ਜ਼ੀਰਾ (ਅਕਾਲੀਆਂ ਵਾਲਾ, ਕੰਡਿਆਲ)—ਪਿੰਡ ਬੰਬ ਬੰਡਾਲਾ ਨੌਂ ਵਿਖੇ ਹੋਣ ਜਾ ਰਹੀ ਪੰਚਾਇਤੀ ਚੋਣ ਦੇ ਸਬੰਧ ਵਿਚ ਬੀ. ਡੀ. ਪੀ. ਓ. ਦਫ਼ਤਰ ਜ਼ੀਰਾ ਵਿਖੇ ਕਾਗਜ਼ਾਂ ਦੀ ਪੜਤਾਲ ਸਮੇਂ ਕਾਂਗਰਸੀ ਉਮੀਦਵਾਰਾਂ ਦੇ ਖੋਹ ਕੇ ਕਾਗਜ਼ ਪਾੜਨ ਅਤੇ ਉਮੀਦਵਾਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਦੀ ਪੁਲਸ ਨੇ ਬਲਾਕ ਸੰਮਤੀ ਜ਼ੀਰਾ ਦੇ ਚੇਅਰਮੈਨ ਕੁਲਦੀਪ ਸਿੰਘ ਬੰਬ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਸਮੇਤ 12 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਥਾਨਕ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਬੰਬ ਬੰਡਾਲਾ ਨੌਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਗ੍ਰਾਮ ਪੰਚਾਇਤ ਦੀ ਚੋਣ ਹੋਣ ਜਾ ਰਹੀ ਹੈ ਅਤੇ ਇਸ ਸਬੰਧੀ ਜਿਨ੍ਹਾਂ ਉਮੀਦਵਾਰਾਂ ਨੇ ਕਾਗਜ਼ ਭਰੇ ਸਨ, ਉਨ੍ਹਾਂ ਦੀ ਪੜਤਾਲ ਅੱਜ ਬੀ. ਡੀ. ਪੀ. ਓ .ਦਫ਼ਤਰ ਜ਼ੀਰਾ ਵਿਖ਼ੇ ਹੋਣੀ ਸੀ।
ਉਨ੍ਹਾਂ ਦੇ ਪਿੰਡ ਦੇ ਵਿਅਕਤੀ ਗੁਰਨਾਮ ਸਿੰਘ ਪੁੱਤਰ ਕੇਹਰ ਸਿੰਘ ਨੇ ਵੀ ਸਰਪੰਚੀ ਦੇ ਕਾਗਜ਼ ਭਰੇ ਸਨ, ਜਿਸ ਦੀ ਉਹ ਚੋਣ ਵਿਚ ਮੱਦਦ ਕਰ ਰਿਹਾ ਸੀ। ਵਿਰੋਧੀ ਧਿਰ ਦੇ ਉਮੀਦਵਾਰ ਬਲਵੀਰ ਸਿੰਘ ਪੁੱਤਰ ਜੀਤਾ ਸਿੰਘ ਦੀ ਮੱਦਦ ਚੇਅਰਮੈਨ ਕੁਲਦੀਪ ਸਿੰਘ ਕਰਦਾ ਸੀ। ਕਾਗਜ਼ਾਂ ਨੂੰ ਲੈ ਕੇ ਉਨ੍ਹਾਂ ਦਾ ਬੀ. ਡੀ. ਪੀ. ਓ. ਦਫ਼ਤਰ ਵਿਖ਼ੇ ਝਗੜਾ ਹੋ ਗਿਆ ਅਤੇ ਚੇਅਰਮੈਨ ਕੁਲਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਤੇਜਬਿਕਰਮ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਲਹੁਕੇ ਖ਼ੁਰਦ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਪਾਸੋਂ ਕਾਗਜ਼ ਵੀ ਖ਼ੋਹ ਕੇ ਪਾੜ ਦਿੱਤੇ ਤੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਪੁਲਸ ਨੇ ਕੁਲਦੀਪ ਸਿੰਘ, ਸੁਖ਼ਦੇਵ ਸਿੰਘ ਉਰਫ਼ ਸੁੱਖਾ, ਸੁਖ਼ਮੰਦਰ ਸਿੰਘ, ਬਲਵੀਰ ਸਿੰਘ, ਸ਼ਿੰਗਾਰਾ ਸਿੰਘ ਵਾਸੀ ਪਿੰਡ ਬੰਬ ਬੰਡਾਲਾ ਨੌਂ, ਪਿਆਰਾ ਸਿੰਘ ਢਿੱਲੋਂ ਵਾਸੀ ਜ਼ੀਰਾ, ਗੁਰਪਾਲ ਸਿੰਘ ਵਾਸੀ ਸ਼ੀਹਾਂ ਪਾੜੀ, ਬਲਵਿੰਦਰ ਸਿੰਘ, ਨਛੱਤਰ ਸਿੰਘ ਵਾਸੀ ਪਿੰਡ ਬੱਗੀ, ਜਗਪਿੰਦਰ ਸਿੰਘ, ਕਮਲਜੀਤ ਸਿੰਘ ਵਾਸੀ ਠੱਠਾ ਤੇ ਕਿਸ਼ਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੇਰੇ ਖਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ : ਢਿੱਲੋਂ
ਇਸ ਸਬੰਧੀ ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਪਿਆਰਾ ਸਿੰਘ ਢਿੱਲੋਂ ਨੇ ਆਪਣਾ ਪੱਖ਼ ਸਪੱਸ਼ਟ ਕਰਦਿਆਂ ਕਿਹਾ ਕਿ ਉਹ ਤਾਂ ਕੱਲ ਜ਼ੀਰਾ ਸ਼ਹਿਰ ਵਿਚ ਹੀ ਨਹੀਂ ਸਨ, ਤਾਂ ਉਨ੍ਹਾਂ ਵੱਲੋਂ ਕਿਸੇ ਨਾਲ ਲੜਾਈ-ਝਗੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਢਿੱਲੋਂ ਨੇ ਕਿਹਾ ਕਿ ਉਸ ਨੂੰ ਤਾਂ ਅੱਜ ਸਵੇਰੇ ਕਿਸੇ ਨੇ ਫ਼ੋਨ 'ਤੇ ਇਸ ਪਰਚੇ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਸਾਰੀ ਉਮਰ ਨਗਰ ਕੌਂਸਲ ਦਫ਼ਤਰ ਜ਼ੀਰਾ ਵਿਖ਼ੇ ਸਾਫ਼-ਸੁਥਰੇ ਢੰਗ ਨਾਲ ਨੌਕਰੀ ਕੀਤੀ ਹੈ ਅਤੇ ਉਨ੍ਹਾਂ ਦਾ ਸ਼ਹਿਰ ਵਿਚ ਵੀ ਅਕਸ ਇਕ ਸਾਫ਼ ਸੁਥਰੀ ਸ਼ਖਸੀਅਤ ਵਜੋਂ ਹੈ।
ਪਟਿਆਲਾ ਦੇ ਮੋਤੀ ਮਹਿਲ 'ਚ ਰਾਜ ਮਾਤਾ ਦੀ ਅੰਤਿਮ ਅਰਦਾਸ, ਸੁਰੱਖਿਆ ਦੇ ਪੁਖਤਾ ਇੰਤਜ਼ਾਮ (ਤਸਵੀਰਾਂ)
NEXT STORY