ਮੋਗਾ : ਇਕ ਪਾਸੇ ਜਿੱਥੇ ਵਿਆਹ ਵਾਲੇ ਘਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2.5 ਲੱਖ ਕਢਵਾਉਣ ਦੀ ਸਹੂਲਤ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਉੱਥੇ ਹੀ ਅਜੇ ਵੀ ਵਿਆਹ ਵਾਲੇ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਮੋਗਾ 'ਚ ਸਾਹਮਣੇ ਆਇਆ ਹੈ। ਇੱਥੋਂ ਦੇ ਇਕ ਬਿਊਟੀ ਪਾਰਲਰ 'ਚ ਆਪਣੇ ਪਿਤਾ ਨਾਲ ਆਈ ਜਸਪ੍ਰੀਤ ਨੇ ਦੱਸਿਆ ਕਿ ਉਸ ਦਾ ਵਿਆਹ 26 ਨਵੰਬਰ ਨੂੰ ਹੈ ਪਰ ਬੈਂਕ ਤੋਂ ਪੈਸੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਜਸਪ੍ਰੀਤ ਦਾ ਕਹਿਣਾ ਹੈ ਕਿ ਉਹ ਵਿਆਹ ਦਾ ਕਾਰਡ ਲੈ ਕੇ ਬੈਂਕ 'ਚੋਂ ਪੈਸੇ ਕਢਵਾਉਣ ਗਏ ਤਾਂ ਪਹਿਲਾਂ 2 ਘੰਟੇ ਲਾਈਨ 'ਚ ਖੜ੍ਹੇ ਰਹੇ ਪਰ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਬੈਂਕ ਵਾਲਿਆਂ ਨੇ ਕਿਹਾ ਕਿ ਕੈਸ਼ ਖਤਮ ਹੋ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਬੇਰੰਗ ਘਰ ਵਾਪਸ ਆਉਣਾ ਪਿਆ। ਜਸਪ੍ਰੀਤ ਨੇ ਦੱਸਿਆ ਕਿ ਇਸੇ ਚਿੰਤਾ 'ਚ ਉਸ ਦੀ ਦਾਦੀ ਨੂੰ ਦਿਲ ਦਾ ਦੌਰਾ ਵੀ ਪੈ ਚੁੱਕਾ ਹੈ। ਉਸ ਨੇ ਦੱਸਿਆ ਕਿ ਉਹ ਬੈਂਕਾਂ 'ਚ ਖੜ੍ਹੀ ਹੋ ਕੇ ਪੈਸੇ ਕਢਵਾਵੇ ਜਾਂ ਫਿਰ ਖਰੀਦਦਾਰੀ ਕਰੇ। ਇਸ ਮਾਮਲੇ ਸੰਬੰਧੀ ਜਸਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਮੋਦੀ ਜੀ ਦੇ ਫੈਸਲੇ ਨਾਲ ਉਹ ਬਹੁਤ ਖੁਸ਼ ਹਨ ਪਰ ਉਨ੍ਹਾਂ ਦੀ ਬੇਟੀ ਦਾ ਵਿਆਹ ਹੈ, ਇਸ ਲਈ ਉਨ੍ਹਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ 2.5 ਲੱਖ ਰੁਪਏ ਕਢਵਾਉਣ ਦੀ ਵਿਆਹ ਵਾਲੇ ਘਰ ਨੂੰ ਸਹੂਲਤ ਦਿੱਤੀ ਹੈ ਪਰ ਬੈਂਕ ਵਾਲੇ ਪੈਸੇ ਨਹੀਂ ਦਿੰਦੇ ਅਤੇ ਜਦੋਂ ਵੀ ਜਾਓ, ਇੱਕੋ ਗੱਲ ਸੁਣਨ ਨੂੰ ਮਿਲਦੀ ਹੈ ਕਿ ਕੈਸ਼ ਖਤਮ ਹੋ ਗਿਆ।
ਬੈਂਕਾਂ 'ਚ ਨਵੀਂ ਕਰੰਸੀ ਨਹੀਂ, ਹੁਣ ਸੋਮਵਾਰ ਨੂੰ ਹੀ ਮਿਲੇਗਾ ਕੈਸ਼
NEXT STORY