ਚੋਗਾਵਾਂ (ਹਰਜੀਤ) - ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਦਾ ਵਾਅਦਾ ਕਰ ਕੇ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਸੀ। ਸਰਹੱਦੀ ਹਲਕਾ ਰਾਜਾਸਾਂਸੀ ਦੇ ਅਜੇ ਵੀ ਕਈ ਸਰਕਾਰੀ ਸਕੂਲ ਅਜਿਹੇ ਹਨ, ਜਿੱਥੇ ਸਕੂਲਾਂ ਵਿਚ ਕੇਵਲ ਦੋ ਹੀ ਅਧਿਆਪਕ ਨਾਲ ਬੁੱਤਾ ਸਾਰਿਆਂ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਜੇਕਰ ਇਕ ਅਧਿਆਪਕ ਛੁੱਟੀ ’ਤੇ ਚਲਾ ਜਾਂਦਾ ਹੈ ਤਾਂ ਕੇਵਲ ਇਕ ਅਧਿਆਪਕ ਲਈ ਬੱਚਿਆਂ ਨੂੰ ਪੜ੍ਹਾਉਣਾ ਤਾਂ ਦੂਰ ਦੀ ਗੱਲ ਸਾਰੇ ਬੱਚਿਆਂ ਬਿਠਾਈ ਰੱਖਣਾ ਵੀ ਔਖਾ ਹੋ ਜਾਂਦਾ ਹੈ। ਇਸ ਦੀ ਪ੍ਰਤੱਖ ਮਿਸਾਲ ਸਰਕਾਰੀ ਐਲੀਮੈਂਟਰੀ ਸਕੂਲ ਵਣੀਏਕੇ ਤੋਂ ਮਿਲਦੀ ਹੈ ਜਿੱਥੇ ਨਰਸਰੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ 170 ਬੱਚੇ ਪੜ੍ਹਦੇ ਹਨ ਪਰ ਇਨ੍ਹਾਂ ਨੂੰ ਪੜ੍ਹਾਉਣ ਵਾਸਤੇ ਕੇਵਲ ਦੋ ਅਧਿਆਪਕ ਅਤੇ ਇਕ ਪ੍ਰਬੰਧਕ ਹੈ।
ਜਦੋਂ ਜਗ ਬਾਣੀ ਵੱਲੋਂ ਇਸ ਸਕੂਲ ਦਾ ਦੌਰਾ ਕੀਤਾ ਗਿਆ ਤਾਂ ਇੱਕ ਅਧਿਆਪਕ ਦੋ ਕਲਾਸਾਂ ਨੂੰ ਇਕੱਠਿਆਂ ਪੜ੍ਹਾ ਰਿਹਾ ਸੀ । ਜਦੋਂ ਉਨ੍ਹਾਂ ਨੂੰ ਪੁੱਛਿਆਂ ਗਿਆ ਕੀ ਇਹ ਬੱਚੇ ਸਹੀ ਤਰੀਕੇ ਨਾਲ ਪੜ੍ਹ ਸਕਣਗੇ ਤਾਂ ਉਨ੍ਹਾਂ ਕਿਹਾ ਕਿ ਕੀ ਕਰੀਏ ਸਾਡੇ ਕੋਲ ਕੇਵਲ ਦੋ ਅਧਿਆਪਕ ਹਨ ਤੇ ਸੱਤ ਕਲਾਸਾਂ ਦੇ 170 ਬੱਚੇ ਪੜ੍ਹਾਦੇ ਹਨ। ਇਸ ਤੋਂ ਇਲਾਵਾ ਵਣੀਏਕੇ ਸਕੂਲ 7 ਸਕੂਲਾਂ ਦਾ ਸੈਂਟਰ ਸਕੂਲ ਵੀ ਹੈ, ਜਿਸ ਕਾਰਨ 7 ਸਕੂਲਾਂ ਦੀ ਡਾਕ ਅਤੇ ਕੋਈ ਅਧਿਆਪਕ ਛੁੱਟੀ ’ਤੇ ਹੋਣ ਦੀ ਸੂਰਤ ਵਿਚ ਵੀ ਸਾਨੂੰ ਹੀ ਕੋਈ ਬਦਲਵਾ ਪ੍ਰਬੰਧ ਕਰਨਾ ਪੈਦਾ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਪਰਮਜੀਤ ਕੌਰ ਅਤੇ ਮਨਜੀਤ ਕੌਰ ਨੇ ਕਿਹਾ ਕਿ ਅਸੀਂ ਅੱਤ ਦੀ ਮਹਿੰਗਾਈ ਵਿਚ ਮਿਹਨਤ ਮਜ਼ਦੂਰੀ ਕਰ ਕੇ ਮਸਾਂ ਆਪਣੇ ਪਰਿਵਾਰਾਂ ਪਾਲ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਨਹੀਂ ਪੜ੍ਹਾ ਸਕਦੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਸਾਡੇ ਗ਼ਰੀਬਾਂ ਦੇ ਬੱਚਿਆ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਕਰੇ।
ਮੇਰਾ ਕੰਮ ਸਕੂਲ ਦੀ ਦਿੱਖ ਸੰਵਾਰਨਾ ਅਧਿਆਪਕ ਭੇਜਣੇ ਸਰਕਾਰ ਦਾ ਕੰਮ : ਸਰਪੰਚ, ਚੇਅਰਮੈਨ
ਇਸ ਸੰਬੰਧੀ ਜਦ ਪਿੰਡ ਦੀ ਸਰਪੰਚ ਕੁਲਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਹਰਭੇਜ ਸਿੰਘ ਵਣੀਏਕੇ ਚੇਅਰਮੈਨ ਬਲਾਕ ਸੰਮਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡਾ ਕੰਮ ਸਕੂਲ ਦੀ ਦਿੱਖ ਨੂੰ ਸੰਵਾਰਨਾ ਹੈ। ਸਾਡਾ ਸਰਕਾਰੀ ਸਕੂਲ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈ। ਹਰ ਤਰ੍ਹਾਂ ਦੀ ਸਹੂਲਤ ਬੱਚਿਆਂ ਨੂੰ ਦਿੱਤੀ ਗਈ ਹੈ ਪਰ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਕਰਨਾ ਸਰਕਾਰ ਦਾ ਕੰਮ ਹੈ। ਇਸ ਲਈ ਅਸੀਂ ਮੌਜੂਦਾ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੇ ਸਕੂਲ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਕੀਤੀ ਜਾਵੇ।
ਸਿੱਖਿਆਂ ਮੰਤਰੀ ਨਾਲ ਜਲਦੀ ਹੀ ਕਰਾਂਗਾ ਮੀਟਿੰਗ : ਮਿਆਦੀਆਂ
ਇਸ ਸੰਬੰਧੀ ਜਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਪਿਛਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਦੀਆਂ ਊਣਤਾਈਆਂ ਹਨ ਕਿ ਉਨ੍ਹਾਂ ਵੱਲੋਂ ਸਿੱਖਿਆਂ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਸਾਡੇ ਸਰਹੱਦੀ ਇਲਾਕੇ ਦੇ ਹੋਰ ਸਕੂਲਾਂ ਵਿਚ ਵੀ ਅਧਿਆਪਕਾਂ ਦੀ ਗਿਣਤੀ ਘੱਟ ਹੈ ਸਾਡੀ ਸਰਕਾਰ ਬਣੀ ਨੂੰ ਅਜੇ ਕੁੱਝ ਮਹੀਨੇ ਹੀ ਹੋਏ ਹਨ ਪਰ ਫਿਰ ਵੀ ਉਹ ਸਕੂਲਾਂ ਵਿਚ ਅਧਿਆਪਕਾਂ ਦੀ ਗਿਣਤੀ ਪੂਰੀ ਕਰਨ ਲਈ ਸਿੱਖਿਆਂ ਮੰਤਰੀ ਨਾਲ ਜਲਦੀ ਹੀ ਮੁਲਾਕਾਤ ਕਰਨਗੇ।
ਹੁਸ਼ਿਆਰਪੁਰ ਵਿਖੇ 4 ਭੈਣਾਂ ਦੇ ਇਕਲੌਤੇ ਭਰਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਪਰਿਵਾਰ ਵਾਲਿਆਂ ਦੇ ਉੱਡੇ ਹੋਸ਼
NEXT STORY