ਚੰਡੀਗੜ੍ਹ— ਗੁਰਦਾਸਪੁਰ ਦੇ ਦੀਨਾਨਗਰ ਥਾਣੇ ਵਿਚ ਹੋਏ ਅੱਤਵਾਦੀ ਹਮਲੇ ਵਿਚ ਆਪਣੀ ਜਾਨ ਵਾਰ ਕੇ ਲੋਕਾਂ ਦੀ ਰੱਖਿਆ ਕਰਨ ਵਾਲੇ ਸ਼ਹੀਦ ਐੱਸ. ਪੀ. ਬਲਜੀਤ ਸਿੰਘ ਦੇ ਬੇਟੇ ਮਨਿੰਦਰਪਾਲ ਸਿੰਘ ਨੂੰ ਸਰਕਾਰ ਨੇ ਪੁਲਸ ਵਿਭਾਗ ਵਿਚ ਵੱਡਾ ਅਹੁਦਾ ਦੇਣ ਦਾ ਐਲਾਨ ਕੀਤਾ ਹੈ। ਸ਼ਹੀਦ ਐੱਸ. ਪੀ. ਬਲਜੀਤ ਸਿੰਘ ਦੀਆਂ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਡੀ. ਐੱਸ. ਪੀ. ਨਿਯੁਕਤ ਕਰਨ ਅਤੇ ਪਰਿਵਾਰ ਨੂੰ 25 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੀ ਇਕ ਬੈਠਕ ਵਿਚ ਲਿਆ ਗਿਆ।
ਮੁੱਖ ਮੰਤਰੀ ਬਾਦਲ ਨੇ ਗ੍ਰਹਿ ਵਿਭਾਗ ਨੂੰ ਹੁਕਮ ਦਿੱਤਾ ਕਿ ਸ਼ਹੀਦ ਬਲਜੀਤ ਸਿੰਘ ਦਾ ਨਾਂ ਮਰਨ ਉਪਰੰਤ ਰਾਸ਼ਟਰਪਤੀ ਪੁਲਸ ਮੈਡਲ ਲਈ ਭੇਜਿਆ ਜਾਵੇ ਅਤੇ ਇੰਸਪੈਕਟਰ ਬਲਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਤਾਰਾ ਸਿੰਘ ਦੇ ਨਾਵਾਂ ਦੀ ਬਹਾਦਰੀ ਦਿਖਾਉਣ ਲਈ ਰਾਸ਼ਟਰਪਤੀ ਪੁਲਸ ਮੈਡਲ ਲਈ ਸਿਫਾਰਿਸ਼ ਕੀਤੀ ਜਾਵੇ। ਹਮਲੇ ਵਿਚ ਜ਼ਖਮੀ ਹੋਏ ਪੁਲਸ ਕਰਮਚਾਰੀਆਂ ਅਤੇ ਆਮ ਨਾਗਰਿਕਾਂ ਨੂੰ 3-3 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਗੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਇਲਾਜ ਦਾ ਪੂਰਾ ਖਰਚਾ ਵੀ ਸਰਕਾਰ ਹੀ ਚੁੱਕੇਗੀ।
ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਰਿਟਾਇਰਮੈਂਟ ਤੱਕ ਪੂਰੀ ਤਨਖਾਹ ਦੇਣ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮੁੱਫਤ ਸਿੱਖਿਆ ਦੇਣ ਦਾ ਐਲਾਨ ਕੀਤਾ ਗਿਆ ਹੈ। ਹਮਲੇ ਵਿਚ ਮਾਰੇ ਗਏ ਤਿੰਨ ਹੋਮਗਾਰਡਾਂ ਦੇ ਇਕ-ਇਕ ਬੱਚੇ ਨੂੰ ਪੁਲਸ ਵਿਭਾਗ ਵਿਚ ਕਾਂਸਟੇਬਲ ਦੀ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ ਤੇ ਮਾਰੇ ਗਏ ਨਾਗਰਿਕਾਂ ਦੇ ਇਕ-ਇਕ ਪਰਿਵਾਰਕ ਮੈਂਬਰ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ।
ਬਾਰਡਰ 'ਤੇ ਗੋਲਾਬਾਰੀ ਦੌਰਾਨ ਸ਼ਹੀਦ ਹੋਇਆ ਚਾਰ ਭੈਣਾਂ ਦਾ ਇਕਲੌਤਾ ਭਰਾ
NEXT STORY