ਗੁਰਦਾਸਪੁਰ (ਬੇਰੀ, ਜ. ਬ.) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਜ਼ਿਲਾ ਗੁਰਦਾਸਪੁਰ ਦਾ ਉਹ ਖੂਬਸੂਰਤ ਸਰਕਾਰੀ ਸਕੂਲ ਹੈ, ਜਿਸ ਤੋਂ ਪ੍ਰੇਰਣਾ ਲੈ ਕੇ ਜ਼ਿਲੇ ਦੇ ਹੋਰ ਸਰਕਾਰੀ ਸਕੂਲਾਂ ਦਾ ਵੀ ਮੁਹਾਂਦਰਾ ਬਦਲਿਆ ਹੈ। ਅੰਮ੍ਰਿਤਸਰ-ਪਠਾਨਕੋਟ ਕੌਮੀ ਸ਼ਾਹਰਾਹ 'ਤੇ ਸਥਿਤ ਇਸ ਸਕੂਲ ਦੀ ਇਮਾਰਤ ਏਨੀ ਖੂਬਸੂਰਤ ਹੈ ਕਿ ਇਹ ਹਾਈਵੇ ਤੋਂ ਲੰਘਦੇ ਹਰ ਰਾਹਗੀਰ ਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ ਹੈ। ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਇਸ ਸਕੂਲ 'ਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਮਾਧਿਅਮ 'ਚ ਪੜ੍ਹਾਈ ਕਰਵਾਈ ਜਾ ਰਹੀ ਹੈ। ਸ਼ੇਖੂਪੁਰ ਸਕੂਲ ਬੁਨਿਆਦੀ ਢਾਂਚੇ ਦੇ ਵਿਕਾਸ 'ਚ ਜ਼ਿਲਾ ਗੁਰਦਾਸਪੁਰ 'ਚੋਂ ਸਭ ਤੋਂ ਮੋਹਰੀ ਰਿਹਾ ਹੈ ਅਤੇ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਇਸ ਸਕੂਲ ਨੂੰ ਬੈਸਟ ਸਕੂਲ ਐਵਾਰਡ ਦਿੰਦਿਆਂ ਇਕ ਲੱਖ ਰੁਪਏ ਦੀ ਰਾਸ਼ੀ ਅਤੇ ਪ੍ਰਸ਼ੰਸਾ ਪੱਤਰ ਦੇ ਚੁੱਕੇ ਹਨ।
10ਵੀਂ ਦੀ ਵਿਦਿਆਰਥਣ ਕਿਰਨਦੀਪ ਰਹੀ ਸੀ ਸੂਬੇ 'ਚੋਂ ਅੱਵਲ
ਸਕੂਲ ਪ੍ਰਿੰ. ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੇ ਸਕੂਲ ਨੂੰ ਸਮਾਰਟ ਸਕੂਲ ਦਾ ਦਰਜਾ ਦਿੱਤਾ ਗਿਆ ਹੈ, ਜਿਸ ਤਹਿਤ ਹੁਣ ਇਸ ਸਕੂਲ ਵਿਚ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਾਈ ਕਰਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਕੂਲ 'ਚ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਉੱਚ ਸਿੱਖਿਅਤ ਅਤੇ ਤਜ਼ਰਬੇਕਾਰ ਅਧਿਆਪਕ ਤਾਇਨਾਤ ਹਨ। ਸਕੂਲ 'ਚ ਸਿੱਖਿਆ ਦਾ ਪੱਧਰ ਏਨਾ ਵਧੀਆ ਹੈ ਕਿ ਪਿਛਲੇ ਸਾਲ ਸਕੂਲ ਦੀ 10ਵੀਂ ਜਮਾਤ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਬੋਰਡ ਦੀ ਪ੍ਰੀਖਿਆ 'ਚੋਂ ਸੂਬੇ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਸਕੂਲ 'ਚ 6ਵੀਂ ਤੋਂ 12ਵੀਂ ਜਮਾਤ ਤੱਕ 751 ਵਿਦਿਆਰਥੀ ਪੜ੍ਹ ਰਹੇ ਹਨ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀ ਹਰ ਖੇਤਰ 'ਚ ਮੱਲਾਂ ਮਾਰ ਰਹੇ ਹਨ।
ਵਿਦਿਆਰਥੀ ਸੂਬਾ ਪੱਧਰ 'ਤੇ ਮਾਰ ਚੁੱਕੇ ਨੇ ਮੱਲਾਂ
ਪ੍ਰਿੰਸੀਪਲ ਸੰਧੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦਾ ਰਾਜ ਪੱਧਰੀ ਕੁਇੱਜ਼ ਅਤੇ ਸਾਇੰਸ ਮੁਕਾਬਲਿਆਂ 'ਚ ਅੱਵਲ ਰਹਿਣਾ ਅਤੇ ਕੌਮੀ ਪੱਧਰ 'ਤੇ ਭਾਗ ਲੈਣਾ ਮਾਣ ਵਾਲੀ ਗੱਲ ਹੈ। ਇਸ ਤੋਂ ਇਲਾਵਾ ਹਰ ਸਾਲ ਵੱਡੀ ਗਿਣਤੀ 'ਚ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ 'ਚ ਵੀ ਦਾਖਲਾ ਲੈਣ ਵਿਚ ਕਾਮਯਾਬ ਰਹਿੰਦੇ ਹਨ। ਖੇਡਾਂ ਅਤੇ ਸੱਭਿਆਚਾਰਕ ਮੁਕਾਬਲਿਆਂ 'ਚ ਵੀ ਇਸ ਸਕੂਲ ਦੇ ਵਿਦਿਆਰਥੀ ਸੂਬਾ ਪੱਧਰ 'ਤੇ ਮੱਲਾਂ ਮਾਰ ਚੁੱਕੇ ਹਨ।
ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ਹਰ ਪੱਖੋਂ ਮੋਹਰੀ
ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਦੀ ਇਸ ਸਕੂਲ ਨੂੰ ਬੁਲੰਦੀਆਂ ਤੱਕ ਲਿਜਾਣ 'ਚ ਅਹਿਮ ਭੂਮਿਕਾ ਹੈ। ਉਨ੍ਹਾਂ ਆਪਣੇ ਸਾਥੀ ਅਧਿਆਪਕਾਂ ਅਤੇ ਸਮਾਜ ਸੇਵੀ ਵਿਅਕਤੀਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਕਾਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ। ਸਕੂਲ ਦੇ ਸਾਰੇ ਕਲਾਸ ਰੂਮ ਬਹੁਤ ਖੂਬਸੂਰਤ ਹਨ ਅਤੇ ਸਕੂਲ 'ਚ ਬੱਚਿਆਂ ਲਈ ਖੇਡ ਮੈਦਾਨ ਅਤੇ ਸੁੰਦਰ ਬਗੀਚੇ ਵੀ ਬਣਾਏ ਗਏ ਹਨ। ਵਿਦਿਆਰਥੀਆਂ ਨੂੰ ਈ-ਕਲਾਸ ਰੂਮਜ਼ 'ਚ ਈ-ਕੰਨਟੈਂਟ ਜ਼ਰੀਏ ਪੜ੍ਹਾਈ ਕਰਾਈ ਜਾ ਰਹੀ ਹੈ। ਅਧਿਆਪਕਾਂ ਦੀ ਮਿਹਨਤ ਸਦਕਾ ਇਹ ਸਕੂਲ ਹਰ ਪੱਖ ਤੋਂ ਮੋਹਰੀ ਹੈ ਅਤੇ ਕਿਸੇ ਵੀ ਮਹਿੰਗੇ ਤੋਂ ਮਹਿੰਗੇ ਨਿੱਜੀ ਸਕੂਲ ਨੂੰ ਮਾਤ ਪਾਉਂਦਾ ਹੈ।
ਮੰਤਰੀ ਬਾਜਵਾ ਨੇ ਸਕੂਲ ਸਟਾਫ ਅਤੇ ਪਿੰਡ ਵਾਸੀਆਂ ਨੂੰ ਦਿੱਤੀ ਸ਼ਾਬਾਸ਼
ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ 'ਚ ਪੈਂਦੇ ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦੀ ਕਾਰਗੁਜ਼ਾਰੀ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਬਹੁਤ ਪ੍ਰਭਾਵਿਤ ਹਨ ਅਤੇ ਉਨ੍ਹਾਂ ਸਕੂਲ ਦੀ ਇਸ ਕਾਮਯਾਬੀ ਲਈ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਸ਼ੇਖੂਪੁਰ ਸਕੂਲ ਇਲਾਕੇ ਦੇ ਬੱਚਿਆਂ ਨੂੰ ਗਿਆਨ ਦਾ ਉਹ ਚਾਨਣ ਵੰਡ ਰਿਹਾ ਹੈ, ਜਿਸ ਰਾਹੀਂ ਵਿਦਿਆਰਥੀ ਅਕਾਦਮਿਕ ਅਤੇ ਹੋਰ ਖੇਤਰਾਂ 'ਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ 'ਚ ਕੀਤੇ ਜਾ ਰਹੇ ਸੁਧਾਰਾਂ ਦੀ ਸ਼ੇਖੂਪੁਰ ਦਾ ਇਹ ਸਕੂਲ ਮਿਸਾਲ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ 'ਚ ਕੋਈ ਕਸਰ ਨਹੀਂ ਛੱਡੇਗੀ।
ਚਮਕੌਰ ਸਾਹਿਬ 'ਚ 'ਸਕਿੱਲ ਯੂਨੀਵਰਸਿਟੀ' ਬਣਾਉਣ ਦਾ ਕੰਮ ਅਜੇ ਤੱਕ ਅਧੂਰਾ
NEXT STORY