ਪਟਿਆਲਾ (ਪਰਮੀਤ): ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਨਰਸਿੰਗ ਸਟਾਫ ਵੱਲੋਂ ਮੈਡੀਕਲ ਸੁਪਰਡੈਂਟ ਦਫ਼ਤਰ ਦਾ ਘਿਰਾਓ ਕਰ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਨਰਸਾਂ ਨੇ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਵੀ ਪੀ.ਪੀ.ਈ. ਕਿੱਟ ਮੁਹੱਈਆ ਨਹੀਂ ਕਰਵਾਈ ਗਈ, ਜਿਸ ਕਾਰਨ ਉਨ੍ਹਾਂ 'ਚ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਜਲਦ ਹੀ ਨਰਸਾਂ ਨੂੰ ਪੀ.ਪੀ.ਈ. ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਉਹ ਸੁਰੱਖਿਅਤ ਰਹਿ ਕੇ ਆਪਣੇ ਕੰਮ ਕਰ ਸਕਣ। ਨਰਸਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਜਾਣਕਾਰੀ ਦਿੰਦਿਆਂ ਨਰਸ ਸੰਦੀਪ ਕੌਰ ਨੇ ਦੱਸਿਆ ਕਿ ਉਹ ਸਰਕਾਰੀ ਰਜਿੰਦਰਾ ਹਸਪਤਾਲ ਦੀ ਮੁੱਖ ਐਮਰਜੈਂਸੀ, ਆਈਸੋਲੇਸ਼ਨ, ਆਈ.ਸੀ.ਯੂ. ਵਾਰਡ ਤੇ ਹੋਰਨਾ 'ਚ ਸੇਵਾਵਾਂ ਨਿਭਾ ਰਹੇ ਹਨ, ਪਰ ਨਰਸਾਂ ਨੂੰ ਕੋਈ ਵੀ ਪੀ.ਪੀ.ਈ. ਕਿੱਟ ਮੁਹੱਈਆ ਨਹੀਂ ਕਰਵਾਈ ਗਈ ਹੈ, ਜੋ ਕਿੱਟਾਂ ਮੌਜੂਦ ਹਨ ਉਹ ਵੀ ਸਿਰਫ਼ ਡਾਕਟਰਾਂ ਨੂੰ ਹੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਨਰਸਾਂ ਨੂੰ ਜੋ ਮਾਸਕ ਤੇ ਸੈਨੀਟਾਈਜ਼ਰ ਦਿੱਤੇ ਜਾ ਰਹੇ ਹਨ, ਉਹ ਵੀ ਰੋਗਾਣੂ ਮੁਕਤ ਕਰਨ ਵਾਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਲੰਘੇ ਦਿਨ ਹਸਪਤਾਲ ਦੀ ਮੁੱਖ ਐਮਰਜੈਂਸੀ 'ਚ ਕੋਰੋਨਾ ਵਾਇਰਸ ਦਾ ਇਕ ਮਰੀਜ਼ ਭਰਤੀ ਕੀਤਾ ਗਿਆ ਸੀ। ਨਰਸਾਂ ਨੂੰ ਉਸ ਕੋਈ ਜਾਣਕਾਰੀ ਵੀ ਨਹੀਂ ਮੁਹੱਈਆ ਕਰਵਾਈ ਗਈ।
ਮਰੀਜ਼ ਦੇ ਪਰਿਵਾਰ ਵਾਲੇ ਹਸਪਤਾਲ ਦੇ ਵਾਰਡਾਂ ਤੇ ਹੋਰਨਾਂ ਥਾਵਾਂ 'ਤੇ ਬਿਨਾਂ ਸੇਫ਼ਟੀ ਦੇ ਉਸੇ ਤਰ੍ਹਾਂ ਹੀ ਘੁੰਮ ਰਹੇ ਸਨ। ਜੇਕਰ ਅਜਿਹੇ ਹਾਲਾਤਾਂ ਚ ਕੋਈ ਵੀ ਕੋਰੋਨਾ ਵਾਇਰਸ ਵਰਗੀ ਬਿਮਾਰੀ ਨਾਲ ਪੀੜਤ ਹੁੰਦਾ ਹੈ ਤਾਂ ਉਸ ਲਈ ਜ਼ਿੰਮੇਵਾਰ ਵਾਇਰਸ ਹਸਪਤਾਲ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਦੀ ਮੰਗ ਹੈ ਕਿ ਨਰਸਾਂ ਨੂੰ ਜਲਦ ਤੋਂ ਜਲਦ ਪੀਪੀਈ ਕਿੱਟਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਉਹ ਆਪਣੀਆਂ ਸੇਵਾਵਾਂ ਸੁਰੱਖਿਅਤ ਤਰੀਕੇ ਨਾਲ ਨਿਭਾ ਸਕਣ। ਨਰਸਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤਕ ਸੰਘਰਸ਼ ਜਾਰੀ ਰਹੇਗਾ।
ਕੋਰੋਨਾ ਦੇ ਡਰੋਂ ਰੋਪੜ 'ਚ 424 ਪਿੰਡਾਂ ਨੇ ਖੁਦ ਨੂੰ ਕੀਤਾ ਸੀਲ
NEXT STORY