ਪਟਿਆਲਾ (ਜੋਸਨ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੈਂਬਰ ਬੀਬੀ ਜਗੀਰ ਕੌਰ ਨੇ ਅੱਜ ਇਥੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆੜੇ ਹੱਥੀਂ ਲੈÎਂਦਿਆਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਵਿਚ ਪੂਰੀ ਤਰ੍ਹਾਂ ਫਲਾਪ ਸਿੱਧ ਹੋਈ ਹੈ। ਇਸ ਨੇ ਲੋਕਾਂ ਲਈ ਇਕ ਵੀ ਚੰਗਾ ਕੰਮ ਨਹੀਂ ਕੀਤਾ, ਜਿਸ ਕਾਰਨ ਪੰਜਾਬ ਦੇ ਲੋਕ ਅੱਜ ਕੁਝ ਸਮੇਂ ਵਿਚ ਹੀ ਇਸ ਸਰਕਾਰ ਨੂੰ ਚਲਦਾ ਕਰਨ ਦੇ ਮੂਡ 'ਚ ਹਨ। ਬੀਬੀ ਜਗੀਰ ਕੌਰ ਅੱਜ ਇਥੇ ਸਾਬਕਾ ਚੇਅਰਮੈਨ ਪੰਜਾਬ ਸੁਰਜੀਤ ਸਿੰਘ ਅਬਲੋਵਾਲ ਵੱਲੋਂ ਉਨ੍ਹਾਂ ਦੇ ਰੱਖੇ ਸਨਮਾਨ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਦਿੰਰ ਸਿੰਘ 8 ਮਹੀਨਿਆਂ ਵਿਚ ਆਪਣੀ ਸਰਕਾਰ ਦੀ ਕੋਈ ਵੀ ਪ੍ਰਾਪਤੀ ਲੋਕਾਂ ਸਾਹਮਣੇ ਰੱਖ ਦੇਣ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਸਕੇ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਹੈ। ਉਨ੍ਹਾਂ ਕਿਹਾ ਕਿ ਜਿਹੜਾ ਮੁੱਖ ਮੰਤਰੀ 8 ਮਹੀਨਿਆਂ ਵਿਚ ਆਪਣੀ ਕੈਬਨਿਟ ਦਾ ਵਿਸਥਾਰ ਹੀ ਨਾ ਕਰ ਸਕਿਆ ਹੋਵੇ, ਉਸ ਤੋਂ ਪੰਜਾਬ ਦੇ ਭਲੇ ਦੀ ਕੀ ਆਸ ਕੀਤੀ ਜਾ ਸਕਦੀ ਹੈ? ਅੱਜ ਪੰਜਾਬ ਵਿਚ ਗੁੰਡਾ ਰਾਜ ਕੰਮ ਕਰ ਰਿਹਾ ਹੈ। ਅਕਾਲੀ ਵਰਕਰਾਂ ਅਤੇ ਨੇਤਾਵਾਂ 'ਤੇ ਹਮਲੇ ਹੋ ਰਹੇ ਹਨ। ਪਰਚੇ ਦਰਜ ਕਰਵਾਏ ਜਾ ਰਹੇ ਹਨ। ਇਸ ਤੋਂ ਘਟੀਆ ਰਾਜਨੀਤੀ ਹੋਰ ਕੀ ਹੋ ਸਕਦੀ ਹੈ?
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਸਰਕਾਰ ਵਿਚ ਕਾਮੇਡੀਅਨ ਮੰਤਰੀ ਹੋਣ, ਉਥੇ ਸਰਕਾਰ ਕਿਵੇਂ ਚੱਲ ਸਕਦੀ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਅਫਸਰਸ਼ਾਹੀ ਲੋਕਾਂ ਨੂੰ ਲੁੱਟ ਕੇ ਖਾ ਰਹੀ ਹੈ ਪਰ ਸਰਕਾਰ ਖਾਮੋਸ਼ ਹੈ। ਅਕਾਲੀ ਵਰਕਰ ਕਾਂਗਰਸ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਮੂੰਹ-ਤੋੜ ਜੁਆਬ ਦੇਣਗੇ।
ਜਾਅਲੀ ਜਥੇਦਾਰਾਂ ਖਿਲਾਫ ਫਿਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਲਈ ਕਰਾਂਗੀ ਅਪੀਲ
ਬੀਬੀ ਜਗੀਰ ਕੌਰ ਨੇ ਅੱਜ ਫਿਰ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਜਥੇਦਾਰਾਂ ਨੂੰ ਜਾਅਲੀ ਕਰਾਰ ਦਿੰਦੇ ਹੋਏ ਕਿਹਾ ਕਿ ਹੈਰਾਨੀ ਹੈ ਕਿ ਇਹ ਲੋਕ ਜਥੇਦਾਰ ਬਣ ਕੇ ਮਾਹੌਲ ਖਰਾਬ ਕਰ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਖਿਲਾਫ ਇਕ ਵਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖਤੀ ਤੌਰ 'ਤੇ ਬੇਨਤੀ ਕਰ ਚੁੱਕੇ ਹਨ। ਇਕ ਵਾਰ ਫਿਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਨ੍ਹਾਂ ਜਾਅਲੀ ਜਥੇਦਾਰਾਂ ਖਿਲਾਫ ਸਖਤ ਕਾਰਵਾਈ ਲਈ ਅਪੀਲ ਕਰਨਗੇ।
ਇਸ ਮੌਕੇ ਜ਼ਿਲਾ ਪ੍ਰਧਾਨ ਯੂਥ ਮਨਜੋਤ ਚਾਹਲ, ਕੌਂਸਲਰ ਹਰਬਖਸ਼ ਚਾਹਲ, ਐਡਵੋਕੇਟ ਮਨਬੀਰ ਵਿਰਕ, ਕੌਂਸਲਰ ਪਰਮਜੀਤ ਸਿੰਘ ਪੰਮਾ, ਚੇਅਰਮੈਨ ਭੁਪਿੰਦਰ ਡਕਾਲਾ, ਚੇਅਰਮੈਨ ਮਲਕੀਤ ਡਕਾਲਾ, ਚੇਅਰਮੈਨ ਹਰਜਿੰਦਰ ਸਿੰਘ ਬੱਲ, ਜਸਪਾਲ ਸਿੰਘ ਬਿੱਟੂ ਚੱਠਾ, ਹਰਵਿੰਦਰ ਸਿੰਘ ਬੱਬੂ, ਗੁਰਵਿੰਦਰ ਸਿੰਘ ਧੀਮਾਨ ਅਤੇ ਹੋਰ ਕੌਂਸਲਰ ਹਾਜ਼ਰ ਸਨ।
ਖੇਡਾਂ 'ਚ ਪੱਛੜ ਰਿਹਾ ਪੰਜਾਬ, ਅੱਗੇ ਨਿਕਲਿਆ ਹਰਿਆਣਾ
NEXT STORY