ਚੰਡੀਗੜ੍ਹ (ਪਾਲ) : ਸ਼ਹਿਰ ’ਚ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਖ਼ੁਸ਼ਖ਼ਬਰੀ ਹੈ। ਸਿਹਤ ਵਿਭਾਗ ਹੁਣ ਉਨ੍ਹਾਂ ਦੇ ਘਰਾਂ ’ਚ ਜਾ ਕੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਯੋਜਨਾ ਦੇ ਪਹਿਲੇ ਪੜਾਅ ’ਚ 1,874 ਬਜ਼ੁਰਗਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਅਜਿਹੇ ਹਨ, ਜੋ ਇਕੱਲੇ ਰਹਿੰਦੇ ਹਨ, ਜਦੋਂ ਕਿ ਬਹੁਤ ਸਾਰੇ ਆਪਣੇ ਪਰਿਵਾਰਾਂ ਨਾਲ ਰਹਿੰਦੇ ਹੋਏ ਵੀ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸਿਹਤ ਡਾਇਰੈਕਟਰ ਡਾ. ਸੁਮਨ ਸਿੰਘ ਨੇ ਕਿਹਾ ਕਿ ਏ. ਐੱਨ. ਐੱਮ. ਟੀਮ ਨੇ ਹਾਲ ਹੀ ’ਚ ਸ਼ਹਿਰ ’ਚ ਇਹ ਸਰਵੇਖਣ ਪੂਰਾ ਕੀਤਾ ਹੈ। ਇਸ ਤੋਂ ਬਾਅਦ ਵਿਭਾਗ ਨੇ ਇਕ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਯੋਜਨਾ ਦਾ ਮਕਸਦ ਬਜ਼ੁਰਗਾਂ ਦੀ ਸਿਹਤ ਤੇ ਮਾਨਸਿਕ ਮਨੋਬਲ ਨੂੰ ਮਜ਼ਬੂਤ ਕਰਨਾ ਹੈ। ਇਸ ਪ੍ਰਾਜੈਕਟ ਦੇ ਤਹਿਤ ਇਕ 5 ਮੈਂਬਰੀ ਟੀਮ ਬਜ਼ੁਰਗਾਂ ਦੇ ਘਰਾਂ ਦਾ ਦੌਰਾ ਕਰੇਗੀ। ਇਸ ਟੀਮ ’ਚ ਡਾਕਟਰ, ਸਟਾਫ਼ ਨਰਸ, ਅਟੈਂਡੈਂਟ ਤੇ ਐਂਬੂਲੈਂਸ ਸੇਵਾ ਸ਼ਾਮਲ ਹੋਵੇਗੀ। ਇਹ ਟੀਮ ਬਜ਼ੁਰਗਾਂ ਦੀ ਨਿਯਮਤ ਜਾਂਚ ਕਰੇਗੀ, ਖ਼ਾਸ ਕਰਕੇ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਆਮ ਪਰ ਗੰਭੀਰ ਬਿਮਾਰੀਆਂ ਵੱਲ ਧਿਆਨ ਦੇਵੇਗੀ। ਜੇਕਰ ਲੋੜ ਪਈ ਤਾਂ ਮਰੀਜ਼ ਨੂੰ ਜੀ. ਐੱਮ. ਐੱਸ. ਐੱਚ.-16 (ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ) ’ਚ ਤਬਦੀਲ ਕੀਤਾ ਜਾਵੇਗਾ। ਇਸ ਲਈ ਖ਼ਾਸ ਕਰਕੇ ਬਜ਼ੁਰਗਾਂ ਲਈ ਇਕ ਸਮਰਪਿਤ ਐਂਬੂਲੈਂਸ ਸੇਵਾ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਹਫ਼ਤੇ ਲਗਾਤਾਰ 3 ਸਰਕਾਰੀ ਛੁੱਟੀਆਂ, ਆ ਗਿਆ ਲੰਬਾ WEEKEND
ਬੇਸਹਾਰਾ ਅਤੇ ਗੰਭੀਰ ਮਰੀਜ਼ਾਂ ਨੂੰ ਤਰਜ਼ੀਹ
ਸਿਹਤ ਨਿਰਦੇਸ਼ਕ ਨੇ ਕਿਹਾ ਕਿ ਇਸ ਯੋਜਨਾ ’ਚ ਉਨ੍ਹਾਂ ਬਜ਼ੁਰਗਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ, ਜੋ ਇਕੱਲੇ ਰਹਿੰਦੇ ਹਨ, ਤੁਰ ਨਹੀਂ ਸਕਦੇ, ਅਪਾਹਜ ਹਨ ਜਾਂ ਬਿਸਤਰੇ ’ਤੇ ਹਨ। ਅਜਿਹੇ ਬੇਸਹਾਰਾ ਤੇ ਗੰਭੀਰ ਮਰੀਜ਼ਾਂ ਲਈ ਟੀਮ ਨਾ ਸਿਰਫ਼ ਉਨ੍ਹਾਂ ਦੀ ਸਿਹਤ ਦੀ ਨਿਯਮਤ ਤੌਰ ’ਤੇ ਜਾਂਚ ਕਰੇਗੀ, ਸਗੋਂ ਲੋੜ ਪੈਣ ’ਤੇ ਉਨ੍ਹਾਂ ਦੇ ਘਰ ਹਰ ਡਾਕਟਰੀ ਸਹੂਲਤ ਵੀ ਪ੍ਰਦਾਨ ਕਰੇਗੀ। ਇਸ ਦਾ ਮਤਲਬ ਹੈ ਕਿ ਹੁਣ ਇਨ੍ਹਾਂ ਬਜ਼ੁਰਗਾਂ ਨੂੰ ਹਸਪਤਾਲ ਜਾਣ ਦੀ ਪਰੇਸ਼ਾਨੀ ਨਹੀਂ ਹੋਵੇਗੀ, ਸਗੋਂ ਡਾਕਟਰ, ਨਰਸਾਂ, ਅਟੈਂਡੈਂਟ ਤੇ ਐਂਬੂਲੈਂਸ ਸੇਵਾਵਾਂ ਸਿੱਧੇ ਉਨ੍ਹਾਂ ਦੇ ਦਰਵਾਜ਼ੇ ’ਤੇ ਪਹੁੰਚ ਜਾਣਗੀਆਂ।
ਹਸਪਤਾਲ ’ਚ ਨਵੇਂ ਪ੍ਰਬੰਧ
ਬਜ਼ੁਰਗਾਂ ਅਤੇ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ’ਚ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਹਾਲ ਹੀ ’ਚ ਹੋਈ ਚੌਥੀ ਰੋਗੀ ਕਲਿਆਣ ਸਮਿਤੀ ਦੀ ਮੀਟਿੰਗ ’ਚ ਇਹ ਫ਼ੈਸਲਾ ਲਿਆ ਗਿਆ ਕਿ ਬਜ਼ੁਰਗਾਂ ਤੇ ਬਿਸਤਰੇ ’ਤੇ ਪਏ ਮਰੀਜ਼ਾਂ ਲਈ ਇਕ ਸਮਰਪਿਤ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਓ. ਪੀ. ਡੀ., ਗਾਇਨੀਕੋਲੋਜੀ ਵਿਭਾਗ ਅਤੇ ਐਮਰਜੈਂਸੀ ਵਾਰਡ ’ਚ ਵਿਸ਼ੇਸ਼ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ, ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਮਦਦ ਮਿਲ ਸਕੇ। ਇਸ ਦੇ ਨਾਲ ਹੀ, ਉਨ੍ਹਾਂ ਮਰੀਜ਼ਾਂ ਦੀ ਮਦਦ ਲਈ 6 ਕੇਅਰ ਅਟੈਂਡੈਂਟ ਤਾਇਨਾਤ ਕੀਤੇ ਜਾਣਗੇ, ਜੋ ਬਿਨਾਂ ਕਿਸੇ ਰਿਸ਼ਤੇਦਾਰ ਦੇ ਹਸਪਤਾਲ ਆਉਂਦੇ ਹਨ, ਜੋ ਉਨ੍ਹਾਂ ਦੇ ਇਲਾਜ ਅਤੇ ਹੋਰ ਮਹੱਤਵਪੂਰਨ ਕੰਮਾਂ ’ਚ ਮਦਦ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ, ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਲਈ ਸਿੱਧੀ ਰੇਲਗੱਡੀ ਸ਼ੁਰੂ
ਪਹਿਲੇ ਪੜਾਅ ’ਚ 80 ਫਿਰ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਜਾ ਰਿਹਾ
ਡਾ. ਸੁਮਨ ਸਿੰਘ ਨੇ ਕਿਹਾ ਕਿ ਸ਼ੁਰੂ ’ਚ ਇਸ ਯੋਜਨਾ ’ਚ ਸਿਰਫ਼ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਹੀ ਸ਼ਾਮਲ ਕੀਤਾ ਜਾ ਰਿਹਾ ਹੈ। ਪਹਿਲਾਂ ਅਸੀਂ ਇਨ੍ਹਾਂ ਬਜ਼ੁਰਗਾਂ ਦੀਆਂ ਲੋੜਾਂ ਨੂੰ ਸਮਝਾਂਗੇ, ਫਿਰ ਹੌਲੀ-ਹੌਲੀ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਿਹਤ ਵਿਭਾਗ ਦਾ ਮੰਨਣਾ ਹੈ ਕਿ ਘਰ ਜਾ ਕੇ ਸਿਹਤ ਜਾਂਚ ਕਰਨ ਨਾਲ ਬਜ਼ੁਰਗਾਂ ਦਾ ਆਤਮਵਿਸ਼ਵਾਸ ਵਧੇਗਾ। ਬਹੁਤ ਸਾਰੇ ਬਜ਼ੁਰਗ ਹਸਪਤਾਲ ਜਾਣ ਤੋਂ ਝਿਜਕਦੇ ਹਨ ਜਾਂ ਸਰੀਰਕ ਸਮੱਸਿਆਵਾਂ ਕਾਰਨ ਜਾਣ ਤੋਂ ਅਸਮਰੱਥ ਹੁੰਦੇ ਹਨ। ਅਜਿਹੀ ਸਥਿਤੀ ’ਚ ਇਹ ਪਹਿਲ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਰਾਹਤ ਦੇਵੇਗੀ। ਇਹ ਯੋਜਨਾ ਸਿਰਫ਼ ਇਲਾਜ ਪ੍ਰਦਾਨ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਬਜ਼ੁਰਗਾਂ ਨਾਲ ਇਕ ਮਨੁੱਖੀ ਸਬੰਧ ਵੀ ਬਣਾਏਗੀ। ਜਦੋਂ ਡਾਕਟਰ ਅਤੇ ਸਿਹਤ ਟੀਮ ਉਨ੍ਹਾਂ ਦੇ ਘਰਾਂ ਆਵੇਗੀ, ਉਨ੍ਹਾਂ ਦੀ ਗੱਲ ਸੁਣੇਗੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇਗੀ। ਜੇਕਰ ਇਹ ਪਾਇਲਟ ਪ੍ਰਾਜੈਕਟ ਸਫ਼ਲ ਹੁੰਦਾ ਹੈ, ਤਾਂ ਇਸ ਨੂੰ ਚੰਡੀਗੜ੍ਹ ’ਚ ਵੱਡੇ ਪੱਧਰ ’ਤੇ ਲਾਗੂ ਕੀਤਾ ਜਾਵੇਗਾ। ਭਵਿੱਖ ’ਚ ਮੋਬਾਇਲ ਸਿਹਤ ਇਕਾਈਆਂ ਅਤੇ ਟੈਲੀਮੈਡੀਸਨ ਸੇਵਾਵਾਂ ਵੀ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਤਾਂ ਜੋ ਬਜ਼ੁਰਗਾਂ ਨੂੰ ਹਸਪਤਾਲਾਂ ’ਚ ਲੰਬੀਆਂ ਕਤਾਰਾਂ ਤੋਂ ਬਚਾਇਆ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਯੁੱਧ ਨਸ਼ਿਆਂ ਵਿਰੁੱਧ': 391 ਥਾਵਾਂ 'ਤੇ ਛਾਪੇਮਾਰੀ, 68 ਨਸ਼ਾ ਸਮੱਗਲਰ ਕੀਤੇ ਕਾਬੂ
NEXT STORY