ਜਲੰਧਰ (ਵਿਸ਼ੇਸ਼) : ਅਮਰੀਕਾ ਵਲੋਂ ਆਪਣੀ ਫੌਜ ਅਫਗਾਨਿਸਤਾਨ ’ਚੋਂ ਕੱਢੇ ਜਾਣ ਤੋਂ ਬਾਅਦ ਅਫਗਾਨਿਸਤਾਨ ਵਿਚ ਹੋਏ ਤਾਲਿਬਾਨ ਦੇ ਕਬਜ਼ੇ ਨੇ ਭਾਰਤ ਨੂੰ ਵਿਦੇਸ਼ ਨੀਤੀ ਦੇ ਲਿਹਾਜ਼ ਨਾਲ ਕਈ ਸਬਕ ਦਿੱਤੇ ਹਨ। ਦੇਸ਼ ’ਚ ਹੁਣ ਇਸ ਗੱਲ ਨੂੰ ਲੈ ਕੇ ਚਿੰਤਨ ਹੋ ਰਿਹਾ ਹੈ ਕਿ ਕੀ ਅਮਰੀਕਾ ਵੱਲ ਝੁਕੀ ਹੋਈ ਭਾਰਤ ਦੀ ਵਿਦੇਸ਼ ਨੀਤੀ ਨਾਲ ਦੇਸ਼ ਨੂੰ ਅਫਗਾਨਿਸਤਾਨ ਵਿਚ ਭਾਰੀ ਨੁਕਸਾਨ ਹੋਇਆ ਹੈ। ਵਿਦੇਸ਼ ਮੰਤਰਾਲਾ ਦੇ ਅਫਸਰ ਅਤੇ ਵਿਦੇਸ਼ ਨੀਤੀ ਦੇ ਜਾਣਕਾਰ ਹੁਣ ਇਸ ਮਾਮਲੇ ਵਿਚ ਭਾਰਤ ਨੂੰ ਆਤਮ ਚਿੰਤਨ ਕੀਤੇ ਜਾਣ ਦੀ ਲੋੜ ਦੱਸ ਰਹੇ ਹਨ। ਅਫਗਾਨਿਸਤਾਨ ਵਿਚ ਭਾਰਤ ਨੇ ਸਿਰਫ ਵਿੱਤੀ ਨੁਕਸਾਨ ਹੀ ਨਹੀਂ ਝੱਲਿਆ, ਸਗੋਂ ਰਣਨੀਤਕ ਤੌਰ ’ਤੇ ਵੀ ਭਾਰਤ ਦੀ ਸਥਿਤੀ ਕਮਜ਼ੋਰ ਹੋਈ ਹੈ।ਜਾਣਕਾਰ ਮੰਨਦੇ ਹਨ ਕਿ ਭਾਰਤ ਨੇ ਅਮਰੀਕੀ ਪ੍ਰਭਾਵ ਹੇਠ ਆਪਣੇ ਪੁਰਾਣੇ ਦੋਸਤ ਰੂਸ ਨਾਲ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਗਰਮਾਹਟ ਨਹੀਂ ਰੱਖੀ ਅਤੇ ਅਫਗਾਨਿਸਤਾਨ ਦੇ ਮਾਮਲੇ ਵਿਚ ਅਮਰੀਕਾ ਨੇ ਆਪਣੇ ਫੌਜੀ ਕੱਢਣ ਤੋਂ ਪਹਿਲਾਂ ਭਾਰਤ ਨੂੰ ਭਰੋਸੇ ਵਿਚ ਨਹੀਂ ਲਿਆ। ਜੇ ਅਮਰੀਕਾ ਭਾਰਤ ਨੂੰ ਭਰੋਸੇ ਵਿਚ ਲੈ ਕੇ ਇਹ ਕਦਮ ਚੁੱਕਦਾ ਤਾਂ ਅੱਜ ਅਫਗਾਨਿਸਤਾਨ ਵਿਚ ਭਾਰਤੀਆਂ ਦੀ ਸਥਿਤੀ ਅਜਿਹੀ ਨਾ ਹੁੰਦੀ। ਹਾਲਾਂਕਿ ਭਾਰਤ ਸਰਕਾਰ ਹੁਣ ਅਫਗਾਨਿਸਤਾਨ ਦੇ ਵੱਡੇ ਸ਼ਹਿਰਾਂ ਵਿਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੇ ਅਣਥੱਕ ਯਤਨ ਕਰ ਰਹੀ ਹੈ ਪਰ ਛੋਟੇ ਸ਼ਹਿਰਾਂ ਵਿਚ ਫਸੇ ਭਾਰਤੀਆਂ ਨੂੰ ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ’ਚ ਕਾਫੀ ਪਰੇਸ਼ਾਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਸਰਹੱਦ ’ਤੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣ ਦੀ ਲੋੜ
ਭਾਰਤ ਕੋਲ ਹੁਣ ਕੀ ਬਦਲ?
ਨਵੀਂ ਦਿੱਲੀ ’ਚ ਸਥਿਤ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵਿਚ ਰਣਨੀਤਕ ਅਧਿਐਨ ਪ੍ਰੋਗਰਾਮ ਦੇ ਮੁਖੀ ਪ੍ਰੋ. ਹਰਸ਼ ਵੀ. ਪੰਤ ਕਹਿੰਦੇ ਹਨ ਕਿ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਭਾਰਤ ਰੂਸ ਦੀ ਮਦਦ ਲੈ ਸਕਦਾ ਹੈ ਤਾਂ ਜੋ ਭਾਰਤ ਦੇ ਹਿੱਤਾਂ ਦੀ ਸੁੁਰੱਖਿਆ ਅਫਗਾਨਿਸਤਾਨ ਵਿਚ ਹੋ ਸਕੇ। ਇਸ ਤੋਂ ਇਲਾਵਾ ਸਾਊਦੀ ਅਰਬ ਤੇ ਯੂ. ਏ. ਈ. ’ਤੇ ਵੀ ਭਾਰਤ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਉਹ ਅੱਗੇ ਕੀ ਕਰਦੇ ਹਨ। 1990 ਵਿਚ ਪਾਕਿਸਤਾਨ, ਯੂ. ਏ. ਈ. ਤੇ ਸਾਊਦੀ ਅਰਬ ਨੇ ਤਾਲਿਬਾਨ ਨੂੰ ਸਭ ਤੋਂ ਪਹਿਲਾਂ ਮਾਨਤਾ ਦਿੱਤੀ ਸੀ। ਹੋਰ ਜਾਣਕਾਰਾਂ ਦੀ ਮੰਨੀਏ ਤਾਂ ਇਸ ਤੋਂ ਇਲਾਵਾ ਭਾਰਤ ਕੋਲ ਕਜ਼ਾਕਿਸਤਾਨ, ਤਾਜਕਿਸਤਾਨ ਤੇ ਈਰਾਨ ਦੇ ਰੂਪ ’ਚ ਵੀ ਬਦਲ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਨਾਲ ਵੀ ਭਾਰਤ ਦੇ ਰਿਸ਼ਤੇ ਲਗਭਗ ਠੀਕ ਹੀ ਹਨ। ਜਾਣਕਾਰਾਂ ਦੀ ਮੰਨੀਏ ਤਾਂ ਭਾਰਤ ਨੂੰ ਆਪਣੇ ਫੈਸਲਿਆਂ ਦਾ ਮੁੜ-ਮੁਲਾਂਕਣ ਕੀਤੇ ਜਾਣ ਦੀ ਲੋੜ ਹੈ। ਉਸ ਨੂੰ ਅਫਗਾਨਿਸਤਾਨ ਪ੍ਰਤੀ ਆਪਣੇ ਨਜ਼ਰੀਏ ਨੂੰ ਵਿਆਪਕ ਬਣਾਉਣਾ ਪਵੇਗਾ। ਕੁਝ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਤਾਲਿਬਾਨ ਨਾਲ ਗੱਲਬਾਤ ਦਾ ਜ਼ਰੀਆ ਬੈਕ ਚੈਨਲ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੰਜਾਬ ਬਾਰਡਰ ’ਤੇ ਚੌਕਸ ਰਹਿਣ ਦੀ ਲੋੜ : ਅਮਰਿੰਦਰ
ਤਾਲਿਬਾਨ ਨਾਲ ਗੱਲਬਾਤ ਕਰੇ ਭਾਰਤ : ਮੈਰੀਅਟ ਡਿਸੂਜ਼ਾ
ਬਦਲੇ ਹਾਲਾਤ ’ਚ ਕੌਟਿੱਲਯ ਸਕੂਲ ਆਫ ਪਬਲਿਕ ਪਾਲਿਸੀ ਵਿਚ ਪ੍ਰੋਫੈਸਰ ਸ਼ਾਂਤੀ ਮੈਰੀਅਟ ਡਿਸੂਜ਼ਾ ਕਹਿੰਦੀ ਹੈ ਕਿ ਅਜਿਹੀ ਸਥਿਤੀ ’ਚ ਭਾਰਤ ਕੋਲ ਦੋ ਰਸਤੇ ਹਨ। ਜਾਂ ਤਾਂ ਉਹ ਅਫਗਾਨਿਸਤਾਨ ਵਿਚ ਬਣਿਆ ਰਹੇ ਜਾਂ ਫਿਰ ਸਭ ਕੁਝ ਬੰਦ ਕਰ ਕੇ 90 ਦੇ ਦਹਾਕੇ ਵਾਲੇ ਰੋਲ ਵਿਚ ਆ ਜਾਵੇ। ਭਾਰਤ ਦੂਜਾ ਰਸਤਾ ਅਪਣਾਉਂਦਾ ਹੈ ਤਾਂ ਪਿਛਲੇ 2 ਦਹਾਕਿਆਂ ਵਿਚ ਜੋ ਕੁਝ ਉੱਥੇ ਭਾਰਤ ਨੇ ਕੀਤਾ ਹੈ, ਉਹ ਸਭ ਖਤਮ ਹੋ ਜਾਵੇਗਾ। ਡਾ. ਡਿਸੂਜ਼ਾ ਕਹਿੰਦੀ ਹੈ ਕਿ ਪਹਿਲੇ ਕਦਮ ਦੇ ਤੌਰ ’ਤੇ ਭਾਰਤ ਨੂੰ ਵਿਚਕਾਰਲਾ ਰਸਤਾ ਅਪਣਾਉਂਦੇ ਹੋਏ ਤਾਲਿਬਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜੋ ਅਫਗਾਨਿਸਤਾਨ ਦੇ ਵਿਕਾਸ ਲਈ ਹੁਣ ਤਕ ਭਾਰਤ ਜੋ ਕਰ ਰਿਹਾ ਸੀ, ਉਸ ਰੋਲ ਨੂੰ ਅੱਗੇ ਵੀ ਜਾਰੀ ਰੱਖ ਸਕੇ।
ਭਾਰਤ ਦੀ ਵਿਦੇਸ਼ ਨੀਤੀ ਤੇ ਤਾਲਿਬਾਨ
ਭਾਰਤ ਵਲੋਂ ਹੁਣ ਤਕ ਤਾਲਿਬਾਨ ਨਾਲ ਸਿੱਧੀ ਗੱਲਬਾਤ ਸ਼ੁਰੂ ਨਾ ਕਰਨ ਦਾ ਵੱਡਾ ਕਾਰਨ ਇਹ ਰਿਹਾ ਹੈ ਕਿ ਭਾਰਤ ਅਫਗਾਨਿਸਤਾਨ ਵਿਚ ਭਾਰਤੀ ਮਿਸ਼ਨਾਂ ’ਤੇ ਹੋਏ ਹਮਲਿਆਂ ਵਿਚ ਤਾਲਿਬਾਨ ਨੂੰ ਮਦਦਗਾਰ ਤੇ ਜ਼ਿੰਮੇਵਾਰ ਮੰਨਦਾ ਸੀ। ਭਾਰਤ ਵਿਚ 1999 ’ਚ ਆਈ. ਸੀ.-814 ਜਹਾਜ਼ ਦੇ ਅਗਵਾ ਦੀ ਗੱਲ ਅਤੇ ਉਸ ਦੇ ਬਦਲੇ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ, ਅਹਿਮਦ ਜ਼ਰਗਰ ਤੇ ਸ਼ੇਖ ਅਹਿਮਦ ਉਮਰ ਸਈਦ ਨੂੰ ਛੱਡਣ ਦੀ ਯਾਦ ਹੁਣ ਵੀ ਤਾਜ਼ਾ ਹੈ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸਕੂਟਰੀ ਸਵਾਰਾਂ ਨੇ ਦਿਨ ਦਿਹਾੜੇ ਘਰ ਨੇੜਿਓਂ ਚੁੱਕੀ 6 ਸਾਲ ਦੀ ਬੱਚੀ, ਇਲਾਕੇ ’ਚ ਦਹਿਸ਼ਤ
NEXT STORY