ ਦੁਬਾਰਾ ਬੈਲਟ ਪੇਪਰ ਆਉਣ 'ਤੇ ਪੋਲਿੰਗ ਢਾਈ ਘੰਟੇ ਦੇਰੀ ਨਾਲ ਸ਼ੁਰੂ ਹੋਈ। ਇਸ ਤੋਂ ਇਲਾਵਾ ਬਲਾਕ ਨੌਸ਼ਹਿਰਾ ਪੰਨੂਆਂ ਦੀਆਂ 21, ਬਲਾਕ ਭਿੱਖੀਵਿੰਡ ਦੀਆਂ 5, ਬਲਾਕ ਤਰਨਤਾਰਨ ਦੀਆਂ 85, ਬਲਾਕ ਗੰਡੀਵਿੰਡ ਦੀਆਂ 38, ਬਲਾਕ ਵਲਟੋਹਾ ਦੀਆਂ 5, ਬਲਾਕ ਖਡੂਰ ਸਾਹਿਬ ਦੀਆਂ 61, ਬਲਾਕ ਚੋਹਲਾ ਸਾਹਿਬ ਦੀਆਂ 33, ਬਲਾਕ ਪੱਟੀ ਦੀਆਂ 10 ਪੰਚਾਇਤਾਂ ਲਈ ਚੋਣ ਕਰਵਾਈ ਗਈ। ਕਈ ਪਿੰਡਾਂ 'ਚ ਉਮੀਦਵਾਰਾਂ ਦੇ ਸਪੋਰਟਰ, ਵੋਟਰਾਂ ਨੂੰ ਵੋਟ ਪਾਉਣ ਵਾਲੀ ਲਾਈਨ 'ਚ ਹੀ ਲੰਗਰ ਖਵਾਉਂਦੇ ਹੋਏ ਨਜ਼ਰ ਆਏ।
ਵੋਟਰਾਂ ਨੂੰ ਖੁਸ਼ ਕਰਨ ਲਈ ਉਮੀਦਵਾਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਗਏ। ਦੇਰ ਸ਼ਾਮ ਤੱਕ ਖ਼ਬਰ ਲਿਖੇ ਜਾਣ ਤੱਕ ਕਈ ਪਿੰਡਾਂ 'ਚ ਵੋਟਾਂ ਦੀ ਗਿਣਤੀ ਜਾਰੀ ਸੀ। ਜ਼ਿਲਾ ਚੋਣ ਅਫਸਰ ਦੀ ਜਾਣਕਾਰੀ ਮੁਤਾਬਕ ਪੂਰੀ ਸਹੀ ਰਿਪੋਰਟ ਕੱਲ ਤੱਕ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਵੋਟਰਾਂ ਵਿਚ ਉਤਸ਼ਾਹ ਦੀ ਕਮੀ ਦੇਖਣ ਨੂੰ ਨਹੀਂ ਮਿਲੀ ਤੇ ਕੁੱਝ ਅੰਗਹੀਣ ਵੋਟਰਾਂ ਨੇ ਆਪਣੀ ਵੋਟ ਦਾ ਖੁਸ਼ੀ-ਖੁਸ਼ੀ ਇਸਤੇਮਾਲ ਕੀਤਾ। ਕੁੱਝ ਬਜ਼ੁਰਗ ਤੇ ਅੰਗਹੀਣ ਵੋਟਰਾਂ ਨੂੰ ਉਨ੍ਹਾਂ ਦੇ ਘਰਵਾਲੇ ਬੂਥਾਂ ਤੱਕ ਆਪਣੀ ਗੋਦੀ 'ਚ ਚੱਕ ਕੇ ਲੈ ਜਾਂਦੇ ਹੋਏ ਵੀ ਦਿੱਸੇ।
ਜਲਾਲਾਬਾਦ : 4 ਵਜੇ ਤੱਕ ਹੋਈ 92 ਫੀਸਦੀ ਵੋਟਿੰਗ
NEXT STORY