ਚੰਡੀਗੜ੍ਹ (ਪਾਲ) : ਸੈਕਟਰ-33 ’ਚ 37ਵਾਂ ਗੁਲਦਾਊਦੀ ਸ਼ੋਅ ਸ਼ੁਰੂ ਹੋ ਗਿਆ ਹੈ। ਪਹਿਲੀ ਵਾਰ ਕੋਈ ਮੁਕਾਬਲਾ ਨਹੀਂ ਕਰਵਾਇਆ ਜਾ ਰਿਹਾ ਤੇ ਨਾ ਹੀ ਕੋਈ ਸੱਭਿਆਚਾਰਕ ਪ੍ਰੋਗਰਾਮ। ਇਸ ਕਾਰਨ ਲੋਕ ਨਿਰਾਸ਼ ਹੋ ਗਏ। ਨੋ ਪ੍ਰੋਫਿਟ-ਨੋ ਲੌਸ ਦੀ ਤਰਜ਼ ’ਤੇ ਟੈਰੇਸ ਗਾਰਡਨ ’ਚ 15 ਦਸੰਬਰ ਤੱਕ ਚੱਲਣ ਵਾਲੇ ਪ੍ਰੋਗਰਾਮ ਦਾ ਉਦਘਾਟਨ ਮੇਅਰ ਕੁਲਦੀਪ ਕੁਮਾਰ ਨੇ ਕੀਤਾ। ਨਿਗਮ ਕਮਿਸ਼ਨਰ ਅਮਿਤ ਕੁਮਾਰ, ਕੌਂਸਲਰ ਤੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਮੇਅਰ ਨੇ ਦੱਸਿਆ ਕਿ ਨਿਗਮ ਨੇ ਜ਼ੀਰੋ ਬਜਟ ਨਾਲ ਮੇਲਾ ਕਰਵਾਇਆ ਹੈ, ਕਿਉਂਕਿ ਇਸ ’ਤੇ ਲਗਭਗ 3.5 ਲੱਖ ਖ਼ਰਚ ਕੀਤੇ ਗਏ ਹਨ। ਤਿੰਨ ਦਿਨਾਂ ਦੌਰਾਨ ਫੂਡ ਕੋਰਟ ਦੀ ਨਿਲਾਮੀ ਰਾਹੀਂ 3.35 ਲੱਖ ਦੀ ਰਕਮ ਪ੍ਰਾਪਤ ਕੀਤੀ ਹੈ।
ਫੁੱਲਾਂ ਦੀਆਂ 272 ਕਿਸਮਾਂ
ਪਹਿਲੀ ਵਾਰ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣਾ ਕੰਮ ਡਿਸਪਲੇਅ ਕਰਨ ਦਾ ਮੌਕਾ ਦਿੱਤਾ ਗਿਆ। ਲੋਕਾਂ ਨੂੰ ਸਰਦੀਆਂ ਦੇ ਮੌਸਮ ’ਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਦੇ ਪਕਵਾਨ ਵੀ ਪਰੋਸੇ ਜਾ ਰਹੇ ਹਨ। ਫੁੱਲਾਂ ਦੀਆਂ 272 ਕਿਸਮਾਂ ਰੱਖੀਆਂ ਗਈਆਂ ਹਨ। ਸ਼ੋਅ ਨੂੰ ਯਾਦਗਾਰ ਬਣਾਉਣ ਲਈ ਬੱਚਿਆਂ ਲਈ ਸੈਲਫੀ ਪੁਆਇੰਟ ਤੇ ਕਈ ਪੁਤਲੇ ਬਣਾਏ ਗਏ ਹਨ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਆਰਥਿਕ ਸਥਿਤੀ ਨੂੰ ਬੇਹਤਰ ਕਰਨਾ ਹੈ, ਇਸ ਲਈ ਪ੍ਰੋਗਰਾਮ ’ਚ ਕਟੌਤੀ ਕੀਤੀ ਹੈ। ਉਮੀਦ ਹੈ ਕਿ ਸ਼ਹਿਰ ਵਾਸੀ ਸਾਥ ਦੇਣਗੇ।
ਸਟਾਲ ਲਾ ਕੇ ਕੀਤੀ ਕਮਾਈ
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਅਨੁਸਾਰ ਨਿਗਮ ਦੀ ਵਿੱਤੀ ਹਾਲਤ ਖ਼ਰਾਬ ਹੈ। ਇਸ ਕਾਰਨ ਕੁਝ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਰੋਕ ਦਿੱਤਾ ਗਿਆ ਹੈ। ਲੋਕਾਂ ਨੂੰ ਵੱਖ-ਵੱਖ ਖੇਤਰਾਂ ਦੇ ਪਕਵਾਨਾਂ ਦਾ ਸਵਾਦ ਦੇਣ ਲਈ ਸਟਾਲ ਲਾਏ ਗਏ ਹਨ, ਜਿਸ ਨਾਲ ਕਰੀਬ ਸਾਢੇ ਤਿੰਨ ਲੱਖ ਰੁਪਏ ਦੀ ਕਮਾਈ ਕੀਤੀ ਹੈ। ਇਸ ’ਚੋਂ ਸਿਰਫ਼ ਤਿੰਨ ਲੱਖ ਰੁਪਏ ਨਾਲ ਸਾਰਾ ਸ਼ੋਅ ਕਰਵਾਇਆ ਜਾ ਰਿਹਾ ਹੈ। ਵਿੱਤੀ ਸਥਿਤੀ ਨੂੰ ਸਮਝਦਿਆਂ ਲੋਕ ਮੇਲੇ ਦਾ ਆਨੰਦ ਲੈਣਗੇ। ਖ਼ਰੀਦਦਾਰੀ ਲਈ 15 ਤੋਂ ਵੱਧ ਸਟਾਲ ਲਾਏ ਗਏ ਹਨ, ਜਿੱਥੇ ਕਈ ਤਰ੍ਹਾਂ ਦੀਆਂ ਘਰੇਲੂ ਚੀਜ਼ਾਂ ਹਨ। ਇਹ ਸਾਮਾਨ ਸਵੈ-ਸਹਾਇਤਾ ਗੁਰੱਪਾਂ ਵੱਲੋਂ ਤਿਆਰ ਕੀਤੇ ਗਏ ਹਨ। ਨਗਰ ਨਿਗਮ ਦੇ ਸਵੈ-ਸਹਾਇਤਾ ਗਰੁੱਪ ਮੋਮਬੱਤੀਆਂ ਤੇ ਅਗਰਬੱਤੀਆਂ ਬਣਾਉਣ ਤੋਂ ਲੈ ਕੇ ਊਨੀ ਕੱਪੜੇ ਬੁਣਨ ਤੇ ਔਰਤਾਂ ਦੇ ਸ਼ਿੰਗਾਰ ’ਚ ਵਰਤੇ ਜਾਣ ਵਾਲੇ ਸਾਮਾਨ ਨੂੰ ਤਿਆਰ ਕਰਦੇ ਹਨ।
ਪੰਜਾਬ ਪੁਲਸ ਦੇ ਮੁਲਾਜ਼ਮ 'ਤੇ ਹਮਲਾ, ਲੱਥੀ ਪੱਗ! ਪਿਓ-ਪੁੱਤ ਕਾਬੂ
NEXT STORY