ਬਠਿੰਡਾ, (ਵਰਮਾ)- ਪੰਜਾਬ ਦੇ ਖਿਡਾਰੀਆਂ ਨੇ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰ ਕੇ ਪੂਰੇ ਭਾਰਤ ਵਿਚ ਹੀ ਨਹੀਂ ਬਲਕਿ ਵਿਸ਼ਵ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ। ਭਾਵੇਂ ਉਹ ਕੁਸ਼ਤੀ ਵਿਚ ਗਾਮਾ ਪਹਿਲਵਾਨ ਹੋਵੇ ਜਾਂ ਫਿਰ ਐਥਲੈਟਿਕ ਵਿਚ ਮਿਲਖਾ ਸਿੰਘ। ਉਥੇ ਹੀ ਭਾਰਤ ਵਿਚ ਅੱਜ ਦੇ ਲੋਕਾਂ ਦੇ ਹਰਮਨ ਪਿਆਰੇ ਖੇਡ ਕ੍ਰਿਕੇਟ ਵਿਚ ਵੀ ਪੰਜਾਬ ਦੇ ਖਿਡਾਰੀ ਕਿਸੇ ਮਾਮਲੇ 'ਚ ਪਿੱਛੇ ਨਹੀਂ ਹਨ, ਜਿਨ੍ਹਾਂ 'ਚ ਯੁਵਰਾਜ ਸਿੰਘ, ਹਰਭਜਨ ਸਿੰਘ, ਨਵਜੋਤ ਸਿੰਘ ਸਿੱਧੂ ਦਾ ਨਾਂ ਪਹਿਲਾਂ ਆਉਂਦਾ ਹੈ। ਹਾਕੀ ਵਿਚ ਵੀ ਪੰਜਾਬ ਨੇ ਆਪਣੀ ਧੌਂਸ ਜਮਾਈ ਹੋਈ ਹੈ ਪਰ ਕੁਝ ਸਾਲਾਂ ਵਿਚ ਦੇਖਣ ਨੂੰ ਮਿਲਿਆ ਹੈ ਕਿ ਇਹ ਕ੍ਰਮ ਹੌਲੀ-ਹੌਲੀ ਕਰ ਕੇ ਪੰਜਾਬ ਤੋਂ ਖਿਸਕ ਰਿਹਾ ਹੈ।
ਉਥੇ ਹੀ ਪੰਜਾਬ ਦਾ ਗੁਆਂਢੀ ਸੂਬਾ ਹਰਿਆਣਾ ਖੇਡਾਂ ਦੇ ਮਾਮਲੇ 'ਚ ਪੰਜਾਬ ਤੋਂ ਅੱਗੇ ਨਿਕਲ ਰਿਹਾ ਹੈ। ਭਾਵੇਂ ਉਹ ਓਲੰਪਿਕ ਖੇਡ ਹੋਵੇ ਜਾਂ ਰਾਸ਼ਟਰੀ ਮੰਡਲ ਦੀਆਂ ਖੇਡਾਂ ਹੋਣ। ਸਾਰਿਆਂ ਵਿਚ ਹਰਿਆਣਾ ਅੱਗੇ ਨਿਕਲਦਾ ਦਿਖਾਈ ਦੇ ਰਿਹਾ ਹੈ। ਅੱਜ ਹਾਲਾਤ ਇਹ ਹੈ ਕਿ ਪਹਿਲਵਾਨੀ ਵਿਚ ਹਰਿਆਣਾ ਦੇ ਹੀ ਖਿਡਾਰੀਆਂ ਦਾ ਦਬਦਬਾ ਬਣਿਆ ਹੋਇਆ ਹੈ। ਅਜਿਹਾ ਕਿਉਂ ਹੈ, ਇਸ ਦੀ ਜਾਂਚ ਕਰਨ ਦੀ ਕੋਸ਼ਿਸ਼ 'ਜਗ ਬਾਣੀ' ਨੇ ਮੰਡੇ ਸਟੋਰੀ ਵਿਚ ਕੀਤੀ ਹੈ।
ਵਧਦੀ ਬੇਰੋਜ਼ਗਾਰੀ
ਪੰਜਾਬ ਵਿਚ ਖੇਤੀ ਕਰਨਾ ਇਕ ਮੁਨਾਫੇ ਦਾ ਕੰਮ ਸੀ। ਪੂਰੇ ਪਰਿਵਾਰ ਦੇ ਮੈਂਬਰ ਖੇਤੀ ਤੋਂ ਕਮਾ ਕੇ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰਦੇ ਸਨ। ਖੇਤਾਂ ਵਿਚ ਕੰਮ ਕਰਨ ਨਾਲ ਸਰੀਰ ਵੀ ਖੇਡ ਲਈ ਬਿਹਤਰ ਹੁੰਦਾ ਸੀ। ਇਕ ਤਰ੍ਹਾਂ ਨਾਲ ਖਿਡਾਰੀ ਖੇਤ ਵਿਚ ਕੰਮ ਕਰਦਿਆਂ ਵੀ ਆਪਣੇ ਸਰੀਰ ਨੂੰ ਖੇਡ ਮੁਤਾਬਕ ਢਾਲ ਸਕਦੇ ਸਨ ਪਰ ਹੁਣ ਖੇਤੀ ਦਾ ਕੰਮ ਕਰਨਾ ਕਿਸਾਨਾਂ ਨੂੰ ਘਾਟੇ ਦਾ ਸੌਦਾ ਲੱਗਣ ਲਗ ਪਿਆ ਹੈ। ਨਿੱਤ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਰੋਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਨੌਜਵਾਨ ਪ੍ਰੇਸ਼ਾਨ ਰਹਿੰਦੇ ਹਨ। ਖੇਡ 'ਚ ਰੁਚੀ ਹੋਣ ਦੇ ਬਾਵਜੂਦ ਉਹ ਆਪਣਾ ਕੈਰੀਅਰ ਜਿਸ ਵਿਚ ਜ਼ਿਆਦਾ ਪੈਸਾ ਮਿਲਦਾ ਹੈ ਉਸ ਵਿਚ ਚਲੇ ਜਾਂਦੇ ਹਨ।
ਹਰਿਆਣਾ ਦੇ ਖਿਡਾਰੀਆਂ ਕੀਤਾ ਨਾਂ ਰੌਸ਼ਨ
ਹਰਿਆਣਾ ਦੀ ਸਾਕਸ਼ੀ ਮਲਿਕ ਨੇ ਰੀਓ ਉਲੰਪਿਕ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਸੂਬੇ ਦਾ ਹੀ ਨਹੀਂ ਬਲਕਿ ਪੂਰੇ ਭਾਰਤ ਦਾ ਨਾਂ ਰੌਸ਼ਨ ਕੀਤਾ ਸੀ। ਉਥੇ ਹੀ ਰੀਓ ਉਲੰਪਿਕ ਦੇ 2016 ਵਿਚ ਹਿੱਸਾ ਲੈਣ ਗਏ ਖਿਡਾਰੀਆਂ ਵਿਚ ਵੀ ਹਰਿਆਣਾ ਦੇ ਖਿਡਾਰੀ ਪੰਜਾਬ ਤੋਂ ਜ਼ਿਆਦਾ ਸਨ। ਪੰਜਾਬ ਦੇ 14 ਖਿਡਾਰੀਆਂ ਦੀ ਚੋਣ ਹੋਈ ਸੀ ਜਦਕਿ ਹਰਿਆਣਾ ਦੇ 24 ਖਿਡਾਰੀਆਂ ਨੇ ਰੀਓ ਉਲੰਪਿਕ ਵਿਚ ਹਿੱਸਾ ਲਿਆ ਸੀ। ਪੰਜਾਬ ਤੋਂ ਘੱਟ ਕਰਨਾਟਕ ਦੇ 11 ਖਿਡਾਰੀਆਂ ਨੇ ਹਿੱਸਾ ਲਿਆ ਸੀ। ਜੇਕਰ ਸਮਾਂ ਰਹਿੰਦੇ ਖੇਡਾਂ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਆਉਣ ਵਾਲੇ ਸਮੇਂ ਵਿਚ ਕਰਨਾਟਕ ਤੋਂ ਵੀ ਪੱਛੜ ਸਕਦਾ ਹੈ।
ਨੌਜਵਾਨਾਂ ਦਾ ਵਿਦੇਸ਼ਾਂ ਵੱਲ ਆਕਰਸ਼ਿਤ ਹੋਣਾ
ਬੇਤਹਾਸ਼ਾ ਵਧਦੀ ਬੇਰੋਜ਼ਗਾਰੀ ਨੇ ਵੀ ਨੌਜਵਾਨਾਂ ਨੂੰ ਖੇਡ ਪ੍ਰਤੀ ਰੁਚੀ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਨੌਜਵਾਨਾਂ ਵਿਚ ਜਲਦੀ ਤੋਂ ਜਲਦੀ ਪੈਸਾ ਕਮਾਉਣ ਲਈ ਪਰਿਵਾਰਕ ਦਬਾਅ ਹੁੰਦਾ ਹੈ, ਜਿਸ ਕਾਰਨ ਨੌਜਵਾਨ ਵਿਦੇਸ਼ਾਂ ਵੱਲ ਦਿਲਚਸਪੀ ਲੈਣ ਲੱਗੇ ਹਨ। ਕੁਝ ਕਮਾਈ ਕਰਨ ਲਈ ਜਾਂਦੇ ਹਨ ਤੇ ਕੁਝ ਪੜ੍ਹਾਈ ਲਈ ਜਾਂਦੇ ਹਨ। ਵੱਖ-ਵੱਖ ਉਚ ਕੋਟੀ ਦੇ ਖਿਡਾਰੀ ਵੀ ਸੁਵਿਧਾਵਾਂ, ਕਮੀ ਤੇ ਸਿਫਾਰਸ਼ੀ ਪ੍ਰਣਾਲੀ ਕਾਰਨ ਵਿਦੇਸ਼ਾਂ ਵੱਲ ਜਾਂਦੇ ਹਨ। ਪੰਜਾਬ ਦੇ ਵੱਖ-ਵੱਖ ਖਿਡਾਰੀ ਵਿਦੇਸ਼ੀ ਟੀਮਾਂ ਵਿਚ ਖੇਡ ਰਹੇ ਹਨ। ਕਬੱਡੀ ਵਿਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ 'ਚ ਪੰਜਾਬ ਦੇ ਨੌਜਵਾਨ ਹਿੱਸਾ ਲੈ ਰਹੇ ਹਨ।
ਨਵੰਬਰ 1984 ਕਤਲੇਆਮ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀ : ਦਲ ਖ਼ਾਲਸਾ
NEXT STORY