ਨਵੀਂ ਦਿੱਲੀ : ਪਿਛਲੇ ਇੱਕ ਸਾਲ ਦੌਰਾਨ ਵਿਦੇਸ਼ਾਂ ਤੋਂ ਡਿਪੋਰਟ ਹੋ ਕੇ ਭਾਰਤ ਵਾਪਸ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਅਤੇ ਮੀਡੀਆ ਰਿਪੋਰਟਾਂ ਮੁਤਾਬਕ, ਸਾਲ 2024–25 ਦੌਰਾਨ ਅਮਰੀਕਾ, ਕੈਨੇਡਾ, ਯੂਰਪੀ ਦੇਸ਼ਾਂ ਅਤੇ ਖਾੜੀ ਮੁਲਕਾਂ ਤੋਂ ਹਜ਼ਾਰਾਂ ਭਾਰਤੀ ਨਾਗਰਿਕ ਡਿਪੋਰਟ ਕੀਤੇ ਗਏ, ਜਿਨ੍ਹਾਂ 'ਚ ਇੱਕ ਵੱਡਾ ਹਿੱਸਾ ਪੰਜਾਬ ਨਾਲ ਸਬੰਧਤ ਨੌਜਵਾਨਾਂ ਦਾ ਹੈ।

ਸਾਊਦੀ ਅਰੇਬੀਆ ਨੇ ਸਭ ਤੋਂ ਵੱਧ ਭਾਰਤੀ ਵਾਪਸ ਭੇਜੇ
ਗਲਫ ਦੇ ਦੇਸ਼ਾਂ 'ਚੋਂ ਸਾਊਦੀ ਅਰੇਬੀਆ ਨੇ 2025 'ਚ ਸਭ ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ, ਜਿਸ ਦੀ ਗਿਣਤੀ 11,000 ਤੋਂ ਵੱਧ ਹੈ। ਇਹ ਸੰਖਿਆ ਕਈ ਹੋਰ ਮੁਲਕਾਂ ਨਾਲੋਂ ਵੀ ਜ਼ਿਆਦਾ ਹੈ, ਜਿਸ ਵਿੱਚ ਸੰਯੁਕਤ ਰਾਜ ਅਮਰੀਕਾ ਵੀ ਪਿਛੜ ਗਿਆ। ਡਿਪੋਰਟੇਸ਼ਨਾਂ ਦੇ ਕਾਰਣ ਵਜੋਂ ਵੀਜ਼ਾ ਦੀ ਮਿਆਦ ਖਤਮ ਹੋ ਜਾਣਾ, ਕਾਨੂੰਨੀ ਦਸਤਾਵੇਜ਼ਾਂ ਦੀ ਘਾਟ ਅਤੇ ਰਿਹਾਇਸ਼/ਮਜ਼ਦੂਰੀ ਨਿਯਮ ਬਰਖ਼ਾਸਤ ਕੀਤੇ ਜਾਣ ਸਬੰਧੀ ਉਲੰਘਣਾ ਦੱਸਿਆ ਗਿਆ ਹੈ।

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ
ਸੰਯੁਕਤ ਰਾਜ ਅਮਰੀਕਾ ਨੇ ਵੀ 2025 'ਚ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਿਆ, ਜੋ ਕਿ ਕਈ ਸਾਲਾਂ ਦੀ ਤੁਲਨਾ 'ਚ ਸਭ ਤੋਂ ਵੱਧ ਹੈ। ਇਨ੍ਹਾਂ ਵਿੱਚੋਂ ਲਗਭਗ 62 ਫੀਸਦੀ ਲੋਕ ਵਪਾਰਕ ਜਹਾਜ਼ਾਂ ਰਾਹੀਂ ਭੇਜੇ ਗਏ ਹਨ ਅਤੇ ਬਾਕੀ ਚਾਰਟਰ ਜਾਂ ਸਰਕਾਰੀ ਉਡਾਣਾਂ ਰਾਹੀਂ ਭੇਜੇ ਗਏ। ਸਰਕਾਰ ਨੇ ਇਹ ਵੀ ਦੱਸਿਆ ਕਿ ਕਈ ਘਟਨਾਵਾਂ 'ਚ ਵਿਦੇਸ਼ ਮੰਜ਼ਿਲ ’ਤੇ ਰਹਿ ਕੇ ਕਾਨੂੰਨੀ ਹਾਲਾਤ ਪੂਰੇ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ।

ਪੰਜਾਬੀਆਂ 'ਤੇ ਸਭ ਤੋਂ ਵੱਡਾ ਅਸਰ
ਅਮਰੀਕਾ ਵੱਲੋਂ 2025 ਦੌਰਾਨ ਹੁਣ ਤੱਕ ਲਗਭਗ 1,700 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਰੀਬ 600 ਤੋਂ ਵੱਧ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕਈ ਡਿਪੋਰਟੀ ਵਿਸ਼ੇਸ਼ ਉਡਾਣਾਂ ਰਾਹੀਂ ਅੰਮ੍ਰਿਤਸਰ ਅਤੇ ਦਿੱਲੀ ਹਵਾਈ ਅੱਡਿਆਂ ’ਤੇ ਲਿਆਂਦੇ ਗਏ, ਜਿੱਥੋਂ ਉਹ ਆਪਣੇ ਘਰਾਂ ਵੱਲ ਰਵਾਨਾ ਹੋਏ। ਕੈਨੇਡਾ ਅਤੇ ਯੂਰਪੀ ਦੇਸ਼ਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੂੰ ਵਾਪਸ ਭੇਜਿਆ ਗਿਆ ਹੈ। ਖ਼ਾਸ ਕਰਕੇ ਉਹ ਨੌਜਵਾਨ, ਜੋ ਸਟਡੀ ਵੀਜ਼ੇ ਦੀ ਮਿਆਦ ਖ਼ਤਮ ਹੋਣ ਮਗਰੋਂ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ ਜਾਂ ਜਿਨ੍ਹਾਂ ਦੇ ਦਸਤਾਵੇਜ਼ ਅਧੂਰੇ ਪਾਏ ਗਏ, ਉਹ ਡਿਪੋਰਟੇਸ਼ਨ ਦੀ ਜ਼ਦ 'ਚ ਆਏ।

33 ਸਾਲ ਅਮਰੀਕਾ ਰਹਿਣ ਮਗਰੋਂ ਡਿਪੋਰਟ ਹੋਈ ਹਰਜੀਤ ਕੌਰ
ਡਿਪੋਰਟੇਸ਼ਨ ਦੌਰਾਨ ਕਰੀਬ 33 ਸਾਲ ਅਮਰੀਕਾ ਰਹਿਣ ਮਗਰੋਂ ਡਿਪੋਰਟ ਹੋਣ ਵਾਲੀ 73 ਸਾਲਾ ਹਰਜੀਤ ਕੌਰ ਦਾ ਮਾਮਲਾ ਬਹੁਚ ਚਰਚਾ ਵਿਚ ਰਿਹਾ। ਇਸ ਦੌਰਾਨ ਹਰਜੀਤ ਕੌਰ ਨੇ ਦੱਸਿਆ ਕਿ ਉਹ ਕਈ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਉੱਥੇ ਹੀ ਉਸ ਦੀ ਪੂਰੀ ਜ਼ਿੰਦਗੀ ਬਣ ਗਈ ਸੀ। ਉਸ ਦੇ ਬੱਚੇ ਅਤੇ ਨਜ਼ਦੀਕੀ ਪਰਿਵਾਰਕ ਮੈਂਬਰ ਵੀ ਉੱਥੇ ਹੀ ਵੱਸਦੇ ਹਨ। ਡਿਪੋਰਟੇਸ਼ਨ ਦੀ ਕਾਰਵਾਈ ਅਚਾਨਕ ਹੋਈ, ਜਿਸ ਲਈ ਉਸ ਨੂੰ ਮਨੋਵਿਗਿਆਨਕ ਤੌਰ ’ਤੇ ਤਿਆਰ ਹੋਣ ਦਾ ਮੌਕਾ ਵੀ ਨਹੀਂ ਮਿਲਿਆ।

ਦਿੱਲੀ ’ਚ ਵੀ ਬੰਗਲਾਦੇਸ਼ੀ ਨਾਗਰਿਕਾਂ ਦੀ ਡਿਪੋਰਟੇਸ਼ਨ ‘ਚ ਵਾਧਾ
2025 'ਚ ਦਿੱਲੀ ਪੁਲਸ ਨੇ 2200 ਤੋਂ ਵੱਧ ਬੰਗਲਾਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕੀਤਾ, ਜੋ 2022-24 ਦੇ ਮੁਕਾਬਲੇ ਇੱਕ ਬਹੁਤ ਵੱਡੀ ਛਾਲ ਹੈ। ਇਹ ਕਾਰਵਾਈ ਫੋਰੇਨਰਜ਼ ਐਕਟ ਅਤੇ ਦਸਤਾਵੇਜ਼ਾਂ ਦੇ ਜਾਲਸਾਜ਼ੀ ਦੌਰਾਨ ਕੀਤੀ ਗਈ ਹੈ।

ਡਿਪੋਰਟੇਸ਼ਨ ਦੇ ਕਾਰਨ
ਡਿਪੋਰਟੇਸ਼ਨ ਦੇ ਮੁੱਖ ਕਾਰਨਾਂ ਵਿੱਚ ਸਭ ਤੋਂ ਅਹਿਮ ਕਾਰਨ ਗੈਰਕਾਨੂੰਨੀ ਰਹਿਣ, ਵੀਜ਼ਾ ਨਿਯਮਾਂ ਦੀ ਉਲੰਘਣਾ ਅਤੇ ਝੂਠੇ ਜਾਂ ਅਧੂਰੇ ਦਸਤਾਵੇਜ਼ ਹਨ। ਕਈ ਮਾਮਲਿਆਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਨੌਜਵਾਨ ‘ਡੰਕੀ ਰੂਟ’ ਰਾਹੀਂ ਅਮਰੀਕਾ ਜਾਂ ਯੂਰਪ ਵਿੱਚ ਦਾਖ਼ਲ ਹੋਏ, ਪਰ ਉੱਥੇ ਫੜੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ, ਨੌਕਰੀ ਦੀ ਸ਼ਰਤਾਂ ਦੀ ਉਲੰਘਣਾ, ਸਟਡੀ ਵੀਜ਼ੇ ’ਤੇ ਜਾ ਕੇ ਕੰਮ ਕਰਨਾ, ਅਤੇ ਸਥਾਨਕ ਕਾਨੂੰਨਾਂ ਦੀ ਪਾਲਣਾ ਨਾ ਕਰਨਾ ਵੀ ਡਿਪੋਰਟੇਸ਼ਨ ਦੇ ਕਾਰਨਾਂ ਵਿੱਚ ਸ਼ਾਮਲ ਹਨ। ਖਾੜੀ ਦੇਸ਼ਾਂ ਵਿੱਚ ਵੀ ਕਈ ਪੰਜਾਬੀ ਮਜ਼ਦੂਰ ਵਰਕ ਪਰਮਿਟ ਦੀ ਮਿਆਦ ਖ਼ਤਮ ਹੋਣ ਮਗਰੋਂ ਰੁਕੇ ਰਹਿਣ ਕਾਰਨ ਡਿਪੋਰਟ ਕੀਤੇ ਗਏ।

ਮਾਹਰਾਂ ਦੀ ਚਿਤਾਵਨੀ
ਮਾਹਿਰਾਂ ਦਾ ਕਹਿਣਾ ਹੈ ਕਿ ਸਖ਼ਤ ਹੋ ਰਹੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਗੈਰਕਾਨੂੰਨੀ ਤਰੀਕਿਆਂ ਨਾਲ ਵਿਦੇਸ਼ ਜਾਣ ਦੀ ਵਧਦੀ ਪ੍ਰਵਿਰਤੀ ਪੰਜਾਬੀ ਨੌਜਵਾਨਾਂ ਲਈ ਗੰਭੀਰ ਚਿਤਾਵਨੀ ਹੈ। ਸਰਕਾਰ ਅਤੇ ਸਮਾਜਕ ਸੰਸਥਾਵਾਂ ਵੱਲੋਂ ਵੀ ਨੌਜਵਾਨਾਂ ਨੂੰ ਸਹੀ ਕਾਨੂੰਨੀ ਰਾਹਾਂ ਬਾਰੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਕੇਂਦਰੀ ਜੇਲ੍ਹ 'ਚੋਂ ਮਿਲੇ 10 ਫੋਨ ਅਤੇ ਨਸ਼ੇ ਦੇ ਕੈਪਸੂਲ
NEXT STORY