ਚੰਡੀਗੜ੍ਹ/ਪਟਿਆਲਾ (ਪਰਮੀਤ)-—ਭਾਵੇਂ ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ. ਵਾਈ. ਐੱਲ.) ਦੀ ਉਸਾਰੀ ਵਾਸਤੇ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਨੂੰ ਸਾਂਝੀ ਮੀਟਿੰਗ ਕਰਨ ਦੀ ਹਦਾਇਤ ਕੀਤੀ ਹੈ। ਪੰਜਾਬ 'ਚ ਇਸ ਨਹਿਰ ਦੀ ਜ਼ਮੀਨ ਪਹਿਲਾਂ ਹੀ ਕਿਸਾਨਾਂ ਦੇ ਨਾਂ ਚੜ੍ਹ ਚੁੱਕੀ ਹੋਣ ਕਾਰਣ ਨਹਿਰ ਬਣਾਉਣ ਦੇ ਰਾਹ 'ਚ ਕਈ ਕਾਨੂੰਨੀ ਅੜਿੱਕੇ ਹਨ।
ਪਿਛਲੀ ਬਾਦਲ ਸਰਕਾਰ ਸਮੇਂ 16 ਨਵੰਬਰ 2016 ਨੂੰ ਸਰਕਾਰ ਨੇ ਫੈਸਲਾ ਲਿਆ ਸੀ ਕਿ ਐੱਸ. ਵਾਈ. ਐੱਲ. ਨਹਿਰ ਦੀ ਐਕਵਾਇਰ ਕੀਤੀ ਸਾਰੀ ਜ਼ਮੀਨ ਮੁਫਤ ਵਿਚ ਕਿਸਾਨਾਂ ਨੂੰ ਵਾਪਸ ਮੋੜ ਦਿੱਤੀ ਜਾਵੇ। ਇਸ ਬਾਬਤ ਮਤਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਵਿਧਾਨ ਸਭਾ ਵਿਚ ਪੇਸ਼ ਕੀਤਾ ਸੀ। ਉਪਰੰਤ ਰਾਤੋ-ਰਾਤ ਮਾਲ ਅਧਿਕਾਰੀਆਂ ਨੂੰ ਦਿੱਤੇ ਹੁਕਮਾਂ ਦੇ ਨਤੀਜੇ ਵਜੋਂ ਇਹ ਜ਼ਮੀਨ ਕਿਸਾਨਾਂ ਦੇ ਨਾਂ ਚੜ੍ਹ ਗਈ ਸੀ। ਉਸ ਵੇਲੇ ਦੀ ਅਕਾਲੀ ਦਲ ਸਰਕਾਰ ਨੇ ਆਪਣੇ ਵਰਕਰਾਂ ਦੀ ਡਿਊਟੀ ਲਾ ਕੇ ਇਸ ਨਹਿਰ ਪੂਰਨ ਦੇ ਵੀ ਯਤਨ ਕੀਤੇ ਸਨ ਪਰ 1 ਦਸੰਬਰ 2016 ਨੂੰ ਸੁਪਰੀਮ ਕੋਰਟ ਨੇ ਸਟੇਟ-ਕੋ ਭਾਵ ਸਥਿਤੀ 'ਜਿਵੇਂ ਉਹ ਉਵੇਂ ਹੀ' ਬਰਕਰਾਰ ਰੱਖਣ ਦੇ ਹੁਕਮ ਕਰ ਦਿੱਤੇ। ਇਨ੍ਹਾਂ ਹੁਕਮਾਂ ਦਾ ਅਰਥ ਇਹ ਹੈ ਨਹਿਰ ਦੀ ਜੋ ਸਥਿਤੀ, ਉਹ 'ਜਿਵੇਂ ਹੈ, ਉਵੇਂ ਹੀ' ਰੱਖੀ ਜਾਵੇ। ਨਾਲ ਹੀ ਇਸ ਦਾ ਅਰਥ ਇਹ ਵੀ ਹੈ ਕਿ ਜੋ ਜ਼ਮੀਨ ਕਿਸਾਨਾਂ ਦੇ ਨਾਂ ਚੜ੍ਹ ਗਈ ਹੈ, ਉਹ ਚੜ੍ਹ ਗਈ।
ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੋਪੜ ਦਾ 5376 ਏਕੜ ਰਕਬਾ ਨਹਿਰ ਬਣਾਉਣ ਲਈ ਐਕਵਾਇਰ ਕੀਤਾ ਗਿਆ ਸੀ, ਜੋ ਕਿ 4980 ਕਿਸਾਨਾਂ ਦਾ ਸੀ। ਹੁਣ ਜੇਕਰ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਕੇਂਦਰ, ਪੰਜਾਬ ਅਤੇ ਹਰਿਆਣਾ ਵਿਚ ਸਮਝੌਤਾ ਹੋ ਵੀ ਜਾਂਦਾ ਹੈ ਤਾਂ ਫਿਰ ਜਿਨ੍ਹਾਂ ਕਿਸਾਨਾਂ ਦੇ ਨਾਂ ਜ਼ਮੀਨ ਚੜ੍ਹੀ ਹੈ, ਉਹ ਨਵੇਂ ਸਿਰੇ ਤੋਂ ਮੁਆਵਜ਼ੇ ਲਈ ਕਾਨੂੰਨ ਦਾ ਰਾਹ ਫੜ ਸਕਦੇ ਹਨ। ਇਸ ਤਰ੍ਹਾਂ ਨਹਿਰ ਦੇ ਮਾਮਲੇ ਵਿਚ ਸਾਰਾ ਕੁਝ ਹੁਣ ਸੁਪਰੀਮ ਕੋਰਟ ਦੇ ਹੱਥ ਵਿਚ ਹੈ।
2 ਸਾਲਾਂ ਤੋਂ ਕੁਝ ਵੀ ਨਹੀਂ ਹੋਇਆ : ਡੀ. ਸੀ.
ਇਸ ਮਾਮਲੇ 'ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦਾ ਕਹਿਣਾ ਹੈ ਕਿ ਪਿਛਲੇ 2 ਸਾਲਾਂ ਤੋਂ ਉਹ ਜ਼ਿਲੇ ਦਾ ਚਾਰਜ ਸੰਭਾਲ ਰਹੇ ਹਨ। ਇਸ ਅਰਸੇ ਦੌਰਾਨ ਕਿਸੇ ਤਰ੍ਹਾਂ ਦਾ ਵੀ ਪੱਤਰਾਚਾਰ ਜਾਂ ਸੰਦੇਸ਼ ਦਾ ਆਦਾਨ-ਪ੍ਰਦਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਟੇਟ-ਕੋ ਬਰਕਰਾਰ ਹੈ। ਜੋ ਵੀ ਨਵੇਂ ਹੁਕਮ ਹੋਣਗੇ, ਉਨ੍ਹਾਂ ਦੀ ਤਾਮੀਲ ਕੀਤੀ ਜਾਵੇਗੀ।
ਅਦਾਲਤ ਜਾ ਸਕਦੇ ਹਨ ਕਿਸਾਨ : ਕਾਨੂੰਨੀ ਮਾਹਰ
ਇਸ ਮਾਮਲੇ ਵਿਚ ਜਦੋਂ ਕਾਨੂੰਨੀ ਮਾਹਰ ਸੁਖਜਿੰਦਰ ਸਿੰਘ ਦੀ ਰਾਏ ਲਈ ਤਾਂ ਉਨ੍ਹਾਂ ਕਿਹਾ ਕਿ ਕਿਉਂਕਿ ਜ਼ਮੀਨ ਕਿਸਾਨਾਂ ਦੇ ਨਾਂ ਚੜ੍ਹ ਗਈ ਹੈ, ਇਸ ਲਈ ਜ਼ਮੀਨ ਦੇ ਮਾਲਕ ਕਿਸਾਨ ਹਨ। ਜੇਕਰ ਸਰਕਾਰ ਨੇ ਉਨ੍ਹਾਂ ਤੋਂ ਜ਼ਮੀਨ ਵਾਪਸ ਲੈਣ ਦਾ ਯਤਨ ਕੀਤਾ ਤਾਂ ਸੰਭਵ ਹੈ ਕਿ ਉਹ ਅਦਾਲਤ ਵਿਚ ਜਾ ਸਕਦੇ ਹਨ ਕਿਉਂਕਿ ਮਾਲ ਰਿਕਾਰਡ ਅਨੁਸਾਰ ਉਹ ਜ਼ਮੀਨ ਦੇ ਮਾਲਕ ਹਨ।
ਬਰਨਾਲਾ ਪੁਲਸ ਦੇ ਨੱਕ ਹੇਠ ਸ਼ਰੇਆਮ ਵਿੱਕ ਰਿਹੈ ਨਸ਼ਾ, ਦੇਖੋ ਵੀਡੀਓ
NEXT STORY