ਫ਼ਰੀਦਕੋਟ (ਰਾਜਨ) : ਫ਼ਰੀਦਕੋਟ ਦੇ ਸਾਦਿਕ ਰੋਡ ਸਥਿਤ ਜਹਾਜ਼ ਗਰਾਊਂਡ ਤੋਂ 19 ਸਾਲਾ ਨੌਜਵਾਨ ਦੀ ਲਾਸ਼ ਸ਼ੱਕੀ ਹਾਲਾਤ ’ਚ ਬਰਾਮਦ ਹੋਣ ਨਾਲ ਇਲਾਕੇ ’ਚ ਚਰਚਾ ਛਿੜ ਗਈ। ਮ੍ਰਿਤਕ ਦੀ ਪਛਾਣ ਮੁਹੱਲਾ ਤਲਾਬ ਵਾਸੀ ਦਕਸ਼ (19) ਪੁੱਤਰ ਦਵਿੰਦਰ ਪਾਲ ਵਜੋਂ ਹੋਈ ਹੈ। ਸੂਚਨਾ ਮਿਲਣ ’ਤੇ ਥਾਣਾ ਸਿਟੀ-2 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਭੇਜ ਦਿੱਤਾ। ਜਾਣਕਾਰੀ ਅਨੁਸਾਰ ਦਕਸ਼ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ ਅਤੇ ਇਨ੍ਹੀਂ ਦਿਨੀਂ ਬਾਜ਼ਾਰ ’ਚ ਰੱਖੜੀਆਂ ਦੀ ਸਟਾਲ ਲਗਾ ਕੇ ਕੰਮ ਕਰਦਾ ਸੀ। ਦੱਸਿਆ ਗਿਆ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 6:30 ਵਜੇ ਉਹ ਆਪਣੀ ਸਟਾਲ ਤੋਂ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ, ਜਿਸ ਦੌਰਾਨ ਬਾਅਦ ’ਚ ਉਸ ਦੀ ਲਾਸ਼ ਜਹਾਜ਼ ਗਰਾਊਂਡ ਤੋਂ ਬਰਾਮਦ ਹੋਈ।
ਮ੍ਰਿਤਕ ਦੇ ਪਿਤਾ ਦਵਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦੇ ਕੱਪੜੇ ਫਟੇ ਹੋਏ ਸਨ ਅਤੇ ਉਸ ਦੇ ਬੁੱਲ੍ਹ ਵੀ ਨੀਲੇ ਪਏ ਹੋਏ ਸਨ। ਇਨ੍ਹਾਂ ਹਾਲਾਤ ਦੇ ਮੱਦੇਨਜ਼ਰ ਪਰਿਵਾਰਕ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਅਤੇ ਡੂੰਘਾਈ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਅਤੇ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਇਸ ਸਬੰਧੀ ਥਾਣਾ ਸਿਟੀ-2 ਦੇ ਐੱਸ.ਐੱਚ.ਓ. ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ। ਪੁਲਸ ਵੱਲੋਂ ਮਾਮਲੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
CM ਮਾਨ ਦੀ ਪਤਨੀ ਨੇ ਸਾਬਕਾ ਜਸਟਿਸ ਰਣਜੀਤ ਸਿੰਘ ਨੂੰ ਭੇਜਿਆ ਲੀਗਲ ਨੋਟਿਸ
NEXT STORY