ਗੁਰਦਾਸਪੁਰ (ਦੀਪਕ) : ਡੀ. ਪੀ ਰੈਡੀ ਵਧੀਕ ਮੁੱਖ ਸਕੱਤਰ ਸਹਿਕਾਰਤਾ ਤੇ ਰਾਜ ਕਮਲ ਚੌਧਰੀ ਡਵੀਜ਼ਨਲ ਕਮਿਸ਼ਨਰ ਜਲੰਧਰ ਵਲੋਂ ਗੁਰਦਾਸਪੁਰ ਵਿਖੇ 5 ਅਪ੍ਰੈਲ ਨੂੰ ਹੋ ਰਹੇ ਰਾਜ ਪੱਧਰੀ ਕਰਜ਼ਾ ਮੁਆਫੀ ਸਮਾਰੋਹ ਸਬੰਧੀ ਕੀਤੇ ਜਾਣ ਵਾਲੇ ਸਮਾਗਮ ਦਾ ਜਾਇਜ਼ਾ ਲਿਆ ਗਿਆ ਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐੱਸ. ਕੇ ਬਾਸ਼ਤ ਐੱਮ. ਡੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ, ਪੰਜਾਬ, ਸ੍ਰੀ ਹਰਿੰਦਰ ਸਿੰਘ ਸਿੱਧੂ ਐਡੀਸ਼ਨਲ ਰਜਿਸਟਰਾਰ, ਸ੍ਰੀ ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ, ਸ੍ਰੀ ਹਰਚਰਨ ਸਿੰਘ ਭੁੱਲਰ ਐੱਸ. ਐੱਸ. ਪੀ ਗੁਰਦਾਸਪੁਰ ਤੇ ਜੁਆਇੰਟ ਰਜਿਸਟਾਰਾਰ ਆਰ. ਐੱਸ ਮਾਨ ਵੀ ਮੌਜੂਦ ਸਨ। ਇਸ ਰਾਜ ਪੱਧਰੀ ਸਮਾਗਮ ਲਈ ਸਕੱਤਰ ਸਿੰਘ ਬੱਲ ਐੱਸ. ਡੀ. ਐੱਮ ਗੁਰਦਾਸਪੁਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਸਥਾਨਕ ਪੰਚਾਇਤ ਭਵਨ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਧੀਕ ਮੁੱਖ ਸਕੱਤਰ ਰੈਡੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਗੁਰਦਾਸਪੁਰ ਤੇ ਪੰਜ ਜ਼ਿਲੇ ਸ੍ਰੀ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਸਰਟੀਫਿਕੇਟ ਦੇਣਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ 6 ਜ਼ਿਲਿਆਂ ਦੇ ਕਰੀਬ 30 ਹਜ਼ਾਰ ਲਾਭਪਾਤਰੀ ਸ਼ਾਮਲ ਹੋਣਗੇ ਤੇ ਕਰੀਬ 170 ਕਰੋੜ ਰੁਪਏ ਦੀ ਰਾਸ਼ੀ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ। ਗੁਰਦਾਸਪੁਰ ਤੇ ਪੰਜ ਹੋਰ ਜ਼ਿਲਿਆਂ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤਕ ਦਾ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੰਡੇ ਜਾਣਗੇ।
ਡਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੂਰੀ ਮਿਹਨਤ ਤੇ ਲਗਨ ਨਾਲ ਸਮਾਗਮ ਨੂੰ ਸਫਲ ਬਣਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਣ ਲਈ ਕੋਈ ਢਿੱਲਮੱਠ ਨਾ ਕੀਤੀ ਜਾਵੇ। ਮੀਟਿੰਗ ਦੀ ਸ਼ੁਰੂਆਤ ਵਿਚ ਡਿਪਟੀ ਕਮਿਸ਼ਨਰ ਸਿੱਧੂ ਨੇ ਵਧੀਕ ਮੁੱਖ ਸਕੱਤਰ ਅਤੇ ਡਵੀਜ਼ਨਲ ਕਮਿਸ਼ਨਰ ਜਲੰਧਰ ਦਾ ਸਵਾਗਤ ਕਰਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਸਮਾਗਮ ਸਬੰਧੀ ਸਾਰੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਸਮਾਗਮ ਦੀ ਸਫਲਤਾ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ ਜੋ ਆਪਣੇ ਨਾਲ ਸੰਬਧਿਤ ਕੰਮ ਨੂੰ ਪੂਰਾ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਮੂਹਿਕ ਸਹਿਯੋਗ ਤੇ ਮਿਹਨਤ ਨਾਲ ਇਸ ਰਾਜ ਪੱਧਰੀ ਸਮਾਗਮ ਨੂੰ ਸਫਲਤਾ ਪੂਰਵਕ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆ ਐੱਸ. ਐੱਸ. ਪੀ ਭੁੱਲਰ ਨੇ ਦੱਸਿਆ ਕਿ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਟ੍ਰੈਫਿਕ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ 5 ਅਪ੍ਰੈਲ ਨੂੰ ਆਵਾਜਾਈ ਨਾਲ ਸਬੰਧਿਤ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਮੀਟਿੰਗ ਉਪਰੰਤ ਵਧੀਕ ਮੁੱਖ ਸਕਤੱਰ ਸ੍ਰੀ ਰੈਡੀ ਵਲੋਂ ਸਥਾਨਕ ਪੁਡਾ ਗਰਾਊਂਡ ਨੇੜੇ ਮੈਰੀਟੋਰੀਅਸ ਸਕੂਲ ਜਿਥੇ ਸਮਾਗਮ ਹੋ ਰਿਹਾ ਹੈ ਵਿਖੇ ਗਏ ਅਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਰੈਡੀ ਪੰਚਾਇਤ ਭਵਨ ਵਿਖੇ ਪੁਹੰਚਣ 'ਤੇ ਪੁਲਿਸ ਵਲੋਂ 'ਗਾਰਡ ਆਫ ਆਨਰ ' ਦਿੱਤਾ ਗਿਆ।
ਨਜਾਇਜ਼ ਮਾਈਨਿੰਗ ਦੌਰਾਨ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ
NEXT STORY